ਅਗਲੀ ਕਹਾਣੀ

ਅਕਾਲੀ ਦਲ ਦੀ ਬਗ਼ਾਵਤ ਤੋਂ ਘਬਰਾਏ ਸੁਖਬੀਰ ਨੇ ਚੁੱਕਿਆ ਕਿਤਾਬ ਦਾ ਮੁੱਦਾ: ਕੈਪਟਨ

ਅਕਾਲੀ ਦਲ ਦੀ ਬਗ਼ਾਵਤ ਤੋਂ ਘਬਰਾਏ ਸੁਖਬੀਰ ਨੇ ਚੁੱਕਿਆ ਕਿਤਾਬ ਦਾ ਮੁੱਦਾ: ਕੈਪਟਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲੀ ਇਤਿਹਾਸ ਦੀਆਂ ਕਿਤਾਬਾਂ ਦੇ ਮੁੱਦੇ 'ਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀਆਂ ਵੱਲੋਂ ਕਾਨੂੰਨ ਵਿਵਸਥਾ ਦੀ ਬੇਲੋੜੀ ਸੱਮਸਿਆ ਪੈਦਾ ਕਰਨ ਲਈ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਾਹਿਰ ਗਰੁੱਪ ਦੁਆਰਾ ਇਨ੍ਹਾਂ ਕਿਤਾਬਾਂ ਦੇ ਜਾਇਜ਼ੇ ਦਾ ਕਾਰਜ ਮੁਕੰਮਲ ਕਰ ਲਏ ਜਾਣ ਤੱਕ ਕੋਰਸ ਵਿੱਚ ਨਵੀਆਂ ਕਿਤਾਬਾਂ ਨਾ ਲਾਏ ਜਾਣ ਦੀ ਗੱਲ ਨੂੰ ਸਪੱਸ਼ਟ ਕਰ ਦੇਣ ਦੇ ਬਾਵਜੂਦ ਅਕਾਲੀਆਂ ਵੱਲੋਂ ਬਦਅਮਨੀ ਪੈਦਾ ਕੀਤੀ ਜਾ ਰਹੀ ਹੈ।


ਅਕਾਲੀ ਵਿਖਾਵਾਕਾਰੀਆਂ ਵੱਲੋਂ ਮੁੱਖ ਮੰਤਰੀ ਨਿਵਾਸ ਸਥਾਨ ਦੇ ਬਾਹਰ ਲੱਗੀਆਂ ਰੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋਏ ਪੁਲਿਸ ਨਾਲ ਝੜਪ ਕਰਨ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੁਖਬੀਰ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਦਿਵਾਲੀ ਤੋਂ ਐਨ ਪਹਿਲਾਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਅਹਿਮ ਕਾਰਜ ਤੋਂ ਲੋਕਾਂ ਦਾ ਧਿਆਨ ਲਾਂਭੇ ਕਰ ਰਿਹਾ ਹੈ।


ਅੱਜ ਇਥੇ ਜਾਰੀ ਇਕ ਬਿਆਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਖਬੀਰ ਦੀ ਇਹ ਕ੍ਰੋਧ ਭਰੀ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਨੂੰ ਦਰਪੇਸ਼ ਗੰਭੀਰ ਸੰਕਟ ਤੋਂ ਧਿਆਨ ਨੂੰ ਲਾਂਭੇ ਖਿੱਚਣ ਦੀ ਕੋਸ਼ਿਸ਼ ਹੈ। ਅਕਾਲੀ ਦਲ ਲੋਕ ਸਭਾ ਚੋਣਾਂ ਤੋਂ ਕੇਵਲ ਕੁਝ ਮਹੀਨੇ ਪਹਿਲਾਂ ਗੰਭੀਰ ਅੰਦਰੂਨੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ। 


ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ) ਨੂੰ 11ਵੀਂ ਅਤੇ 12ਵੀਂ ਦੀਆਂ ਇਤਿਹਾਸ ਦੀਆਂ ਮੌਜੂਦਾ ਕਿਤਾਬਾਂ ਓਨਾ ਚਿਰ ਜਾਰੀ ਰੱਖਣ ਲਈ ਨਿਰਦੇਸ਼ ਦਿੱਤੇ ਹਨ ਜਿੰਨਾ ਚਿਰ ਮਾਹਿਰ ਗਰੁੱਪ ਵੱਲੋਂ ਕਿਤਾਬਾਂ ਦੇ ਜ਼ਾਇਜੇ ਸਬੰਧੀ ਲੰਬਿਤ ਪਏ ਕੰਮ ਨੂੰ ਮੁਕੰਮਲ ਨਹੀ ਕਰ ਲਿਆ ਜਾਂਦਾ। ਇਸ ਗਰੁੱਪ ਨੇ ਪਹਿਲਾਂ ਹੀ 11 ਮੀਟਿੰਗਾਂ ਕਰ ਲਈਆਂ ਹਨ ਅਤੇ ਇਸ ਵੱਲੋਂ ਤੱਥਾਂ ਅਤੇ ਧਾਰਮਿਕ ਵਿਵਰਨ ਬਾਰੇ ਘੋਖ ਕੀਤੀ ਜਾ ਰਹੀ ਹੈ। 


ਅਕਾਲੀਆਂ ਦੀ ਕਾਰਵਾਈ ਨੂੰ ਬਹੁਤ ਜ਼ਿਆਦਾ ਗੈਰ-ਜਿੰਮੇਵਾਰਾਨਾ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਦਲਾਂ ਵੱਲੋਂ ਲੋਕਾਂ ਦਾ ਧਿਆਨ ਖਿੱਚਣ ਲਈ ਨਿਰਾਸ਼ਾਜਨਕ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹ ਆਪਣੀਆਂ ਇਨ੍ਹਾਂ ਕਾਰਵਾਈਆਂ ਕਾਰਨ ਹੁਣ ਪੂਰੀ ਤਰ੍ਹਾਂ ਗਰਕ ਗਏ ਹਨ। 


ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਅਕਾਲੀ ਦੇ ਭੰਡੀ ਪ੍ਰਚਾਰ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਨੂੰ 2017-18 ਦੇ ਅਕਾਦਮਿਕ ਵਰ੍ਹੇ ਵਾਲੀਆਂ ਇਤਿਹਾਸ ਦੀ ਨਿਰਧਾਰਤ ਕਿਤਾਬਾਂ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhbir Badal issue of History book irrelevant Captain