ਸੁਲਤਾਨਵਿੰਡ ਰੋਡ 'ਤੇ ਕੋਠੀ ਚ 194 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਣ ਦੇ ਮਾਮਲੇ ਵਿਚ ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮਨਦੀਪ ਸਿੰਘ ਬੱਬੀ ਨੇ ਕਿਹਾ ਕਿ ਇਸ ਹਾਈ ਪ੍ਰੋਫਾਈਲ ਮਾਮਲੇ ਵਿਚ ਅਕਾਲੀ ਆਗੂ ਅਨਵਰ ਮਸੀਹ ਹੀ ਕਰਤਾ-ਧਰਤਾ ਹਨ। ਇਹ ਸਾਰਾ ਕਾਰੋਬਾਰ ਅਨਵਰ ਮਸੀਹ ਦੀ ਕੋਠੀ ਚ ਚਲ ਰਿਹਾ ਸੀ। ਅਨਵਰ ਮਸੀਹ ਅਤੇ ਉਸ ਦਾ ਪੁੱਤਰ ਅਕਸਰ ਕੋਠੀ ਚ ਆਉਂਦੇ ਜਾਂਦੇ ਸਨ। ਹੁਣ ਭਾਵੇਂ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਇਹ ਕੋਠੀ ਕਿਰਾਏ 'ਤੇ ਲਈ ਸੀ, ਸੱਚਾਈ ਇਹ ਹੈ ਕਿ ਇਹ ਸਾਰਾ ਕਾਲਾ ਧੰਦਾ ਅਨਵਰ ਮਸੀਹ ਅਤੇ ਉਸਦੇ ਪੁੱਤਰ ਦੀ ਹਮਾਇਤ ਨਾਲ ਚੱਲ ਰਿਹਾ ਸੀ।
ਮਨਦੀਪ ਸਿੰਘ ਬੱਬੀ ਅੱਜ ਸੁਲਤਾਨਵਿੰਡ ਰੋਡ 'ਤੇ ਇਸ ਕੋਠੀ ’ਤੇ ਪਹੁੰਚੇ। ਆਸ ਪਾਸ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੋਵੇਂ ਪਿਤਾ ਅਤੇ ਪੁੱਤਰ ਅਕਸਰ ਇੱਥੇ ਆਉਂਦੇ ਰਹਿੰਦੇ ਸਨ।
ਮਨਦੀਪ ਬੱਬੀ ਨੇ ਦੱਸਿਆ ਕਿ ਕੋਠੀ ਦੇ ਪਿਛਲੇ ਪਾਸੇ ਇਕ ਫੈਕਟਰੀ ਸੀ, ਜਿਥੇ ਕੋਠੀ ਦੇ ਅੰਦਰ ਜਾਣ ਲਈ ਰਸਤਾ ਸੀ। ਸਾਰਾ ਸਮਾਨ ਫੈਕਟਰੀ ਵਿਚਲੇ ਗੁਦਾਮ ਚ ਪਿਆ ਹੁੰਦਾ ਸੀ। ਫੈਕਟਰੀ ਚ ਵੱਡੇ ਮਿਕਸਰ ਸਨ, ਜਿਸ ਚ ਨਸ਼ੀਲੇ ਪਦਾਰਥ ਅਤੇ ਰਸਾਇਣ ਇਕੱਠੇ ਮਿਲਾ ਕੇ ਤਿਆਰ ਕੀਤੇ ਜਾਂਦੇ ਸਨ। ਇਥੇ ਨਸ਼ਾ ਤਿਆਰ ਕਰਨ ਲਈ ਅੱਗ ਬਾਲਣ ਦਾ ਪੂਰਾ ਪ੍ਰਬੰਧ ਕੀਤਾ ਗਿਆ ਸੀ। ਹੋਰ ਤਾਂ ਹੋਰ ਸੈਂਟ ਅਤੇ ਅਤਰ ਦੀ ਵਰਤੋਂ ਨਾਲ ਬਦਬੂ ਦੂਰ ਕਰਨ ਲਈ ਕੀਤੀ ਜਾਂਦੀ ਸੀ।
ਮਨਦੀਪ ਸਿੰਘ ਬੱਬੀ ਨੇ ਕਿਹਾ ਕਿ ਐਸਟੀਐਫ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਤੇ ਜੇਕਰ ਐਸਟੀਐਫ ਅਧਿਕਾਰੀ ਅਨਵਰ ਮਸੀਹ ਅਤੇ ਉਸ ਦੇ ਬੇਟੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਦੇ ਕਾਲ ਲੋਕੇਸ਼ਨ ਅਤੇ ਕਾਲ ਵੇਰਵਿਆਂ ਦੀ ਜਾਂਚ ਕੀਤੀ ਕੱਢੀ ਜਾਣੀ ਚਾਹੀਦੀ ਹੈ ਕਿਉਂਕਿ ਅਨਵਰ ਮਸੀਹ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਹਨ। ਉਸਦੇ ਝੂਠ ਨੂੰ ਫੜਨ ਦਾ ਇਹ ਇਕੋ ਇਕ ਰਸਤਾ ਹੈ।
ਬੱਬੀ ਨੇ ਕਿਹਾ ਕਿ ਕੋਠੀ ਨੇੜੇ ਇਕ ਸਰਕਾਰੀ ਪਾਰਕ ਹੈ, ਜਿਥੇ ਅਨਵਰ ਮਸੀਹ ਕਿਸੇ ਨੂੰ ਵੀ ਆਉਣ ਨਹੀਂ ਦਿੰਦਾ ਸੀ। ਜਦੋਂ ਨੇੜਲੇ ਲੋਕ ਪਾਰਕ ਚ ਆਉਂਦੇ ਸਨ ਤਾਂ ਉਨ੍ਹਾਂ ਨੂੰ ਪਾਰਕ ਤੋਂ ਖਦੇੜ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਨਵਰ ਮਸੀਹ ਦੀ ਅਣਗਿਣਤ ਜਾਇਦਾਦ ਹੈ। ਇਹ ਕਿੱਥੋਂ ਆਈ ਹੈ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਲੋਕ ਇਨਸਾਫ ਪਾਰਟੀ ਇਸ ਮਾਮਲੇ ਵਿੱਚ ਐਸਟੀਐਫ ਨਾਲ ਹਰ ਤਰਾਂ ਨਾਲ ਸਹਿਯੋਗ ਕਰਨ ਲਈ ਤਿਆਰ ਹੈ।