ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕੋਰੋਨਾ ਵਾਇਰਸ ਤੋਂ ਮੁਕਤ ਹੋਏ ਪਠਲਾਵਾ ਦੇ ਨੌਜੁਆਨ ਫ਼ਤਹਿ ਸਿੰਘ (35) ਨੇ ਅੱਜ ਪਹਿਲੀ ਵਾਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਅਪੀਲ ਕੀਤੀ ਹੈ ਕਿ ਕੋਵਿਡ-19 ਦਾ ਮੁਕਾਬਲਾ ਘਰਾਂ ਵਿੱਚ ਰਹਿ ਕੇ, ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਕੇ ਅਤੇ ਆਪਣੀ ਅੰਦਰੂਨੀ ਦ੍ਰਿੜ ਇੱਛਾ ਸ਼ਕਤੀ ਨਾਲ ਕੀਤਾ ਜਾਵੇ।
ਉਸਨੇ ਕਿਹਾ ਕਿ ਉਹ ਜਦੋਂ ਤੋਂ ਸਿਵਲ ਹਸਪਤਾਲ ਨਵਾਂਸ਼ਹਿਰ ਆਪਣੇ ਪਰਿਵਾਰ ਸਮੇਤ ਇਲਾਜ ਲਈ ਆਏ ਹਨ, ਉਦੋਂ ਤੋਂ ਹੀ ਮੈਡੀਕਲ ਟੀਮ ਵਲੋਂ ਕੀਤੀ ਸਾਂਭ-ਸੰਭਾਲ ਅਤੇ ਦਿੱਤੀ ਲੋੜੀਂਦੀ ਦਵਾਈ ਅਤੇ ਪੌਸ਼ਟਿਕ ਅਹਾਰ ਲੈ ਰਹੇ ਹਨ ਅਤੇ ਡਾਕਟਰਾਂ ਦੀ ਸਾਂਭ-ਸੰਭਾਲ ਦਾ ਹੀ ਨਤੀਜਾ ਹੈ ਕਿ ਉਸਨੂੰ ਦੂਸਰੀ ਵਾਰ ਕੀਤੇ ਟੈਸਟ ਵਿੱਚ ਨੈਗਟਿਵ ਆਉਣ ਤੋਂ ਬਾਅਦ ਬਿਮਾਰੀ ਤੋਂ ਮੁਕਤ ਐਲਾਨਿਆ ਗਿਆ ਹੈ।
ਫ਼ਤਹਿ ਸਿੰਘ ਜੋ ਕਿ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀੜਤ ਸਵ. ਬਲਦੇਵ ਸਿੰਘ ਪਠਲਾਵਾ ਦਾ ਪੁੱਤਰ ਹੈ, ਨੇ ਸਿਵਲ ਹਸਪਤਾਲ ਨਵਾਂਸ਼ਹਿਰ 'ਚੋਂ ਮਿਲੇ ਇਲਾਜ 'ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਲਾਜ ਦੇ ਨਾਲ ਨਾਲ ਅੰਦਰੂਨੀ ਇੱਛਾ ਸ਼ਕਤੀ ਦਾ ਮਜ਼ਬੂਤ ਹੋਣਾ ਵੀ ਇਸ ਬਿਮਾਰੀ ਦਾ ਟਾਕਰਾ ਕਰਨ ਵਿੱਚ ਮਦਦ ਕਰਦਾ ਹੈ।
ਉਸ ਨੇ ਇਸ ਗੱਲ 'ਤੇ ਵੀ ਖੁਸ਼ੀ ਪ੍ਰਗਟਾਈ ਕਿ ਉਸ ਦਾ ਬਾਕੀ ਪਰਿਵਾਰ ਵੀ ਸਿਹਤਯਾਬ ਹੋ ਰਿਹਾ ਹੈ ਅਤੇ ਉਹ ਇਕੱਠੇ ਘਰ ਜਾਣਗੇ। ਫ਼ਤਹਿ ਸਿੰਘ ਨੇ ਦੱਸਿਆ ਕਿ ਜਿਸ ਦਿਨ ਉਹ ਸਿਵਲ ਹਸਪਤਾਲ ਨਵਾਂਸ਼ਹਿਰ 'ਚ ਆਏ ਸਨ, ਉਸ ਦਿਨ ਤੋਂ ਹੀ ਉਨ੍ਹਾਂ ਨੂੰ ਪ੍ਰਮਾਤਮਾ 'ਤੇ ਆਪਣੇ ਸਾਰੇ ਜੀਆਂ ਦੇ ਤੰਦਰੁਸਤ ਹੋਣ ਦਾ ਵਿਸ਼ਵਾਸ ਸੀ ਤੇ ਅੱਜ ਉਸ ਵਿਸ਼ਵਾਸ ਨੂੰ ਵੀ ਬਲ ਮਿਲਿਆ ਹੈ।
ਠੀਕ ਹੋਣ ਬਾਅਦ ਸਿਵਲ ਹਸਪਤਾਲ ਦੇ ਕੁਆਰੰਟੀਨ ਵਾਰਡ 'ਚ ਗੱਲਬਾਤ ਕਰਦਿਆਂ ਫਤਹਿ ਸਿੰਘ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਵਾਇਰਸ ਤੋਂ ਘਬਰਾਉਣ ਦੀ ਬਜਾਏ ਸਿਹਤ ਵਿਭਾਗ ਵੱਲੋਂ ਦੱਸੀਆ ਸਾਵਧਾਨੀਆਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ, ਕਰਫ਼ਿਊ ਦੌਰਾਨ ਘਰਾਂ 'ਚ ਟਿਕ ਕੇ ਰਹਿਣ, ਆਪਣੇ ਹੱਥਾਂ ਨੂੰ ਸਾਬਣ ਨਾਲ ਜਾਂ ਸੈਨੀਟਾਇਜ਼ਰ ਨਾਲ ਵਾਰ ਵਾਰ ਧੋਣ, ਬਹੁਤ ਹੀ ਮਜ਼ਬੂਰੀ ਦੀ ਹਾਲਤ 'ਚ ਬਾਹਰ ਨਿਕਲਣ 'ਤੇ ਮੂੰਹ 'ਤੇ ਮਾਸਕ ਲਾਉਣ ਅਤੇ ਦੂਸਰੇ ਵਿਅਕਤੀ ਤੋਂ ਘੱਟੋ ਘੱਟ ਡੇਢ ਮੀਟਰ ਦੀ ਦੂਰੀ ਰੱਖਣ 'ਤੇ ਭੀੜ ਵਿੱਚ ਬਿਲਕੁਲ ਵੀ ਨਾ ਜਾਣ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਫਤਿਹ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਠਲਾਵਾ ਨੂੰ 20 ਮਾਰਚ ਨੂੰ ਕੋਵਿਡ -19 ਪਾਜ਼ਿਟਿਵ ਵਜੋਂ ਪਛਾਣਿਆ ਗਿਆ ਸੀ ਅਤੇ ਨਵਾਂਸ਼ਹਿਰ ਵਿਖੇ ਜ਼ਿਲਾ ਹਸਪਤਾਲ ਦੇ ਕੁਅਰੰਟਾਈਨ ਵਾਰਡ ਵਿਚ ਰੱਖਿਆ ਗਿਆ ਸੀ।
ਉਸ ਨੂੰ 4 ਅਪ੍ਰੈਲ ਵਾਲੇ ਦਿਨ ਕੋਵਿਡ -19 ਲਈ ਨੈਗੇਟਿਵ ਪਾਇਆ ਗਿਆ ਸੀ ਅਤੇ ਫਿਰ 5 ਅਪ੍ਰੈਲ ਨੂੰ ਦੂਜੀ ਵਾਰ ਕੀਤੇ ਟੈਸਟ ਵਿਚ ਵੀ ਨੈਗੇਟਿਵ ਪਾਇਆ ਗਿਆ।ਅੱਜ ਉਸ ਨੂੰ ਆਈਸੋਲੇਸ਼ਨ ਵਾਰਡ ਵਿਚੋਂ ਬਾਹਰ ਭੇਜ ਦਿੱਤਾ ਗਿਆ ਹੈ। ਹੁਣ ਬਹੁਤ ਜਲਦ ਉਸਨੂੰ ਛੁੱਟੀ ਦੇ ਦਿੱਤੀ ਜਾਵੇਗੀ।
Îਕਿਸੇ ਵਿਅਕਤੀ ਦੇ ਨੈਗਿਟਿਵ ਪਾਏ ਜਾਣ ਤੋਂ ਇੱਕ ਦਿਨ ਬਾਅਦ ਲਏ ਗਏ ਦੋ ਨਮੂਨਿਆਂ ਤੋ ਬਾਅਦ ਹੀ ਉਸਨੂੰ ਤੰਦਰੁਸਤ ਘੋਸ਼ਿਤ ਕੀਤਾ ਜਾਂਦਾ ਹੈ। ਅਜਿਹੇ ਵਿਅਕਤੀ ਹੁਣ ਕਿਸੇ ਹੋਰ ਨੂੰ ਸੰਕਰਮਿਤ ਨਹੀਂ ਕਰਦੇ। ਇਹ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਲਾਜ਼ ਕੀਤੇ ਗਏ ਵਿਅਕਤੀਆਂ ਦਾ ਲੋਕਾਂ ਵਲੋਂ ਵਾਪਸ ਸਵਾਗਤ ਕੀਤਾ ਜਾਵੇ।
#COVID_SURVIVOR_SPEAKS
— Government of Punjab (@PunjabGovtIndia) April 6, 2020
Fateh Singh son of Baldev Singh and resident of Pathlawa, had been diagnosed as Covid-19 Positive on 20th March and housed in the Isolation Ward of the District Hospital at Nawanshahar.
...(1/2) pic.twitter.com/V4NUf3amzA
.