ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਮੀਆਂ-ਬੇਸ਼ੀਆਂ ਦੇ ਬਾਵਜੂਦ ਆਪਣੇ ਰਾਹ ਤੁਰਦੇ ਗਏ ਸੁਮੇਧ ਸਿੰਘ ਸੈਨੀ

ਸੁਮੇਧ ਸਿੰਘ ਸੈਨੀ

-- ਸਨਿੱਚਰਵਾਰ ਨੂੰ ਹੋ ਗਏ ਸੇਵਾ-ਮੁਕਤ

 

ਪੰਜਾਬ ਦੇ ਬਹੁ-ਚਰਚਿਤ ਪੁਲਿਸ ਅਧਿਕਾਰੀ (ਸੁਪਰ ਕਾੱਪ) ਸੁਮੇਧ ਸਿੰਘ ਸੈਣੀ 36 ਸਾਲਾਂ ਦੀ ਸੇਵਾ ਤੋਂ ਬਾਅਦ ਅੱਜ ਸਨਿੱਚਰਵਾਰ ਨੂੰ ਸੇਵਾ-ਮੁਕਤ ਹੋ ਗਏ। ਇਸ ਵੇਲੇ ਉਹ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਦੇ ਅਹੁਦੇ `ਤੇ ਤਾਇਨਾਤ ਸਨ। ਜਿੱਥੇ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਲੰਮੇਰੀ ਹੈ, ਉੱਥੇ ਉਨ੍ਹਾਂ ਨਾਲ ਜੁੜੇ ਵਿਵਾਦਾਂ ਦੀ ਪੰਡ ਵੀ ਕਾਫ਼ੀ ਭਾਰੀ ਹੈ। ਅਜਿਹੀਆਂ ਕਮੀਆਂ-ਬੇਸ਼ੀਆਂ ਉਨ੍ਹਾਂ ਦੇ ਸਮੁੰਚੇ ਕਰੀਅਰ ਦੇ ਨਾਲ-ਨਾਲ ਚੱਲਦੀਆਂ ਰਹੀਆਂ ਹਨ।

1982 ਬੈਚ ਦੇ ਆਈਪੀਐੱਸ ਅਧਿਕਾਰੀ ਸੁਮੇਧ ਸੈਣੀ ਪੰਜਾਬ ਦੇ ਡੀਜੀਪੀ ਰੈਂਕ ਤੱਕ ਪੁੱਜੇ ਅਤੇ ਕੁਝ ਵਰ੍ਹੇ ਸੂਬੇ ਦੀ ਪੁਲਿਸ ਦੀ ਬਾਖ਼ੂਬੀ ਅਗਵਾਈ ਕੀਤੀ। ਉਨ੍ਹਾਂ ਦਾ ਸਾਰਾ ਕਰੀਅਰ ਹੀ ਵਰਨਣਯੋਗ ਰਿਹਾ ਹੈ।

ਸੁਮੇਧ ਸੈਣੀ ਹੁਰਾਂ ਨੂੰ ਪੰਜਾਬ ਦੇ ਸਾਬਕਾ ਡੀਜੀਪੀ ਕੇਪੀਅੇੱਸ ਗਿੱਲ ਦੇ ਬਹੁਤ ਨੇੜੇ ਮੰਨਿਆ ਜਾਂਦਾ ਸੀ। ਸੂਬੇ `ਚੋਂ ਖਾੜਕੂਵਾਦ ਦਾ ਖ਼ਾਤਮਾ ਕਰਨ ਦਾ ਸਿਹਰਾ ਗਿੱਲ ਸਿਰ ਹੀ ਬੱਝਦਾ ਹੈ; ਭਾਵੇਂ ਇਸ ਨਾਲ ਕੁਝ ਵਿਵਾਦ ਵੀ ਜੁੜਦੇ ਰਹੇ। ਸੁਮੇਧ ਸੈਣੀ ਬਟਾਲਾ, ਫਿ਼ਰੋਜ਼ਪੁਰ, ਲੁਧਿਆਣਾ, ਬਠਿੰਡਾ, ਰੂਪਨਗਰ ਅਤੇ ਚੰਡੀਗੜ੍ਹ ਦੇ ਐੱਸਐੱਸਪੀ ਰਹੇ। ਉਨ੍ਹਾਂ ਨੇ ਖ਼ਾਲਿਸਤਾਨੀ ਵੱਖਵਾਦੀਆਂ ਲਈ ‘ਗੋਲ਼ੀ ਬਦਲੇ ਗੋਲ਼ੀ` ਦੀ ਨੀਤੀ ਅਪਣਾਈ ਸੀ।

ਜਦੋਂ ਪੰਜਾਬ ਦੇ ਡੀਜੀਪੀ ਕੇਪੀਐੱਸ ਗਿੱਲ ਸੀ, ਤਦ ਸੁਮੇਧ ਸੈਣੀ ਨੂੰ ਸੂਬੇ `ਚ ਸਰਗਰਮ ਹਥਿਆਰਬੰਦ ਖਾੜਕੂਆਂ ਦਾ ਮੁਕੰਮਲ ਖ਼ਾਤਮਾ ਕਰਨ ਦੀ ਪੂਰੀ ਖੁੱਲ੍ਹ ਮਿਲੀ ਹੋਈ ਸੀ।

ਸੁਮੇਧ ਸੈਣੀ ਉਸ ਸਮੇਂ ਖ਼ਾਲਿਸਤਾਨੀ ਤਾਕਤਾਂ ਦੇ ਕੱਟੜ ਦੁਸ਼ਮਣ ਵਜੋਂ ਪ੍ਰਸਿੱਧ ਸਨ। ਤਦ ਉਨ੍ਹਾਂ `ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ ਵੀ ਲੱਗਦੇ ਰਹੇ ਸਨ।

ਅਗਸਤ 1991 `ਚ, ਜਦੋਂ ਉਹ ਚੰਡੀਗੜ੍ਹ ਦੇ ਐੱਸਐੱਸਪੀ ਸੀ, ਤਦ ਖ਼ਾਲਿਸਤਾਨ ਲਿਬਰੇਸਨ ਫ਼ੋਰਸ ਦੇ ਅੱਤਵਾਦੀਆਂ ਨੇ ਉਨ੍ਹਾਂ `ਤੇ ਬੰਬ ਨਾਲ ਹਮਲਾ ਵੀ ਕੀਤਾ ਸੀ। ਉਨ੍ਹਾਂ ਦੇ ਤਿੰਨ ਸਾਥੀ ਪੁਲਿਸ ਮੁਲਾਜ਼ਮ ਇਸ ਹਮਲੇ ਦੌਰਾਨ ਮਾਰੇ ਗਏ ਸਨ ਤੇ ਉਹ ਖ਼ੁਦ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਨ। ਸਿੱਖ ਮੂਲਵਾਦੀਆਂ ਲਈ ਕੇਪੀਅੇੱਸਗਿੱਲ ਅਤੇ ਸੁਮੇਧ ਸੈਣੀ ਸਦਾ ‘ਸਭ ਤੋਂ ਵੱਡੇ ਖਲਨਾਇਕ` ਰਹੇ ਹਨ ਤੇ ਸ਼ਾਇਦ ਅੱਗੇ ਵੀ ਬਣੇ ਰਹਿਣਗੇ। ਸਾਲ 1997 `ਚ ਜਦੋਂ ਸੈਣੀ ਆਪਣੇ ਇੱਕ ਨਿਜੀ ਦੌਰੇ `ਤੇ ਲੰਡਨ ਗਏ ਸਨ, ਤਾਂ ਉੱਥੇ ਵੀ ਬੱਬਰ ਖ਼ਾਲਸਾ ਦੇ ਪਰਮਾਰ ਧੜੇ ਨੇ ਉਨ੍ਹਾਂ ਨੂੰ ਖ਼ਤਮ ਕਰਨ ਦੀ ਸਾਜਿ਼ਸ਼ ਰਚੀ ਸੀ, ਜੋ ਉੱਥੋਂ ਦੀ ਪੁਲਿਸ ਵੱਲੋਂ ਨਾਕਾਮ ਕਰ ਦਿੱਤੀ ਗਈ ਸੀ। ਤਦ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੂੰ ਜ਼ੈੱਡ ਪਲੱਸ ਸੁਰੱਖਿਆ ਹਾਸਲ ਹੈ।

ਸੁਮੇਧ ਸੈਣੀ `ਤੇ ਹਾਲੇ ਵੀ ਲੁਧਿਆਣਾ ਦੇ ਇੱਕ ਸਨਅਤਕਾਰ, ਉਸ ਦੇ ਸਾਲ਼ੇ ਤੇ ਉਸ ਦੇ ਡਰਾਇਵਰ ਨੂੰ ਕਥਿਤ ਤੌਰ `ਤੇ ਅਗ਼ਵਾ ਕਰ ਕੇ ਉਨ੍ਹਾਂ ਨੂੰ ਮਾਰਨ ਦਾ ਦੋਸ਼ ਲੱਗਦਾ ਹੈ। ਉਸ ਸਿ਼ਕਾਇਤ ਵਿੱਚ ਲਿਖਿਆ ਹੈ ਕਿ ਸਨਅਤਕਾਰ ਵਿਨੋਦ ਕੁਮਾਰ ਦੇ ਸੁਮੇਧ ਸੈਣੀ ਦੇ ਲੁਧਿਆਣਾ ਰਹਿੰਦੇ ਕੁਝ ਰਿਸ਼ਤੇਦਾਰਾਂ ਨਾਲ ਕੋਈ ਕਾਰੋਬਾਰੀ ਵਿਵਾਦ ਚੱਲ ਰਹੇ ਸਨ।। ਸਾਲ 1994 `ਚ ਸੈਣੀ ਲੁਧਿਆਣਾ ਦੇ ਐੱਸਐੱਸਪੀ ਸਨ।

ਸੁਮੇਧ ਸੈਣੀ ਜਦੋਂ ਚੰਡੀਗੜ੍ਹ ਦੇ ਐੱਸਐੱਸਪੀ ਸਨ, ਤਦ ਵੀ ਉਹ ਇੱਕ ਵਾਰ ਸੁਰਖ਼ੀਆਂ `ਚ ਆ ਗਏ ਸਨ, ਜਦੋਂ ਉਨ੍ਹਾਂ ਇੱਕ ਲੈਫ਼ਟੀਨੈਂਟ ਕਰਨਲ `ਤੇ ਕਥਿਤ ਹਮਲਾ ਕਰ ਦਿੱਤਾ ਸੀ। ਉਦੋਂ ਫ਼ੌਜ ਬਨਾਮ ਪੁਲਿਸ ਵਿਵਾਦ ਉੱਠ ਖੜ੍ਹਾ ਹੋਇਆ ਸੀ। ਜਦੋਂ ਉਹ ਬਠਿੰਡਾ ਦੇ ਐੱਸਐੱਸਪੀ ਸਨ, ਤਦ ਡਿਪਟੀ ਕਮਿਸ਼ਨਰ ਦੇ ਘਰ ਇੱਕ ਪਾਰਟੀ ਦੌਰਾਨ ਉਨ੍ਹਾਂ ਦੀ ਇਕ ਐਕਸੀਅਨ ਨਾਲ ਹੱਥੋਪਾਈ ਹੋ ਗਈ ਸੀ।

ਸੁਮੇਧ ਸੈਣੀ ਜਦੋਂ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਮੁਖੀ ਸਨ, ਤਦ ਉਨ੍ਹਾਂ `ਤੇ ਹਾਈ ਕੋਰਟ ਦੇ ਜੱਜਾਂ ਦੇ ਫ਼ੋਨ ਟੈਪ ਕਰਨ ਦੇ ਦੋਸ਼ ਲੱਗੇ ਸਨ।

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਉਦੋਂ ਦੇ ਚੇਅਰਮੈਨ ਰਵੀ ਸਿੱਧੂ ਦੇ ਕਥਿਤ ਭ੍ਰਿਸ਼ਟਾਚਾਰ ਨੂੰ ਬੇਨਕਾਬ ਕਰਨ ਦਾ ਸਿਹਰਾ ਵੀ ਸੁਮੇਧ ਸੈਣੀ ਸਿਰ ਹੀ ਬੱਝਦਾ ਹੈ। ਇੰਝ ਹੀ 2007 `ਚ ਜਦੋਂ ਸੈਣੀ ਵਿਜੀਲੈਂਸ ਮੁਖੀ ਸਨ, ਤਦ ਉਨ੍ਹਾਂ ਦੀ ਅਗਵਾਈ ਹੇਠ ਹੀ ਪੰਜਾਬ ਦੇ ਸਾਬਕਾ ਡੀਜੀਪੀ ਐੱਸਐੱਸ ਵਿਰਕ ਨੂੰ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ ਲੱਗੇ ਸਨ। ਪਰ ਸਾਲ 2017 `ਚ ਵਿਜੀਲੈਂਸ ਬਿਊਰੋ ਨੇ ਇਹ ਆਖ ਕੇ ਇਹ ਮਾਮਲਾ ਬੰਦ ਕਰਵਾ ਦਿੱਤਾ ਸੀ ਕਿ ਵਿਰਕ ਹੁਰਾਂ ਖਿ਼ਲਾਫ਼ ਕੋਈ ਸਬੁਤ ਨਹੀਂ ਮਿਲਿਆ।

ਪੰਜਾਬ ਦੇ ਮੌਜੁਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸੁਮੇਧ ਸੈਣੀ ਹੁਰਾਂ ਦੇ ਸਬੰਧ ਕਦੇ ਵਧੀਆ ਨਹੀਂ ਬਣ ਸਕੇ, ਇਸੇ ਲਈ ਉਹ ਅਕਾਲੀਆਂ, ਖ਼ਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਹੁਤ ਨੇੜੇ ਹੋ ਗਏ। ਜਦੋਂ ਦੂਜੀ ਵਾਰ 2012 `ਚ ਅਕਾਲੀਆਂ ਦੀ ਸਰਕਾਰ ਆਈ, ਤਦ ਚਾਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਅੱਖੋਂ ਪ੍ਰੋਖੇ ਕਰ ਕੇ ਸੁਮੇਧ ਸੈਣੀ ਨੂੰ ਹੀ ਸੂਬਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਸੀ। ਉਹ 54 ਸਾਲ ਦੀ ਉਮਰੇ ਸੂਬੇ ਦੇ ਡੀਜੀਪੀ ਬਣ ਗਏ ਸਨ। ਇਸ ਤੋਂ ਪਹਿਲਾਂ ਇੰਨੀ ਛੋਟੀ ਉਮਰ ਵਿੱਚ ਕਦੇ ਕੋਈ ਡੀਜੀਪੀ ਨਹੀਂ ਬਣਿਆ।

ਮਾਰਚ 2015 `ਚ ਦੀਨਾਨਗਰ ਪੁਲਿਸ ਥਾਣੇ `ਤੇ ਹਮਲਾ ਕਰਨ ਵਾਲੇ ਪਾਕਿਸਤਾਨੀ ਦਹਿਸ਼ਤਗਰਦਾਂ ਖਿ਼ਲਾਫ਼ ਉਨ੍ਹਾਂ ਨੇ ਆਪਰੇਸ਼ਨ ਕੀਤਾ ਸੀ। ਫਿਰ ਜਦੋਂ ਸੂਬੇ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੁਝ ਕਾਂਡ ਵਾਪਰ ਗਏ, ਤਦ ਬਾਦਲਾਂ ਨੂੰ ਮਜਬੂਰਨ ਸੁਮੇਧ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਲਾਂਭੇ ਕਰਨਾ ਪਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸੀ ਪਰ ਉਹ ਕਦੇ ਦਫ਼ਤਰ ਨਹੀਂ ਗਏ, ਉਹ ਘਰੋਂ ਹੀ ਸਾਰਾ ਕੰਮ ਚਲਾਉਂਦੇ ਰਹੇ।

ਸੁਮੇਧ ਸੈਣੀ ਤਮਾਕੂਨੋਸ਼ੀ ਦੇ ਬਹੁਤ ਸ਼ੌਕੀਨ ਹਨ। ਉਹ ਸਿਰਫ਼ ਆਪਣੀ ਪਸੰਦ ਦੇ ਹੀ ਅਧਿਕਾਰੀ ਤੇ ਪੱਤਰਕਾਰ ਨਾਲ ਗੱਲ ਕਰਦੇ ਹਨ। ਅਜਿਹੀਆਂ ਹੀ ਕੁਝ ਗੱਲਾਂ ਨੇ ਉਨ੍ਹਾਂ ਨੂੰ ਸਦਾ ਵਿਲੱਖਣ ਬਣਾ ਕੇ ਰੱਖਿਆ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sumedh Singh Saini: Between rights and wrongs