ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹਾ ਹੈ ਕਿ ਜੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਬਾਰੇ ਕੇਂਦਰ ਸਰਕਾਰ ਕੋਈ ਫ਼ੈਸਲਾ ਲੈਣ ਤੋਂ ਅਸਮਰੱਥ ਰਹਿੰਦੀ ਹੈ, ਤਾਂ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਠੋਸ ਯੋਜਨਾ ਉਲੀਕੀ ਜਾਵੇਗੀ। ਇੱਥੇ ਵਰਨਣਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ।
ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਸਬੰਧੀ ਇੱਕ ਪਟੀਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਲ 2012 `ਚ ਰਾਸ਼ਟਰਪਤੀ ਸਾਹਵੇਂ ਪੇਸ਼ ਕੀਤੀ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ,‘‘ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਸਾਂਝੇ ਵਫ਼ਦ ਨੂੰ ਭਰੋਸਾ ਦਿਵਾਇਆ ਹੈ ਕਿ ਇਹ ਮਾਮਲਾ ਛੇਤੀ ਹੱਲ ਕਰ ਲਿਆ ਜਾਵੇਗਾ।``
ਇਸ ਮਾਮਲੇ ਦਾ ਇੱਕ ਦਿਲਚਸਪ ਪੱਖ ਇਹ ਵੀ ਹੈ ਕਿ ਰਾਜੋਆਣਾ ਨੇ ਪਿੱਛੇ ਜਿਹੇ ਪਟਿਆਲਾ ਜੇਲ੍ਹ ਦੇ ਸੁਪਰਇਨਟੈਂਡੈਂਟ ਨੂੰ ਇੱਕ ਚਿੱਠੀ ਲਿਖ ਕੇ ਇਹ ਆਖਿਆ ਸੀ ਕਿ ਰਾਸ਼ਟਰਪਤੀ ਸਾਹਵੇਂ ਪਟੀਸ਼ਨ ਦਾਖ਼ਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ। ਉਨ੍ਹਾਂ ਕਿਹਾ ਸੀ ਕਿ ਕੇਂਦਰ ਜਾਂ ਤਾਂ ਉਸ ਪਟੀਸ਼ਨ `ਤੇ ਕੋਈ ਫ਼ੈਸਲਾ ਲਵੇ ਜਾਂ ਸ਼੍ਰੋਮਣੀ ਕਮੇਟੀ ਉਸ ਨੁੰ ਵਾਪਸ ਲੈ ਲਵੇ।
ਰਾਜੋਆਣਾ ਨੇ ਪਟਿਆਲਾ ਜੇਲ੍ਹ `ਚ ਬੀਤੀ 16 ਜੁਲਾਈ ਨੂੰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਦੋ ਦਿਨਾਂ ਬਾਅਦ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦਾ ਸਾਂਝਾ ਵਫ਼ਦ ਰਾਜਨਾਥ ਸਿੰਘ ਹੁਰਾਂ ਨੂੰ ਜਾ ਕੇ ਮਿਲਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਨੇ ਜਦੋਂ ਇਸ ਮੀਟਿੰਗ ਬਾਰੇ ਰਾਜੋਆਣਾ ਹੁਰਾਂ ਨੂੰ ਦੱਸਿਆ ਸੀ, ਉਨ੍ਹਾਂ ਸਨਿੱਚਰਵਾਰ ਨੂੰ ਆਪਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ।