ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ’ਚੋਂ ਕੱਢੇ ਬਾਗ਼ੀ ਅਕਾਲੀ ਆਗੂ ਮਨਜੀਤ ਸਿੰਘ ਜੀ.ਕੇ. ਦੀ ਤਾਜ਼ਾ ਜੱਫੀ ਦੀ ਇਸ ਵੇਲੇ ਸਿਆਸੀ ਹਲਕਿਆਂ ’ਚ ਡਾਢੀ ਚਰਚਾ ਹੋ ਰਹੀ ਹੈ।
ਦਰਅਸਲ, ਇਨ੍ਹਾਂ ਦੋਵੇਂ ਆਗੂਆਂ ਦਾ ਟਾਕਰਾ ਪਿਛਲੇ ਹਫ਼ਤੇ ਦਿੱਲੀ 'ਚ ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੇ ਪੁੱਤਰ ਰੋਹਨ ਦੇ ਵਿਆਹ ਮੌਕੇ ਹੋਇਆ ਸੀ। ਦੋਵੇਂ ਅਚਾਨਕ ਹੀ ਇੱਕ–ਦੂਜੇ ਦੇ ਸਾਹਮਣੇ ਆ ਗਏ ਸਨ।
ਸ੍ਰੀ ਸੁਖਬੀਰ ਸਿੰਘ ਬਾਦਲ ਵਿਆਹ ਸਮਾਰੋਹ ’ਚ ਸ਼ਿਰਕਤ ਕਰ ਕੇ ਬਾਹਰ ਜਾ ਰਹੇ ਸਨ ਤੇ ਸ੍ਰੀ ਮਨਜੀਤ ਸਿੰਘ ਜੀ.ਕੇ. ਅੰਦਰ ਦਾਖ਼ਲ ਹੋ ਰਹੇ ਸਨ।
ਦੋਵਾਂ ਨੇ ਇੱਕ–ਦੂਜੇ ਨੁੰ ਵੇਖ ਕੇ ਆਪੋ–ਆਪਣੀਆਂ ਬਾਹਾਂ ਫੈਲਾ ਦਿੱਤੀਆਂ ਤੇ ਇੱਕ–ਦੂਜੇ ਨੂੰ ਜੱਫੀ ਪਾ ਕੇ ਮਿਲੇ; ਜਿਵੇਂ ਪਤਾ ਨਹੀਂ ਕਿੰਨਾ ਕੁ ਚਿਰ ਦੇ ਓਦਰੇ ਪਏ ਸਨ। ਆਲੇ–ਦੁਆਲੇ ਮੌਜੂਦ ਦੋਵਾਂ ਦੇ ਸਮਰਥਕ ਵੀ ਕੁਝ ਹੈਰਾਨ ਪਰੇਸ਼ਾਨ ਹੀ ਵਿਖਾਈ ਦਿੱਤੇ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਮਨਜੀਤ ਸਿੰਘ ਜੀ.ਕੇ. ਨੂੰ ਆਪਣੀ ਦਿੱਲੀ ਸਥਿਤ ਰਿਹਾਇਸ਼ਗਾਹ ਉੱਤੇ ਆਉਣ ਲਈ ਸੱਦਿਆ। ਚੇਤੇ ਰਹੇ ਕਿ ਸ੍ਰੀ ਜੀ.ਕੇ. ਪਹਿਲਾਂ ਸ੍ਰੀ ਸੁਖਬੀਰ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਸ੍ਰੀ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤਾ ਗਿਆ ਘਰ ਆਉਣ ਦਾ ਤਾਜ਼ਾ ਸੱਦਾ ਸ੍ਰੀ ਮਨਜੀਤ ਸਿੰਘ ਜੀ.ਕੇ. ਨੇ ਤੁਰੰਤ ਪ੍ਰਵਾਨ ਕਰ ਲਿਆ। ਹੁਣ ਸ੍ਰੀ ਸੁਖਬੀਰ ਸਿੰਘ ਬਾਦਲ ਦੇ ਇਸ ਸੱਦੇ ਉੱਤੇ ਸਿਆਸੀ ਗਲਿਆਰਿਆਂ ’ਚ ਖ਼ਾਸ ਵਿਚਾਰ–ਵਟਾਂਦਰਾ ਹੋ ਰਿਹਾ ਹੈ।
ਅਸਲ ’ਚ ਸ੍ਰੀ ਸੁਖਬੀਰ ਬਾਦਲ ਪਹਿਲਾਂ ਇਹ ਐਲਾਨ ਵੀ ਕਰ ਚੁੱਕੇ ਹਨ ਕਿ ਉਹ ਸਾਰੇ ਨਾਰਾਜ਼ ਤੇ ਬਾਗ਼ੀ ਆਗੂਆਂ ਨੂੰ ਦੋਬਾਰਾ ਸ਼੍ਰੋਮਣੀ ਅਕਾਲੀ ਦਲ ’ਚ ਵਾਪਸ ਲੈ ਕੇ ਆਉਣਗੇ।
ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਜਦੋਂ ਸ੍ਰੀ ਜੀ.ਕੇ. ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਨ ਦੀ ਕਥਿਤ ਦੁਰਵਰਤੋਂ ਦੇ ਦੋਸ਼ ਲੱਗੇ ਸਨ, ਤਦ ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇਣਾ ਪਿਆ ਸੀ।