-- 1984 `ਚ ਸੰਕਟ ਵੇਲੇ ਸੁਖਬੀਰ ਬਾਦਲ ਅਮਰੀਕਾ ਚਲੇ ਗਏ ਸਨ
-- ਮੈਨੂੰ ਕੁਰਸੀ ਬਚਾਉਣ ਲਈ ਚਾਪਲੂਸੀਆਂ ਦੀ ਕੋਈ ਲੋੜ ਨਹੀਂ
-- ਰਾਹੁਲ ਗਾਂਧੀ ਤੇ ਗਾਂਧੀ ਪਰਿਵਾਰ ਦਾ ਨਵੰਬਰ 1984 ਕਤਲੇਆਮ ਨਾਲ ਕਦੇ ਕੋਈ ਸਬੰਧ ਨਹੀਂ ਰਿਹਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੰਬਰ 1984 ਸਿੱਖ ਕਤਲੇਆਮ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਿਆਨ `ਤੇ ਪ੍ਰਤੀਕਰਮ ਪ੍ਰਗਟਾਉਂਦਿਆਂ ਹੈ ਕਿ ਜਦੋਂ ਹਿੰਸਕ ਘਟਨਾਵਾਂ ਵਾਪਰੀਆਂ ਸਨ, ਤਦ ਅਕਾਲੀ ਦਲ ਦੇ ਪ੍ਰਧਾਨ ਆਪਣੇ ਥੈਲੇ ਪੈਕ ਕਰ ਕੇ ਪੜ੍ਹਨ ਲਈ ਅਮਰੀਕਾਾ ਚਲੇ ਗਏ ਸਨ। ‘ਪਰ ਮੈਂ ਇੱਥੇ ਹੀ ਸਾਂ ਤੇ ਸਭ ਕੁਝ ਅੱਖੀਂ ਵੇਖਿਆ ਹੈ। ਕਿੱਥੇ, ਕੀ ਤੇ ਕਦੋਂ ਵਾਪਰਿਆ - ਇਸ ਸਭ ਦੀ ਜਾਣਕਾਰੀ ਹੈ ਪਰ ਦੋਵੇਂ ਬਾਦਲ ਉਸ ਸੰਕਟ ਦੀ ਘੜੀ ਕਿਤੇ ਅਲੋਪ ਹੋ ਗਏ ਸਨ।`
ਨਵੰਬਰ 1984 ਦੇ ਕਤਲੇਆਮ ਲਈ ਗਾਂਧੀ ਪਰਿਵਾਰ ਨੂੰ ਦੋਸ਼ੀ ਠਹਿਰਾਉਣ ਵਾਲੇ ਸੁਖਬੀਰ ਬਾਦਲ ਹੁਰਾਂ ਦੇ ਬਿਆਨ ਦਾ ਜੁਆਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਾਂਧੀਆਂ ਦਾ ਉਸ ਕਤਲੇਆਮ ਨਾਲ ਕਦੇ ਦੂਰ ਦਾ ਵੀ ਵਾਹ-ਵਾਸਤਾ ਨਹੀਂ ਰਿਹਾ। ਅਜਿਹੇ ਦੋਸ਼ ਬਿਲਕੁਲ ਬੇਬੁਨਿਆਦ ਹਨ। ਦਰਅਸਲ, ਹੁਣ ਸੁਖਬੀਰ ਬਾਦਲ ਲੋਕ ਸਭਾ ਚੋਣਾਂ ਕਾਰਨ ਮੁੜ ਚੋਣ ਮੈਦਾਨ `ਚ ਉੱਤਰਨ ਲਈ ਤਰਲੋ-ਮੱਛੀ ਹੋ ਰਹੇ ਹਨ ਪਰ ਆਮ ਜਨਤਾ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਨਕਾਰ ਚੁੱਕੀ ਹੈ। ‘ਦਰਅਸਲ, ਇਹੋ ਜਿਹੇ ਦੋਸ਼ ਲਾ ਕੇ ਸੁਖਬੀਰ ਬਾਦਲ ਮੁੜ ਆਪਣੀ ਸਿਆਸਤ ਚਮਕਾਉਣੀ ਚਾਹੁੰਦੇ ਹਨ।`
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਸਦਾ ਜਮਹੂਰੀ ਪ੍ਰਣਾਲੀ `ਤੇ ਕੰਮ ਕਰਦੀ ਹੈ ਤੇ ਕਿਸੇ ਇੱਕ ਲੀਡਰ ਦੇ ਆਪਣੇ ਨਿਜੀ ਵਿਚਾਰਾਂ ਦੇ ਆਧਾਰ `ਤੇ ਨਹੀਂ ਚੱਲਦੀ। ‘ਮੈਨੂੰ ਆਪਣੀ ਕੁਰਸੀ ਬਚਾਉਣ ਲਈ ਚਾਪਲੂਸੀਆਂ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।`
ਕੈਪਟਨ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੀ ਜਨਤਾ ਚਾਹੇਗੀ, ਉਹ ਤਦ ਤੱਕ ਮੁੱਖ ਮੰਤਰੀ ਰਹਿਣਗੇ ਤੇ ਕਾਂਗਰਸ ਲੀਡਰਸਿ਼ਪ ਨੂੰ ਉਨ੍ਹਾਂ `ਤੇ ਪੂਰਾ ਭਰੋਸਾ ਹੈ। ‘ਨਵੰਬਰ 1984 ਦੇ ਕਤਲੇਆਮ ਵੇਲੇ ਰਾਜੀਵ ਗਾਂਧੀ ਪੱਛਮੀ ਬੰਗਾਲ `ਚ ਚੋਣ ਪ੍ਰਚਾਰ ਲਈ ਗਏ ਹੋਏ ਸਨ ਅਤੇ ਰਾਹੁਲ ਗਾਂਧੀ ਤਾਂ ਤਦ ਇੱਕ ਸਕੂਲੀ ਬੱਚੇ ਸਨ ਤੇ ਉਸ ਕਤਲੇਆਮ `ਚ ਉਨ੍ਹਾਂ ਦੀ ਕਦੇ ਕੋਈ ਭੂਮਿਕਾ ਨਹੀਂ ਹੋ ਸਕਦੀ। ਪੀੜਤਾਂ ਨੇ ਕੁਝ ਕਾਂਗਰਸੀ ਆਗੂਆਂ ਦੇ ਨਾਂਅ ਲਏ ਸਨ। ਪਰ ਐੱਫ਼ਆਈਆਰ `ਚ ਤਾਂ ਆਰਐੱਸਐੱਸ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵੀ ਨਾਂਅ ਸਨ। ਸੁਖਬੀਰ ਬਾਦਲ ਅਸਲ `ਚ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦਰਦ ਦਾ ਲਾਹਾ ਵੀ ਲੋਕ ਸਭਾ ਚੋਣਾਂ `ਚ ਲੈਣਾ ਚਾਹੁੰਦੇ ਹਨ। ਰਾਹੁਲ ਗਾਂਧੀ ਜਾਂ ਉਨ੍ਹਾਂ ਦੇ ਗਾਂਧੀ ਪਰਿਵਾਰ ਨੂੰ ਖ਼ੁਦ ਨੂੰ ਬਚਾਉਣ ਲਈ ਕਿਸੇ ਦੀਆਂ ਡਿਊਟੀਆਂ ਲਾਉਣ ਦੀ ਲੋੜ ਨਹੀਂ ਹੈ।`