ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਸ਼ੂਗਰਫੈਡ ਨੇ 21.07 ਲੱਖ ਕਿਲੋ ਖੰਡ ਭੇਜੀ

ਸ਼ੂਗਰਫੈਡ ਵੱਲੋਂ ਨੇ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਵੀ 29.05 ਲੱਖ ਰੁਪਏ ਦਾ ਯੋਗਦਾਨ ਪਾਇਆ
 

ਕੋਵਿਡ-19 ਸੰਕਟ ਦੌਰਾਨ ਸ਼ੂਗਰਫੈਡ ਪੰਜਾਬ ਵੱਲੋਂ ਲੋਕਾਂ ਨੂੰ ਜ਼ਰੂਰੀ ਸੇਵਾਵਾਂ ਮੁਹੱਈਆ ਕਰਨ ਦੀ ਮੁਹਿੰਮ ਵਿੱਚ ਵੱਡਾ ਯੋਗਦਾਨ ਪਾਉਂਦਿਆਂ ਹੁਣ ਤੱਕ 21 ਲੱਖ 7 ਹਜ਼ਾਰ (21.07 ਲੱਖ) ਕਿਲੋ ਖੰਡ ਦੀ ਸਪਲਾਈ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਵੱਲੋਂ ਸਥਾਪਤ ਕੀਤੇ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਵਿੱਚ ਵੀ ਯੋਗਦਾਨ ਪਾਉਂਦਿਆਂ ਸ਼ੂਗਰਫੈਡ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ 29 ਲੱਖ 5 ਹਜ਼ਾਰ (29.05 ਲੱਖ) ਰੁਪਏ ਦਾ ਯੋਗਦਾਨ ਪਾਇਆ।
 

ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਕਤ ਖੁਲਾਸਾ ਕਰਦਿਆਂ ਇਸ ਸੰਕਟ ਦੀ ਘੜੀ ਵਿੱਚ ਸੂਬੇ ਦੇ ਲੋਕਾਂ ਦੀ ਇਸ ਦੋਹਰੀ ਮੱਦਦ ਲਈ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿੱਚ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਅਤੇ ਇਹ ਯੋਗਦਾਨ ਭੁਲਾਇਆ ਨਹੀਂ ਜਾਵੇਗਾ।
 

ਸਹਿਕਾਰਤਾ ਮੰਤਰੀ ਰੰਧਾਵਾ ਨੇ ਵੇਰਵੇ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿੱਚ ਮਹਾਮਾਰੀ ਦੇ ਸੰਕਟ ਦੌਰਾਨ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਹਿੱਤ ਸਹਿਕਾਰੀ ਖੰਡ ਮਿੱਲਾਂ ਵੱਲੋਂ ਖੰਡ ਦੇ ਪੈਕਟ ਤਿਆਰ ਕਰਕੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਨੂੰ ਦਿੱਤੇ ਜਾ ਰਹੇ ਹਨ। ਸਹਿਕਾਰੀ ਖੰਡ ਮਿੱਲਾਂ ਵੱਲੋਂ ਹੁਣ ਤੱਕ 2 ਕਿਲੋ ਖੰਡ ਦੇ 10 ਲੱਖ ਅਤੇ 1 ਕਿਲੋ ਖੰਡ ਦੇ 42,000 ਪੈਕਟ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਸੌਂਪੇ ਗਏ।
 

ਇਸ ਤੋਂ ਇਲਾਵਾ ਸਹਿਕਾਰੀ ਖੰਡ ਮਿੱਲਾਂ ਵੱਲੋਂ ਕੋਵਿਡ ਕਾਰਨ ਲਗਾਏ ਕਰਫਿਊ/ਲੌਕਡਾਊਨ ਦੌਰਾਨ ਮਾਰਕਫੈਡ ਅਤੇ ਮਿਲਕਫੈਡ ਨੂੰ ਹੁਣ ਤੱਕ ਫਤਿਹ ਬਰਾਂਡ ਖੰਡ ਦੇ 1 ਕਿਲੋ ਦੇ 40,000 ਪੈਕਟ ਅਤੇ 5 ਕਿਲੋ ਦੇ 5,000 ਤੋਂ ਵੱਧ ਪੈਕਟ ਸਪਲਾਈ ਕੀਤੇ ਜਾ ਚੁੱਕੇ ਹਨ ਤਾਂ ਜੋ ਵੱਡੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਖੰਡ ਦੀ ਸਪਲਾਈ ਵਿੱਚ ਕਮੀ ਨਾ ਆ ਸਕੇ।
 

ਸ਼ੂਗਰਫੈਡ ਦੇ ਚੇਅਰਮੈਨ ਸ. ਅਮਰੀਕ ਸਿੰਘ ਆਲੀਵਾਲ ਨੇ ਦੱਸਿਆ ਕਿ ਸ਼ੂਗਰਫੈਡ ਵੱਲੋਂ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ ਵੀ 29.05 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ੂਗਰਫੈਡ ਕਾਮਨ ਕੇਡਰ ਦੇ ਅਧਿਕਾਰੀਆਂ ਵੱਲੋਂ ਸੱਤ ਦਿਨ ਦੀ ਤਨਖਾਹ ਦੇ ਬਰਾਬਰ ਅਤੇ ਸ਼ੂਗਰਫੈਡ ਮੁੱਖ ਦਫਤਰ ਅਤੇ ਮਿੱਲਾਂ ਦੇ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਨਖਾਹ ਦਾਨ ਕਰ ਕੇ ਕੁੱਲ 29,05,229 ਰੁਪਏ ਇਕੱਠੇ ਕਰ ਕੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਦਿੱਤੇ ਗਏ।
 

ਸ਼ੂਗਰਫੈਡ ਦੇ ਐਮ.ਡੀ. ਪੁਨੀਤ ਗੋਇਲ ਨੇ ਕਿਹਾ ਕਿ ਉਨ੍ਹਾਂ ਦਾ ਅਦਾਰਾ ਅਤੇ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਇਸ ਸੰਕਟ ਦੀ ਘੜੀ ਵਿੱਚ ਸੂਬਾ ਵਾਸੀਆਂ ਨੂੰ ਲੋੜੀਂਦੀ ਵਸਤੂ ਖੰਡ ਦੀ ਘਾਟ ਨਹੀਂ ਹੋਣ ਨਹੀਂ ਦੇਣਗੇ ਅਤੇ ਗਰੀਬ ਤੇ ਲੋੜਵੰਦਾਂ ਨੂੰ ਵੰਡਣ ਲਈ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਹਰੇਕ ਜ਼ਰੂਰਤ ਨੂੰ ਪੂਰਾ ਕਰਨ ਲਈ ਸ਼ੂਗਰਫੈਡ ਦਾ ਸਮੂਹ ਸਟਾਫ ਦਿਨ-ਰਾਤ ਕੰਮ ਕਰ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sugarfed provided 21 07 lakh kg Sugar during Curfew Lockdown Randhawa