ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ (ਸ਼ਹਿਰੀ) ਇਕਾਈ ਦੇ ਸਾਬਕਾ ਪ੍ਰਧਾਨ ਸ੍ਰੀ ਸੁਰੇਸ਼ ਸ਼ਰਮਾ `ਤੇ ਅੱਜ ਕਾਤਲਾਨਾ ਹਮਲਾ ਹੋਇਆ। ਇਹ ਘਟਨਾ ਮੰਗਲਵਾਰ ਸ਼ਾਮੀਂ 7:00 ਵਜੇ ਦੀ ਹੈ। ਹਮਲਾਵਰਾਂ ਨੇ ਉਨ੍ਹਾਂ ਦੇ ਚਾਰ ਗੋਲ਼ੀਆਂ ਮਾਰੀਆਂ ਹਨ। ਉਨ੍ਹਾਂ ਦੀ ਸੱਜੀ ਲੱਤ ਬੁਰੀ ਤਰ੍ਹਾਂ ਫੱਟੜ ਹੋ ਗਈ ਹੈ। ਉਨ੍ਹਾਂ `ਤੇ ਇਹ ਹਮਲਾ ਉਨ੍ਹਾਂ ਦੀ ਆਪਣੀ ਫ਼ਰਨੀਚਰ ਦੀ ਦੁਕਾਨ `ਤੇ ਹੋਇਆ, ਜੋ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਪ੍ਰਤਾਪ ਬਾਜ਼ਾਰ `ਚ ਹੈ।
ਸ੍ਰੀ ਸ਼ਰਮਾ ਅੱਜ-ਕੱਲ੍ਹ ਆਪਣੀ ਹਮਾਇਤ ਆਮ ਆਦਮੀ ਪਾਰਟੀ `ਚ ਸ੍ਰੀ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠਲੇ ਕਥਿਤ ਬਾਗ਼ੀ ਧੜੇ ਨੂੰ ਦੇ ਰਹੇ ਹਨ।
ਸ੍ਰੀ ਸੁਰੇਸ਼ ਸ਼ਰਮਾ ਦੇ ਪੁੱਤਰ ਸਾਜਨ ਸ਼ਰਮਾ ਨੇ ਦੱਸਿਆ ਕਿ ਇੱਕ ਨਕਾਬਪੋਸ਼, ਜੋ 24-25 ਸਾਲਾਂ ਦਾ ਹੋਵੇਗਾ, ਉਹ ਅਚਾਨਕ ਦੁਕਾਨ `ਚ ਦਾਖ਼ਲ ਹੋਇਆ ਤੇ ਉਸ ਨੇ ਉਨ੍ਹਾਂ ਦੇ ਪਿਤਾ `ਤੇ ਚੀਕਣਾ ਸ਼ੁਰੂ ਕਰ ਦਿੱਤਾ। ਬਾਜ਼ਾਰ `ਚ ਕਿਸੇ ਨੇ ਵੀ ਉਸ ਹਮਲਾਵਰ ਨੂੰ ਰੋਕਣ ਦੀ ਕੋਈ ਕੋਸਿ਼ਸ਼ ਨਹੀਂ ਕੀਤੀ।
ਸ੍ਰੀ ਸਾਜਨ ਨੇ ਦੱਸਿਆ ਕਿ ਜਦੋਂ ਉਹ ਦੁਕਾਨ `ਤੇ ਪੁੱਜੇ, ਤਾਂ ਉਨ੍ਹਾਂ ਦੇ ਪਿਤਾ ਖ਼ੂਨ ਦੇ ਛੱਪੜ `ਚ ਪੲਹੇ ਸਨ। ਹੋਰਨਾਂ ਦੁਕਾਨਦਾਰਾਂ ਦੀ ਮਦਦ ਨਾਲ ਸ੍ਰੀ ਸੁਰੇਸ਼ ਸ਼ਰਮਾ ਨੂੰ ਛੇਹਰਟਾ ਦੇ ਇੱਕ ਪ੍ਰਾਈਵੇਟ ਹਸਪਤਾਲ `ਚ ਲਿਜਾਂਦਾ ਗਿਆ, ਜਿੱਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਇੱਕ ਹੋਰ ਪ੍ਰਾਈਵੇਟ ਹਸਪਤਾਲ `ਚ ਭੇਜ ਦਿੱਤਾ ਗਿਆ।
ਉੱਚ ਪੁਲਿਸ ਅਧਿਕਾਰੀਆਂ ਨੇ ਹਸਪਤਾਲ `ਚ ਜਾ ਕੇ ਸ੍ਰੀ ਸੁਰੇਸ਼ ਸ਼ਰਮਾ ਦੇ ਬਿਆਨ ਲੈਣ ਦੇ ਜਤਨ ਕੀਤੇ ਤੇ ਉਨ੍ਹਾਂ ਘਟਨਾ ਸਥਾਨ ਦੀ ਵੀ ਤਹਿਕੀਕਾਤ ਕੀਤੀ।
ਇਸ ਦੌਰਾਨ ਭੁਲੱਥ ਹਲਕੇ ਤੋਂ ਵਿਧਾਇਕ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਸੂਬੇ `ਚ ਇਸ ਇੱਕ ਹੋਰ ਹਿੰਸਕ ਘਟਨਾ ਨੇ ਸੂਬੇ `ਚ ਕਾਨੂੰਨ ਤੇ ਵਿਵਸਥਾ ਦੀ ਵਿਗੜਦੀ ਜਾ ਰਹੀ ਹਾਲਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਜੇ ਕਾਂਗਰਸ ਸਰਕਾਰ ਅਧੀਨ ਸ੍ਰੀ ਸੁਰੇਸ਼ ਸ਼ਰਮਾ ਜਿਹੇ ਉੱਘੇ ਵਿਅਕਤੀ `ਤੇ ਇੰਝ ਹਮਲਾ ਹੋ ਸਕਦਾ ਹੈ, ਤਾਂ ਆਮ ਆਦਮੀ ਦੀ ਅਸਲ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਅਤੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਲਈ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਸ੍ਰੀ ਚੀਮਾ ਨੇ ਕਿਹਾ ਕਿ ਖ਼ੁਫ਼ੀਆ ਏਜੰਸੀਆਂ ਤੇ ਸੂਬਾ ਪੁਲਿਸ ਪੂਰੀ ਤਰ੍ਹਾਂ ਨਾਕਾਮ ਹੋ ਕੇ ਰਹਿ ਗਈਆਂ ਹਨ। ਸੂਬੇ ਵਿੱਚ ਅਰਾਜਕਤਾ ਫੈਲੀ ਹੋਈ ਹੈ ਤੇ ਜੰਗਲ ਦਾ ਰਾਜ ਹੈ।