ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਗਰੂਰ `ਚ ਸੁਖਬੀਰ ਬਾਦਲ ਦੇ ਕਾਫ਼ਲੇ `ਤੇ ਹਮਲਾ

ਸੰਗਰੂਰ `ਚ ਸੁਖਬੀਰ ਬਾਦਲ ਦੇ ਕਾਫ਼ਲੇ `ਤੇ ਹਮਲਾ

--  ਅਕਾਲੀ ਦਲ ਦਾ ਦੋਸ਼ ਕਿ ਹਮਲਾ ‘ਐੱਸਐੱਸਪੀ ਦੀ ਸ਼ਹਿ `ਤੇ ਹੋਇਆ`

--  ਰੋਸ ਮੁਜ਼ਾਹਰਾਕਾਰੀਆਂ ਨੇ ਡਾਂਗਾਂ, ਜੁੱਤੀਆਂ ਤੇ ‘ਕ੍ਰਿਪਾਨਾਂ` ਨਾਲ ਕਾਫ਼ਲੇ `ਤੇ ਕੀਤਾ ਹਮਲਾ

--  ਮੁਜ਼ਾਹਰਾਕਾਰੀਆਂ ਨੂੰ ਕੱਟੜਪੰਥੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਤੇ ਸੱਤਾਧਾਰੀ ਕਾਂਗਰਸ ਦੀ ਹਮਾਇਤ ਹਾਸਲ ਸੀ: ਸੁਖਬੀਰ ਬਾਦਲ

--  ਸੰਗਰੂਰ ਸਦਰ ਪੁਲਿਸ ਥਾਣੇ `ਚ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਗੋਲਡੀ ਨੇ ਕਰਵਾਈ ਬਚਿੱਤਰ ਸਿੰਘ ਖਿ਼ਲਾਫ਼ ਸਿ਼ਕਾਇਤ ਦਰਜ

--  ਅਕਾਲੀ ਆਗੂ ਧਾਰਮਿਕ ਸਥਾਨਾਂ ਨੂੰ ਆਪਣੀ ਨਿਜੀ ਸੰਪਤੀ ਵਜੋਂ ਵਰਤ ਰਹੇ ਹਨ: ਬਚਿੱਤਰ ਸਿੰਘ

 

ਕੁਝ ਕੱਟੜਪੰਥੀ ਸਿੱਖ ਜੱਥੇਬੰਦੀਆਂ ਦੇ ਮੈਂਬਰਾਂ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ `ਤੇ ਅੱਜ ਹਮਲੇ ਦੀ ਕੋਸਿ਼ਸ਼ ਕੀਤੀ। ਉਨ੍ਹਾਂ ਨੇ ਜਿੱਥੇ ਕਾਫ਼ਲੇ ਦੇ ਵਾਹਨਾਂ ਨੂੰ ਸੋਟੀਆਂ ਨਾਲ ਨੁਕਸਾਨ ਪਹੁੰਚਾਉਣ ਦਾ ਜਤਨ ਕੀਤਾ, ਉੱਥੇ ਕਾਰਾਂ `ਤੇ ਜੁੱਤੀਆਂ ਵੀ ਸੁੱਟੀਆਂ ਗਈਆਂ ਪਰ ਮੌਕੇ `ਤੇ ਮੌਜੂਦ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਰੋਹ `ਚ ਆਏ ਰੋਸ ਮੁਜ਼ਾਹਰਾਕਾਰੀਆਂ ਨੂੰ ਰੋਕਿਆ। ਸ੍ਰੀ ਬਾਦਲ ਅੱਜ ਇੱਥੋਂ ਦੇ ਗੁਰਦੁਆਰਾ ਨਨਕਿਆਣਾ ਸਾਹਿਬ `ਚ ਅਕਾਲੀ ਵਰਕਰਾਂ ਤੇ ਆਗੂਆਂ ਦੀ ਇੱਕ ਮੀਟਿੰਗ `ਚ ਭਾਗ ਲੈਣ ਲਈ ਜਾ ਰਹੇ ਸਨ। ਇਹ ਮੀਟਿੰਗ ਆਉਂਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਹੋਣ ਵਾਲੀ ਅਕਾਲੀ ਦਲ ਦੀ ‘ਜਬਰ-ਵਿਰੋਧੀ ਰੈਲੀ` ਦੀਆਂ ਤਿਆਰੀਆਂ ਨਾਲ ਸਬੰਧਤ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕੁਝ ਸਿੱਖ ਆਗੂਆਂ ਨੇ ਕੱਲ੍ਹ ਹੀ ਇਹ ਸਿਆਸੀ ਮੀਟਿੰਗ ਗੁਰੂਘਰ ਦੇ ਅੰਦਰ ਰੱਖਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ।


ਇਸ ਦੌਰਾਨ ਅਕਾਲੀ ਦਲ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਸੰਗਰੂਰ ਦੇ ਐੱਸਐੱਸਪੀ ਦੀ ਸ਼ਹਿ `ਤੇ ਹੋਇਆ ਹੈ। ਅਕਾਲੀ ਦਲ ਵੱਲੋਂ ਕੀਤੇ ਦਾਅਵੇ ਮੁਤਾਬਕ ਸੁਖਬੀਰ ਦੀ ਕਾਰ `ਤੇ ਕ੍ਰਿਪਾਨ ਨਾਲ ਵੀ ਹਮਲਾ ਕੀਤਾ ਗਿਆ। ਪੁਲਿਸ ਨੇ ਹਾਲੇ ਇਸ ਦਾਅਵੇ ਦੀ ਪੁਸ਼ਟੀ ਨਹੀਂ ਕੀਤੀ ਹੈ।


ਸ੍ਰੀ ਸੁਖਬੀਰ ਬਾਦਲ ਦੀ ਇਸ ਮੀਟਿੰਗ ਦਾ ਵਿਰੋਧ ‘ਗ੍ਰੰਥੀ ਸਭਾ` ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਕੁੰਨਾਂ ਵੱਲੋਂ ਕੀਤਾ ਗਿਆ। ਸੌ ਕੁ ਦੇ ਲਗਭਗ ਰੋਸ ਮੁਜ਼ਾਹਰਾਕਾਰੀ ਅੱਜ ਗੁਰਦੁਆਰਾ ਨਨਕਿਆਣਾ ਸਾਹਿਬ ਤੋਂ 500 ਮੀਟਰ ਦੀ ਦੂਰੀ `ਤੇ ਦੁਪਹਿਰ 2:15 ਵਜੇ ਹੀ ਸੜਕ ਦੇ ਕੰਢਿਆਂ `ਤੇ ਆਣ ਖਲੋਤੇ ਸਨ।


ਰੋਸ ਪ੍ਰਦਰਸ਼ਨਕਾਰੀਆਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਕਾਲ਼ੀਆਂ ਝੰਡੀਆਂ ਵੀ ਵਿਖਾਈਆਂ ਤੇ ਸੁਖਬੀਰ ਬਾਦਲ-ਵਿਰੋਧੀ ਨਾਅਰੇ ਵੀ ਲਾਏ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੜਕ ਦਾ ਰਾਹ ਰੋਕਣ ਤੋਂ ਵਰਜਿਆ।


ਰੋਸ ਮੁਜ਼ਾਹਰਾਕਾਰੀਆਂ ਨੇ ਗਰਮ-ਖਿ਼ਆਲੀ ਸਿੱਖ ਪ੍ਰਚਾਰਕ ਜਰਨੈਲ ਸਿੰਘ ਭਿੰਡਰਾਂਵਾਲੇ, ਮਿਲੀਟੈਂਟ ਜਗਤਾਰ ਸਿੰਘ ਹਵਾਰਾ ਤੇ ਹੋਰਨਾਂ ਦੀਆਂ ਤਸਵੀਰਾਂ ਵੀ ਚੁੱਕੀਆਂ ਹੋਈਆਂ ਸਨ।


ਬਾਅਦ `ਚ ਗੁਰਦੁਆਰਾ ਸਾਹਿਬ ਵਿਖੇ ਪਾਰਟੀ ਕਾਰਕੁੰਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਖਬੀਰ ਬਾਦਲ ਨੇ ਕਿਹਾ,‘ਇਨ੍ਹਾਂ ਸਾਰੇ ਮੁਜ਼ਾਹਰਾਕਾਰੀਆਂ ਨੂੰ ਕੱਟੜਪੰਥੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਤੇ ਸੱਤਾਧਾਰੀ ਕਾਂਗਰਸ ਦੀ ਹਮਾਇਤ ਹਾਸਲ ਹੈ।`


ਬਾਅਦ `ਚ ਇੱਕ ਬਿਆਨ ਰਾਹੀਂ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੁਰੱਖਿਆ ਕੋਤਾਹੀ ਲਈ ਜਿ਼ੰਮੇਵਾਰ ਹਨ ਤੇ ਸੂਬੇ ਦੀ ਪੁਲਿਸ ਉਨ੍ਹਾਂ ਦੇ ਹੀ ਅਧੀਨ ਹੈ। ਉਨ੍ਹਾਂ ਨੇ ਹੀ ਹਮਲਾਵਰਾਂ ਨੂੰ ਮੀਟਿੰਗ ਵਾਲੀ ਥਾਂ ਦੇ ਇੰਨੇ ਨੇੜੇ ਆਉਣ ਦੀ ਇਜਾਜ਼ਤ ਦਿੱਤੀ ਸੀ।


ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਨਰਜੀਤ ਗੋਲਡੀ ਨੇ ਸੰਗਰੂਰ ਦੇ ਸਦਰ ਪੁਲਿਸ ਥਾਣੇ `ਚ ਬਚਿੱਤਰ ਸਿੰਘ ਖਿ਼ਲਾਫ਼ ਸਿ਼ਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਕਿ ਸੁਖਬੀਰ `ਤੇ ਹਮਲੇ ਦੀ ਸਾਜਿ਼ਸ਼ ਇਸੇ ਨੇ ਰਚੀ ਸੀ।


ਉੱਧਰ ਸ੍ਰੀ ਬਚਿੱਤਰ ਸਿੰਘ ਨੇ ਸੰਪਰਕ ਕੀਤੇ ਜਾਣ `ਤੇ ਦੱਸਿਆ ਕਿ ਉਹ ਸਿਰਫ਼ ਸੁਖਬੀਰ ਬਾਦਲ ਨੂੰ ਗੁਰਦੁਆਰਾ ਸਾਹਿਬ ਅੰਦਰ ਜਾਣ ਤੋਂ ਵਰਜ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਨੁੰ ਇੰਝ ਨਹੀਂ ਕਰਨ ਦਿੱਤਾ। ਉਨ੍ਹਾਂ ਕਿਹਾ,‘ਅਕਾਲੀ ਆਗੂ ਧਾਰਮਿਕ ਸਥਾਨਾਂ ਨੂੰ ਆਪਣੀ ਨਿਜੀ ਸੰਪਤੀ ਵਜੋਂ ਵਰਤ ਰਹੇ ਹਨ। ਅਸੀਂ ਸੁਖਬੀਰ ਦੀ ਉਸ ਫੇਰੀ ਦਾ ਵਿਰੋਧ ਕਰ ਰਹੇ ਸਾਂ। ਇੱਕ ਡਾਂਗ ਜ਼ਰੂਰ ਕਾਰਾਂ ਦੇ ਕਾਫ਼ਲੇ ਦੀ ਇੱਕ ਕਾਰ ਨਾਲ ਜ਼ਰੂਰ ਵੱਜੀ ਹੋ ਸਕਦੀ ਹੈ। ਅਜਿਹਾ ਵੀ ਉਦੋਂ ਵਾਪਰਿਆ, ਜਦੋਂ ਰੋਸ ਮੁਜ਼ਾਹਰਾਕਾਰੀ ਕਾਫ਼ਲੇ ਨੂੰ ਰੋਕਣ ਦਾ ਜਤਨ ਕਰ ਰਹੇ ਸਨ।`


ਸਦਰ ਪੁਲਿਸ ਥਾਣੇ ਦੇ ਐੱਸਐੱਚਓ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਲੋਕਾਂ ਦੀ ਸਿ਼ਕਾਇਤ ਮਿਲੀ ਹੈ ਤੇ ਉਸ ਦੀ ਜਾਂਚ ਕੀਤੀ ਜਾਵੇਗੀ।


ਸੰਗਰੂਰ ਦੇ ਐੱਸਐੱਸਪੀ ਸੰਦੀਪ ਗਰਗ ਨੇ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲਾਏ ਦੋਸ਼ਾਂ ਨੂੰ ਮੁੱਢੋਂ ਨਕਾਰਦਿਆਂ ਆਖਿਆ ਕਿ ਪੁਲਿਸ ਨੇ ਸਿਰਫ਼ ਕਾਨੂੰਨ ਤੇ ਵਿਵਸਥਾ ਕਾਇਮ ਰੱਖਣ ਲਈ ਆਪਣੀ ਡਿਊਟੀ ਨਿਭਾਈ ਹੈ।


ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਸੁਖਬੀਰ ਬਾਦਲ ਹੁਰਾਂ ਦਾ ਕਾਫ਼ਲਾ ਰੋਕਣ ਨਹੀਂ ਦਿੱਤਾ। ਬਿਆਨ ਦਰਜ ਕੀਤੇ ਜਾ ਰਹੇ ਹਨ ਤੇ ਕਾਰਾਂ ਰੋਕਣ ਦਾ ਜਤਨ ਕਰ ਰਹੇ ਲੋਕਾਂ ਖਿ਼ਲਾਫ਼ ਐੱਫ਼ਆਈਆਰ ਦਰਜ ਕਰ ਲਈ ਗਈ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal cavalcade attacked in Sangrur