ਜਦੋਂ 12 ਦਸੰਬਰ, 2016 ਨੂੰ ਪੰਜਾਬ ਦੇ ਉਦੋਂ ਦੇ ਉੱਪ–ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਾਣੀ ਵਾਲੀ ਬੱਸ ਪਹਿਲੀ ਵਾਰ ਹਰੀਕੇ ਪੱਤਣ ’ਚ ਉਤਾਰੀ ਸੀ; ਤਦ ਬਹੁਤ ਦਿਨ ਉਨ੍ਹਾਂ ਦੀ ਇਸ ਲਈ ਆਲੋਚਨਾ ਹੁੰਦੀ ਰਹੀ ਸੀ ਕਿ – ‘ਬਾਦਲ ਸਰਕਾਰ ਤੋਂ ਪੰਜਾਬ ਦੇ ਮੁੱਖ ਮਸਲੇ ਤਾਂ ਹੱਲ ਨਹੀਂ ਹੁੰਦੇ, ਇਹ ਪਾਣੀ ਆਲ਼ੀ ਬੱਸ ਕੀ ਫ਼ਾਇਦਾ ਹੋਣ ਲੱਗੈ।’
ਸਾਲ 2017 ਦੌਰਾਨ ਕਾਂਗਰਸ ਦੇ ਉਦੋਂ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਨਵਜੋਤ ਸਿੰਘ ਸਿੱਧੂ ਨੇ ਇਹ ਪਾਣੀ ਵਾਲੀ ਬੱਸ ਰੁਕਵਾ ਦਿੱਤੀ ਸੀ।
ਪਰ ਹੁਣ ਜਦੋਂ ਬੀਤੇ ਦਿਨੀਂ ਪੰਜਾਬ ਦੇ ਰੋਪੜ, ਲੁਧਿਆਣਾ, ਜਲੰਧਰ, ਕਪੂਰਥਲਾ ਅਤੇ ਫ਼ਿਰੋਜ਼ਪੁਰ ਦੇ ਸੈਂਕੜੇ ਪਿੰਡ ਹੜ੍ਹਾਂ ਕਾਰਨ ਪਾਣੀ ਵਿੱਚ ਡੁੱਬ ਗਏ, ਤਦ ਸੋਸ਼ਲ ਮੀਡੀਆ ਉੱਤੇ ਆਮ ਲੋਕਾਂ ਨੇ ਸ੍ਰੀ ਸੁਖਬੀਰ ਸਿੰਘ ਬਾਦਲ ਦੀ ਉਸ ‘ਪਾਣੀ ਵਾਲੀ ਬੱਸ’ ਨੂੰ ਬਹੁਤ ਚੇਤੇ ਕੀਤਾ।
ਸਭ ਦਾ ਇਹੋ ਮੰਨਣਾ ਸੀ ਕਿ ਜੇ ਕਿਤੇ ਅਜਿਹੀਆਂ ਦੋ–ਚਾਰ ਬੱਸਾਂ ਵੀ ਹੁੰਦੀਆਂ, ਤਾਂ ਬਹੁਤ ਛੇਤੀ ਆਮ ਲੋਕਾਂ ਨੂੰ ਰਾਹਤ ਮਿਲ ਸਕਦੀ ਸੀ। ਇਸ ਵਾਰ ਦੇ ਹੜ੍ਹਾਂ ਦੌਰਾਨ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਕਿਉਂਕਿ ਸਭ ਦੀ ਸ਼ਿਕਾਇਤ ਸੀ ਕਿ ਹੜ੍ਹ–ਪੀੜਤਾਂ ਤੱਕ ਰਾਹਤ ਸਮੇਂ–ਸਿਰ ਨਹੀਂ ਪੁੱਜੀ।
ਲੋਕ ਇਹ ਆਖਦੇ ਵੀ ਸੁਣੇ ਗਏ ਕਿ ‘ਪੰਜਾਬ ਸਰਕਾਰ ਨੂੰ ਆਪਣਾ ਹੰਕਾਰ ਛੱਡ ਕੇ ਹੜ੍ਹਾਂ ਤੋਂ ਪ੍ਰਭਾਵਿਤ ਇਲਾਕਿਆਂ ਵਿੱਚ ਉਹੀ ਪਾਣੀ ਵਾਲੀ ਬੱਸ ਸਜ਼ਰੂਰ ਵਰਤਣੀ ਚਾਹੀਦੀ ਹੈ।’