ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ `ਚ ਫਲਾਂ ਤੇ ਸਬਜ਼ੀਆਂ `ਤੇ ਸਟਿੱਕਰ ਲਾਉਣ ਦੀ ਮਨਾਹੀ

ਤਸਵੀਰ ਸੀਐੱਨਐੱਨ

ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ ਫੂਡ ਸੇਫਟੀ ਕਮਿਸ਼ਨਰ ਪੰਜਾਬ ਵੱਲੋਂ ਰਾਜ ਵਿੱਚ ਕੰਮ ਕਰ ਰਹੀਆਂ ਸਾਰੀਆਂ ਫੂਡ ਸੇਫਟੀ ਟੀਮਾਂ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤੇ ਗਏ ਹਨ ਕਿ ਸੂਬੇ ਦੀਆਂ ਮੰਡੀਆਂ ਅਤੇ ਸਬਜ਼ੀਆਂ ਤੇ ਫਲਾਂ ਦੇ ਧੰਦੇ ਨਾਲ ਜੁੜੇ ਸਾਰੇ ਵਪਾਰੀਆਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇ ਕਿ ਸਟਿੱਕਰ ਵਾਲੇ ਫਲ ਤੇ ਸਬਜ਼ੀਆਂ ਦਾ ਖਰੀਦ ਵੇਚ ਨਾ ਕੀਤੀ ਜਾਵੇ।


ਇਸ ਸਬੰਧੀ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਫਲਾਂ ਅਤੇ ਸਬਜ਼ੀਆਂ ਦੀ ਗੁਣਵੱਤਾ, ਕੀਮਤ ਤੇ ਹੋਰ ਜਾਣਕਾਰੀ ਪ੍ਰਦਾਨ ਕਰਨ ਦੇ ਉਦੇਸ਼ ਨਾਲ ਖੁਰਾਕੀ ਵਸਤਾਂ ਉਤੇ ਸਟਿੱਕਰ ਚਿਪਕਾਉਣ ਦਾ ਰੁਝਾਨ ਪੂਰੀ ਦੁਨੀਆ ਵਿੱਚ ਕਿs ਆਮ ਵਰਤਾਰਾ ਹੈ ਪਰ ਜ਼ਿਆਦਾਤਰ ਇਹ ਪਾਇਆ ਗਿਆ ਹੈ ਕਿ ਇਹ ਸਟਿੱਕਰ ਸਬਜ਼ੀਆਂ ਅਤੇ ਫਲਾਂ ਜਿਵੇਂ ਸੇਬ, ਕੀਵੀ, ਅੰਬ, ਕੇਲਾ, ਸੰਤਰਾ, ਨਾਸ਼ਪਾਤੀ, ਰੰਗ ਬਿਰੰਗੀਆਂ ਸ਼ਿਮਲਾ ਮਿਰਚਾਂ ਆਦਿ ਦੀ ਬਾਹਰੀ ਪਰਤ ਉਪਰ ਸਿੱਧੇ ਤੌਰ 'ਤੇ ਚਿਪਕਾਏ ਹੁੰਦੇ ਹਨ। 


ਸ੍ਰੀ ਪੰਨੂ ਨੇ ਕਿਹਾ ਪੰਜਾਬ ਵਿੱਚ ਇਹ ਦੇਖਿਆ ਗਿਆ ਹੈ ਕਿ ਵਪਾਰੀ ਵੱਲੋਂ ਆਪਣੇ ਪਦਾਰਥਾਂ ਨੂੰ ਚੰਗੀ ਗੁਣਵੱਤਾ ਦਾ ਦਰਸਾਉਣ ਲਈ ਜਾਂ ਕਿਸੇ ਕਿਸਮ ਦੀ ਖਾਮੀ ਨੂੰ ਛਪਾਉਣ ਲਈ ਸਟਿੱਕਰ ਲਾਏ ਜਾਂਦੇ ਹਨ। “ਟੈਸਟਡ ਓਕੇ”,“ਗੁੱਡ ਕੁਆਲਟੀ” ਜਾਂ “ਪਦਾਰਥ ਦਾ ਨਾਮ” ਆਦਿ ਸ਼ਬਦ ਸਟਿੱਕਰਾਂ ਉਤੇ ਲਿਖੇ ਹੁੰਦੇ ਹਨ ਅਤੇ ਇਨ੍ਹਾਂ ਸਟਿੱਕਰਾਂ ਦੀ ਕੋਈ ਉਪਯੋਗਤਾ ਨਹੀਂ ਹੁੰਦੀ। ਇਨ੍ਹਾਂ ਸਟਿੱਕਰਾਂ ਨੂੰ ਚਿਪਕਾਉਣ ਲਈ ਕਈ ਕਿਸਮ ਦੇ ਪਦਾਰਥ ਵਰਤੇ ਜਾਂਦੇ ਹਨ , ਜਿਨ੍ਹਾਂ ਦੀ ਗੁਣਵੱਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਸਬੰਧੀ ਕੀਤੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਇਆ ਹੈ ਕਿ ਚਿਪਕਾਉਣ ਲਈ ਵਰਤੇ ਜਾਂਦੇ ਸਰਫੈਕਟੈਂਟਸ ਵਰਗੇ ਪਦਾਰਥਾਂ ਵਿੱਚ ਕਈ ਕਿਸਮ ਦੇ ਜ਼ਹਿਰੀਲੇ ਤੱਤ ਮੌਜੂਦ ਹਨ।


ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਲੋਕ ਫਲਾਂ ਤੇ ਸਬਜ਼ੀਆਂ ਤੋਂ ਸਟਿੱਕਰ ਉਤਾਰ ਕੇ ਇਨ੍ਹਾਂ ਪਦਾਰਥਾਂ ਨੂੰ ਵਰਤ ਲੈਂਦੇ ਹਨ, ਜਦੋਂ ਕਿ ਚਿਪਕਾਉਣ ਵਾਲੇ ਪਦਾਰਥ ਦੇ ਕੁਝ ਅੰਸ਼ ਇਨ੍ਹਾਂ ਪਦਾਰਥਾਂ ਵਿੱਚ ਘਰ ਕਰ ਜਾਂਦੇ ਹਨ। ਖੁੱਲ੍ਹੇ ਬਾਜ਼ਾਰਾਂ ਵਿੱਚ ਵਿਕਦੇ ਫਲਾਂ ਤੇ ਸਬਜ਼ੀਆਂ ਵਿੱਚ ਸੂਰਜ ਦੀ ਤਪਸ਼ ਅਤੇ ਰੌਸ਼ਨੀ ਹਾਨੀਕਾਰਕ ਕੈਮੀਕਲਾਂ ਦੇ ਸੰਚਾਰ ਨੂੰ ਵਧਾਉਣ ਵਿੱਚ ਸਹਿਯੋਗੀ ਸਿੱਧ ਹੁੰਦੀ ਹੈ, ਜਿਸ ਕਾਰਨ ਛਿਲਕੇ ਵਾਲੇ ਫਲ ਤੇ ਸਬਜ਼ੀਆਂ ਵਿੱਚ ਇਸ ਕੈਮੀਕਲ ਨੂੰ ਨਿਗਲਣ ਦਾ ਖ਼ਤਰਾ ਹੋਰ ਵੀ ਵਧ ਜਾਂਦਾ ਹੈ।


ਅਜਿਹੇ ਫਲ਼ ਤੇ ਸਬਜ਼ੀਆਂ ਦੀ ਵਿਕਰੀ ਨੂੰ ਰੋਕਣ ਅਤੇ ਵਪਾਰੀਆਂ ਨੂੰ ਫੂਡ ਸੇਫਟੀ ਅਤੇ ਸਟੈਂਡਰਡ ਐਕਟ, 2006 ਤੋਂ ਜਾਣੂੰ ਕਰਾਉਣ ਸਬੰਧੀ ਫੂਡ ਸੇਫਟੀ ਦੀਆਂ ਟੀਮਾਂ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ। ਇਸ ਐਕਟ ਮੁਤਾਬਕ ਕੋਈ ਵਪਾਰੀ ਅਸੁਰੱਖਿਅਤ ਖੁਰਾਕੀ ਵਸਤਾਂ ਦੀ ਵਿਕਰੀ, ਵੰਡ ਜਾਂ ਜਮ੍ਹਾਖੋਰੀ ਨਹੀਂ ਕਰ ਸਕਦਾ। 


ਟੀਮਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਕਿ ਵਪਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ ਕਿ ਜੇ ਸੁਪਰ ਮਾਰਕੀਟ ਵਾਂਗ ਗਰੇਡ, ਕੀਮਤ ਜਾਂ ਬਾਰਕੋਡ ਸਬੰਧੀ ਜਾਣਕਾਰੀ ਪ੍ਰਦਾਨ ਕਰਨ ਲਈ ਪਦਾਰਥਾਂ 'ਤੇ ਸਟਿੱਕਰ ਲਾਉਣੇ ਲਾਜ਼ਮੀ ਵੀ ਹੋਣ ਤਾਂ ਇਨ੍ਹਾਂ ਸਟਿੱਕਰਾਂ ਨੂੰ ਸਿੱਧੇ ਤੌਰ 'ਤੇ  ਫਲਾਂ, ਸਬਜ਼ੀਆਂ ਦੀ ਪਰਤ ਉਤੇ ਨਾ ਲਾਇਆ ਜਾਵੇ, ਸਗੋਂ ਪਦਾਰਥ ਉਪਰ ਇਕ ਸੁਰੱਖਿਅਤ ਪਾਰਦਰਸ਼ੀ ਪਤਲੀ ਫਿਲਮ ਚੜ੍ਹਾ ਕੇ ਉਸ ਫਿਲਮ 'ਤੇ ਸਟਿੱਕਰ ਲਾਇਆ ਜਾਵੇ। ਸਟਿੱਕਰਾਂ ਦੀ ਛਪਾਈ ਲਈ ਵਰਤੀ ਗਈ ਸਿਆਹੀ ਫੂਡ ਗਰੇਡ ਦੀ ਹੋਣੀ ਚਾਹੀਦੀ ਹੈ ਅਤੇ ਪਦਾਰਥ ਵਿੱਚ ਸੰਚਾਰਿਤ ਨਹੀਂ ਹੋਣੀ ਚਾਹੀਦੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Stickers upon Fruit and Vegetables prohibited in Pb