ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਵੱਲੋਂ ਲੰਘੇ ਦਿਨੀਂ ਕੀਤੇ ਮਾਰਚ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਕੋਸਿ਼ਸ਼ ਕੀਤੀ ਗਈ। ਜਿਸਦੇ ਜਵਾਬ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁਖਬੀਰ ਸਿੰਘ ਬਾਦਲ ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਹੋਵੇ ਜਾਂ ਅਕਾਲੀ ਦਲ ਇਸ ਵੇਲੇ ਇਹ ਸਿਰਫ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸਿ਼ਸ਼ ਕਰ ਰਹੇ ਹਨ।
ਆਪਣੇ ਘਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਸੁਖਬੀਰ ਬਾਦਲ ਨੂੰ ਨਿਸ਼ਾਨੇ ਤੇ ਲੈਂਦਿਆਂ ਪੁੱਛਿਆ ਕਿ ਸੁਖਬੀਰ ਬਾਦਲ ਦੱਸੇ ਕਿ ਡੇਰਾ ਮੁਖੀ ਨੂੰ ਮੁਆਫੀ ਕਿਵੇਂ ਮਿਲ ਗਈ। ਕੌਮ ਦਾ ਗੱਦਾਰ ਕੌਣ ਹੈ। ਸਿੱਧੂ ਨੇ ਨਵੰਬਰ 1984 ਕਤਲੇਆਮ ਤੇ ਅਕਾਲੀ ਦਲ ਦੁਆਰਾ ਕੀਤੇ ਗਏ ਪ੍ਰਦਰਸ਼ਨ ਤੇ ਵੀ ਸਵਾਲ ਚੁੱਕ ਦਿੱਤੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ-ਭਾਜਪਾ ਦਾ ਜੇਕਰ ਰਿਸ਼ਤਾ ਨਹੁੰਮਾਸ ਦਾ ਹੈ ਤਾਂ ਅਕਾਲੀ ਦਲ ਨੇ ਕੇਂਦਰ ਸਰਕਾਰ ਤੋਂ 1984 ਦੇ ਕਤਲੇਆਮ ਚ ਇਨਸਾਫ ਦੁਆਉਣ ਦੀ ਆਵਾਜ਼ ਬੁਲੰਦ ਕਿਉਂ ਨਹੀਂ ਕੀਤੀ। ਉਹ ਵੀ ਉਦੋਂ ਜਦਕਿ ਸੁਖਬੀਰ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਕੇਂਦਰ ਸਰਕਾਰ ਚ ਮੰਤਰੀ ਅਹੁਦੇ ਤੇ ਬੈਠੀ ਹੈ। ਹੁਣ ਧਰਨਾ ਪ੍ਰਦਰਸ਼ਨ ਕਿਉਂ ਕੀਤੇ ਜਾ ਰਹੇ ਹਨ। ਇਹ ਆਪਣੇ ਆਪ ਵਿਚ ਇੱਕ ਸਵਾਲ ਹੈ।