ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਖਜਿੰਦਰ ਸਿੰਘ ਰੰਧਾਵਾ ਪੁੱਜੇ ਵਰਕਸ਼ਾਪ ’ਚ, ਕਿਸਾਨਾਂ ਨੂੰ ਕੀਤੀ ਅਪੀਲ

''ਤਕਨੀਕੀ ਵਿਕਾਸ ਖੇਤੀਬਾੜੀ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਕਿਸਾਨ ਭਾਈਚਾਰਾ ਅਤਿ ਆਧੁਨਿਕ ਤਕਨੀਕ ਰਾਹੀਂ ਮਿਲਣ ਵਾਲੇ ਅਥਾਹ ਫਾਇਦਿਆਂ ਦਾ ਲਾਭ ਉਠਾਏ।'' ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਅਤੇ ਜੇਲਾਂ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਥੇ ਰੀਜਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਵਿਖੇ 'ਐਗਰੀ ਸਟਾਰਸ-ਅੱਪਸ : ਭਾਰਤ ਵਿੱਚ ਸਹਿਕਾਰੀ ਵਿਕਾਸ 'ਚ ਖੋਜ ਅਤੇ ਤਕਨੀਕ ਦੀ ਭੁਮਿਕਾ' 'ਤੇ ਕਰਵਾਈ ਗਈ ਇਕ ਦਿਨਾ ਵਰਕਸ਼ਾਪ ਦੇ ਉਦਘਾਟਨ ਮੌਕੇ ਕੀਤਾ। ਇਹ ਵਰਕਸ਼ਾਪ ਖੇਤਰੀ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ, ਚੰਡੀਗੜ, ਨਾਬਾਰਡ, ਕ੍ਰਿਭਕੋ ਅਤੇ ਹੇਫੈਡ ਵੱਲੋਂ ਕੀਤੀ ਗਈ ਸੀ।

 

ਕੈਬਨਿਟ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਤਿ ਆਧੁਨਿਕ ਤਕਨੀਕ ਦੀ ਵੱਧ ਤੋਂ ਵੱਧ ਵਰਤੋਂ ਕਰਨ ਨਾਲ ਉਤਪਾਦਨ ਵਿੱਚ ਵਾਧਾ ਹੋਵੇਗਾ ਅਤੇ ਕਿਸਾਨ ਆਪਣੇ ਨਵੇਂ ਸਟਾਰਟ-ਅੱਪਸ ਵਿੱਚ ਨਵੀਨ ਤਕਨੀਕ ਰਾਹੀਂ ਲਾਭ ਪ੍ਰਾਪਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਦਮੀ ਕਿਸਾਨਾਂ ਨੂੰ ਪੰਜਾਬ ਦੀਆਂ ਸਹਿਕਾਰੀ ਪ੍ਰਾਇਮਰੀ ਖੇਤੀਬਾੜੀ ਸੁਸਾਇਟੀਆਂ ਵੱਲੋਂ ਸਟਾਰਟ-ਅੱਪਸ ਨਾਲ ਸਬੰਧਤ ਸਾਰੀ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਕਿਸਾਨਾਂ ਰਾਹੀਂ ਖੇਤੀਬਾੜੀ ਨੂੰ ਤਕਨੀਕੀ ਦ੍ਰਿਸ਼ਟੀਕੋਣ ਤੋਂ ਬਿਲਕੁਲ ਨਵੇਂ ਪੱਧਰ 'ਤੇ ਲਿਜਾ ਕੇ ਸਹਿਕਾਰਤਾ ਲਹਿਰ ਨੂੰ ਹੋਰ ਮਜ਼ਬੂਤ ਬਣਾਇਆ ਜਾ ਸਕੇ।

 

ਕੈਬਨਿਟ ਮੰਤਰੀ ਨੇ ਸਹਿਕਾਰੀ ਖੇਤਰ, ਐਗਰੀ ਸਟਾਰ-ਅੱਪਸ ਦੇ ਨਾਲ-ਨਾਲ ਕਿਸਾਨਾਂ ਨੂੰ ਮਹੱਤਵਪੂਰਨ ਕਾਰਕ ਕਰਾਰ ਦਿੱਤਾ, ਜੋ ਪੰਜਾਬ ਦੇ ਆਰਥਿਕ ਦੇ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਇਕ ਦੂਜੇ ਦਾ ਸਾਥ ਨਿਭਾ ਰਹੇ ਹਨ। ਉਨ੍ਹਾਂ ਇਸ ਵਰਕਸ਼ਾਪ ਦੇ ਆਯੋਜਨ ਲਈ ਖੇਤਰੀ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ, ਚੰਡੀਗੜ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਜੋ ਕਿਸਾਨਾਂ ਦੇ ਸਰਵਪੱਖੀ ਵਿਕਾਸ ਵਿੱਚ ਸਹਾਇਤਾ ਕਰੇਗੀ।

 

ਤਕਨੀਕੀ ਸੈਸ਼ਨ ਦੌਰਾਨ ਅਰਪਿਤਾ ਭੱਟਾਚਾਰਜੀ (ਨਾਬਾਰਡ), ਪ੍ਰਾਜੈਕਟ ਡਾਇਰੈਕਟਰ ਖੇਤੀਬਾੜੀ ਟੈਕਨੋਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਸ੍ਰੀ ਅਮਨ ਕੇਸ਼ਵ, ਐਗਰੀ ਸਲਾਹਕਾਰ ਡਾ. ਰਾਜਿੰਦਰ ਸਿੰਘ, ਸ੍ਰੀ ਜਸਵਿੰਦਰ ਸਿੰਘ, ਡੀ.ਜੀ.ਐਮ. ਯੂਨੀਅਨ ਬੈਂਕ ਆਫ਼ ਇੰਡੀਆ ਸ੍ਰੀ ਪ੍ਰਦੀਪ ਕੁਮਾਰ ਸ੍ਰੀਵਾਸਤਵ, ਰੀਜ਼ਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਦੇ ਡਿਪਟੀ ਡਾਇਰੈਕਟਰ ਸ੍ਰੀ ਜੇ.ਈ.ਪੱਟਕੀ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਅੱਜ ਦੇ ਯੁੱਗ ਵਿਚ ਸਟਾਰਟ-ਅੱਪਸ ਦੀ ਮਹੱਤਤਾ 'ਤੇ ਜ਼ੋਰ ਦਿੱਤਾ।

 

ਰੀਜ਼ਨਲ ਇੰਸਟੀਚਿਊਟ ਆਫ ਕੋਆਪਰੇਟਿਵ ਮੈਨੇਜਮੈਂਟ ਦੇ ਡਾਇਰੈਕਟਰ ਸ੍ਰੀ ਆਰ.ਕੇ. ਸ਼ਰਮਾ ਨੇ ਕੈਬਨਿਟ ਮੰਤਰੀ ਅਤੇ ਹੋਰ ਪਤਵੰਤਿਆਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੇ ਕਿਸਾਨਾਂ ਦੇ ਸਰਵਪੱਖੀ ਵਿਕਾਸ ਅਤੇ ਰੁਜ਼ਗਾਰ ਦੇ ਵਾਧੂ ਮੌਕੇ ਪੈਦਾ ਕਰਨ ਵਿੱਚ ਐਗਰੀ ਸਟਾਰਟ-ਅੱਪਸ ਦੀ ਭੂਮਿਕਾ ਬਾਰੇ ਵੀ ਦੱਸਿਆ। ਇਸ ਪ੍ਰੋਗਰਾਮ ਦਾ ਸੰਚਾਲਨ ਫੈਕਲਟੀ ਮੈਂਬਰ ਡਾ. ਜੇ.ਐਸ. ਕਾਲੜਾ ਵੱਲੋਂ ਕੀਤਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sukhjinder Singh Randhawa arrives at workshop appeals to farmers