ਕਪੂਰਥਲਾ ਜਿ਼ਲ੍ਹੇ ਦੇ ਪਿੰਡ ਤਲਵੰਡੀ ਮਹਿਮਾ ਦੇ ਇੱਕ ਕਿਡਜ਼ ਹੈਵਨ ਪਬਲਿਕ ਸਕੂਲ ਦੀ ਬੱਸ ਜੱਗੂ ਸ਼ਾਹ ਡੇਰੇ ਕੋਲ ਇੱਕ ਘਰ ਦੀ ਕੰਧ ਨਾਲ ਟਕਰਾਉਣ ਨਾਲ 10ਵੀਂ ਜਮਾਤ ਦੇ ਇੱਕ ਵਿਦਿਆਰਥੀ ਸਿ਼ਵਮ ਪੁੱਤਰ ਰਾਮ ਸ਼ਰਨ ਦੀ ਮੌਤ ਹੋ ਗਈ। ਜਦੋਂ ਉਸ ਮੌਤ ਦੀ ਖ਼ਬਰ ਮਹਿਲਾ ਪ੍ਰਿੰਸੀਪਲ ਸ਼ੁਕਲਾ ਸੂਦ ਨੂੰ ਮਿਲੀ, ਤਾਂ ਉਨ੍ਹਾਂ ਨੂੰ ਜਿਵੇਂ ਇੱਕਦਮ ਝਟਕਾ ਲੱਗਾ ਤੇ ਉਨ੍ਹਾਂ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਹੋਇਆ ਕੁਝ ਇੰਝ ਕਿ ਸੜਕ ਕਾਫ਼ੀ ਤੰਗ ਹੈ ਤੇ ਟੁੱਟੀ ਵੀ ਹੋਈ ਹੈ। ਵਿਦਿਆਰਥੀ ਬੱਸ ਦੇ ਦਰਵਾਜ਼ੇ `ਚ ਖੜ੍ਹਾ ਸੀ ਤੇ ਉਸ ਦਾ ਮੂੰਹ ਥੋੜ੍ਹਾ ਬਾਹਰ ਵੱਲ ਸੀ। ਬੱਸ ਦਾ ਟਾਇਰ ਜਦੋਂ ਇੱਕ ਟੋਏ ਵਿੱਚ ਗਿਆ ਤੇ ਬੱਸ ਉਸ ਕੰਧ ਵੱਲ ਟੇਢੀ ਹੋ ਗਈ ਅਤੇ ਉਸ ਵਿਦਿਆਰਥੀ ਦਾ ਸਿਰ ਕੰਧ ਵਿੱਚ ਵੱਜਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਬੱਸ ਡਰਾਇਵਰ ਵਿਦਿਆਰਥੀ ਨੂੰ ਸਿਵਲ ਹਸਪਤਾਲ `ਚ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪਿੰਡ ਔਜਲਾ ਦੇ ਰਹਿਣ ਵਾਲੇ ਉਸ ਵਿਦਿਆਰਥੀ ਦੀ ਮੌਤ ਦੀ ਖ਼ਬਰ ਸੁਣ ਕੇ ਸਕੂਲ ਪ੍ਰਿੰਸੀਪਲ ਦੀ ਹਾਲਤ ਖ਼ਰਾਬ ਹੋ ਗਈ। ਉਸ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ, ਤਾਂ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪ੍ਰਿੰਸੀਪਲ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ। ਥਾਣਾ ਸਿਟੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲਿਸ ਨੇ ਸਕੂਲ-ਬੱਸ ਦੇ ਡਰਾਇਵਰ ਤੇ ਸਵਰਗੀ ਪ੍ਰਿੰਸੀਪਲ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਹੈ।
ਸਕੂਲ `ਚ ਛੁੱਟੀ ਤੋਂ ਬਾਅਦ ਬੱਸ ਸਾਰੇ ਵਿਦਿਆਰਥੀਆਂ ਨੂੰ ਘਰਾਂ `ਚ ਛੱਡਣ ਲਈ ਜਾ ਰਹੀ ਸੀ।