ਪੰਜਾਬ `ਚ ਅੱਜ ਕੁਝ ਸੀਨੀਅਰ ਆਗੂਆਂ ਨੂੰ ਪਾਰਟੀ `ਚੋਂ ਬਾਹਰ ਦਾ ਰਸਤਾ ਵਿਖਾਉਣ ਦਾ ਦਿਨ ਜਾਪਦਾ ਹੈ। ਹਾਲੇ ਸ੍ਰੀ ਸੇਵਾ ਸਿੰਘ ਸੇਖਵਾਂ ਨੂੰ ਸ਼੍ਰੋਮਣੀ ਅਕਾਲੀ ਦਲ `ਚੋਂ ਕੱਢਣ ਦੀ ਖ਼ਬਰ ਚੱਲੀ ਹੀ ਸੀ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਨੂੰ ਆਮ ਆਦਮੀ ਪਾਰਟੀ (ਆਪ) `ਚੋਂ ਮੁਅੱਤਲ ਕਰਨ ਦੀ ਵੱਡੀ ਖ਼ਬਰ ਆ ਗਈ। ਇੰਝ ਹੁਣ ਇਨ੍ਹਾਂ ਦੋਵੇਂ ਆਗੂਆਂ ਨੂੰ ਹੌਲੀ-ਹੌਲੀ ਪਾਰਟੀ `ਚੋਂ ਬਾਹਰ ਕਰਨ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦਾ ਫ਼ੈਸਲਾ ਸਾਹਮਣੇ ਆਉਂਦਿਆਂ ਹੀ ਸੁਖਪਾਲ ਸਿੰਘ ਖਹਿਰਾ ਨੇ ਇੱਕ ਨਵਾਂ ਮੋਰਚਾ ਬਣਾਉਣ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਤਾਜ਼ਾ ਖ਼ਬਰ ਦੇ ਹੋਰ ਵੇਰਵਿਆਂ ਦੀ ਉਡੀਕ ਹੈ।
ਭੁਲੱਥ ਹਲਕੇ ਤੋਂ ਸ੍ਰੀ ਸੁਖਪਾਲ ਖਹਿਰਾ ਨੇ ਹਾਲੇ ਕੱਲ੍ਹ ਹੀ ਪਰਾਲ਼ੀ ਸਾੜਨ ਦੇ ਮੁੱਦੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਮੁਖੀ (ਕਨਵੀਨਰ) ਸ੍ਰੀ ਅਰਵਿੰਦ ਕੇਜਰੀਵਾਲ `ਤੇ ਤਿੱਖੇ ਹਮਲੇ ਕੀਤੇ ਸਨ। ਉੱਧਰ ਖਰੜ ਹਲਕੇ ਤੋਂ ਪਾਰਟੀ ਵਿਧਾਇਕ ਕੰਵਰ ਸੰਧੂ ਵੀ ਦਿੱਲੀ ਦੀ ਲੀਡਰਸਿ਼ਪ `ਤੇ ਹਮਲੇ ਕਰਦੇ ਰਹੇ ਹਨ।
ਅੱਜ ਆਮ ਆਦਮੀ ਪਾਰਟੀ ਵੱਲੋਂ ਜਾਰੀ ਇੱਕ ਬਿਆਨ `ਚ ਆਖਿਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਲਗਾਤਾਰ ਪਾਰਟੀ-ਵਿਰੋਧੀ ਗਤੀਵਿਧੀਆਂ `ਚ ਸ਼ਾਮਲ ਹੁੰਦੇ ਰਹੇ ਹਨ ਤੇ ਪਾਰਟੀ ਹਾਈ-ਕਮਾਂਡ ਵਿਰੁੱਧ ਹਮਲੇ ਵੀ ਕਰਦੇ ਰਹੇ ਹਨ। ਪਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਦੋਵੇਂ ਆਗੂਆਂ ਵਿਰੁੱਧ ਕਾਰਵਾਈ ਦਾ ਫ਼ੈਸਲਾ ਕੋਰ ਕਮੇਟੀ ਨੇ ਲਿਆ ਹੈ ਕਿਉਂਕਿ ਉਨ੍ਹਾਂ ਨੁੰ ਮਨਾਉਣ ਤੇ ਸਮਝਾਉਣ ਦੇ ਹਰ ਤਰ੍ਹਾਂ ਦੇ ਜਤਨ ਨਾਕਾਮ ਰਹੇ ਹਨ।
ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੀ ਕੋਰ ਕਮੇਟੀ `ਤੇ ਭਗਵੰਤ ਮਾਨ ਦਾ ਪ੍ਰਭਾਵ ਵਧੇਰੇ ਹੈ। ਵੀਰਵਾਰ ਨੂੰ ਜਦੋਂ ਸ੍ਰੀ ਕੇਜਰੀਵਾਲ ਚੰਡੀਗੜ੍ਹ ਆਏ ਸਨ, ਤਦ ਵੀ ਕੋਰ ਕਮੇਟੀ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਸ੍ਰੀ ਸੁਖਪਾਲ ਖਹਿਰਾ ਤੇ ਸ੍ਰੀ ਕੰਵਰ ਸੰਧੂ ਨੂੰ ਹੁਣ ਬਹੁਤ ਅਗਾਂਹ ਜਾ ਚੁੱਕੇ ਹਨ ਤੇ ਹੁਣ ਉਨ੍ਹਾਂ ਨੂੰ ਮੋੜਨਾ ਬਹੁਤ ਔਖਾ ਹੈ।