ਅਗਲੀ ਕਹਾਣੀ

ਆਮਦਨ ਟੈਕਸ ਅਧਿਕਾਰੀਆਂ ਦੇ 'ਸਿ਼ਕੰਜੇ `ਚ' ਸੁਨਾਮ ਦਾ ਜੋਤਸ਼ੀ

ਸੁਨਾਮ ਦਾ ਜੋਤਸ਼ੀ ਰੋਹਿਤ ਸ਼ਰਮਾ

--  ਨਾ ਕਰ ਸਕਿਆ ਆਪਣੇ ਬਾਰੇ ਭਵਿੱਖਬਾਣੀ

--  ‘ਟੈਕਸ-ਚੋਰੀ` ਦੇ ਦੋਸ਼

 

ਆਮਦਨ ਟੈਕਸ ਦੇ ਅਧਿਕਾਰੀਆਂ ਨੇ ਸੁਨਾਮ ਦੇ ਇੱਕ ਪ੍ਰਸਿੱਧ ਜੋਤਸ਼ੀ ਦੇ ਦਫ਼ਤਰ ਦਾ ਸਰਵੇਖਣ ਕੀਤਾ ਹੈ ਕਿਉਂਕਿ ਉਸ ਜੋਤਸ਼ੀ `ਤੇ ‘ਟੈਕਸ-ਚੋਰੀ` ਦਾ ਦੋਸ਼ ਸੀ। ਇਸ ਮਾਮਲੇ ਦਾ ਦਿਲਚਸਪ ਪੱਖ ਇਹ ਹੈ ਕਿ ਇਸ ਪੇਸ਼ੇਵਰਾਨਾ ਜੋਤਸ਼ੀ ਨੂੰ ਹੁਣ ਆਮਦਨ ਟੈਕਸ ਸਰਵੇਖਣ ਦੇ ਘੇਰੇ ਅਧੀਨ ਲਿਆਂਦਾ ਗਿਆ ਹੈ ਕਿਉਂਕਿ ਇੱਥੇ ਆਮਦਨ ਦੇ ਜਾਣਬੁੱਝ ਕੇ ਗ਼ਲਤ ਵੇਰਵੇ ਦਿੱਤੇ ਜਾ ਰਹੇ ਸਨ।


ਇਹ ਜੋਤਸ਼ੀ ਲੋਕਾਂ ਦੀਆਂ ਜਨਮ-ਪੱਤਰੀਆਂ ਬਣਾ ਕੇ ਲੋਕਾਂ ਦੇ ਸਾਰੇ ਜੀਵਨ ਦੀਆਂ ਭਵਿੱਖਬਾਣੀਆਂ ਕਰਦਾ ਹੈ ਤੇ ਉਸ ਦੇ ਗਾਹਕਾਂ/ਮੁਵੱਕਿਲਾਂ ਦੀ ਗਿਣਤੀ ਬਹੁਤ ਜਿ਼ਆਦਾ ਹੈ। ਉਸ ਦੇ ਦਫ਼ਤਰ `ਚ ਅਕਸਰ ਹੀ ਬਹੁਤ ਵੱਂਡੀ ਭੀੜ ਵੇਖੀ ਜਾ ਸਕਦੀ ਹੈ। ਪਰ ਉਹ ਖ਼ੁਦ ਆਪਣੇ ਬਾਰੇ ਭਵਿੱਖਬਾਣੀ ਨਾ ਕਰ ਸਕਿਆ ਕਿ ਉਸ ਦੇ ਦਫ਼ਤਰ ਦੀ ਜਾਂਚ ਲਈ ਆਮਦਨ ਟੈਕਸ ਦੇ ਅਧਿਕਾਰੀ ਆ ਰਹੇ ਹਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਜੋਤਸ਼ੀ ਜੀਐੱਸਟੀ ਵੀ ਅਦਾ ਨਹੀਂ ਕਰ ਰਿਹਾ ਸੀ।


ਸੰਗਰੂਰ ਰੇਂਜ ਦੇ ਆਮਦਨ ਟੈਕਸ ਮਾਮਲਿਆਂ ਦੇ ਐਡੀਸ਼ਨਲ ਕਮਿਸ਼ਨਰ ਕੁਲਤੇਜ ਸਿੰਘ ਬੈਂਸ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜੋਤਸ਼ੀ ਰੋਹਿਤ ਸ਼ਰਮਾ ਨੇ ਬਾਕਾਇਦਾ ਬੋਰਡ ਲਾਇਆ ਹੋਇਆ ਸੀ ਕਿ ਹਰੇਕ ਮੰਗਲਵਾਰ, ਬੁੱਧਵਾਰ ਤੇ ਵੀਰਵਾਰ ਨੂੰ 1,100 ਰੁਪਏ ਲੈ ਕੇ ਜਨਮ-ਪੱਤਰੀ ਤਿਆਰ ਕਰ ਕੇ ਦੇਵੇਗਾ ਜਾਂ ਹੱਥ ਦੀਆਂ ਰੇਖਾਵਾਂ ਤੋਂ ਗਾਹਕ ਦਾ ਭਵਿੱਖ ਦੱਸੇਗਾ। ਇੰਝ ਹੀ ਉਸ ਨੇ ਹਰੇਕ ਸ਼ੁੱਕਰਵਾਰ, ਸਨਿੱਚਰਵਾਰ, ਐਤਵਾਰ ਤੇ ਸੋਮਵਾਰ ਨੂੰ 500 ਰੁਪਏ ਦੇ ਕੇ ਗਾਹਕਾਂ ਦੇ ਸੁਆਲਾਂ ਦੇ ਜੁਆਬ ਦੇਣ ਦਾ ਵੀ ਦਾਅਵਾ ਬੋਰਡ `ਤੇ ਕੀਤਾ ਹੋਇਆ ਸੀ।


ਹੋਰ ਤਾਂ ਹੋਰ ਇਸ ਜੋਤਸ਼ੀ ਨੇ ਆਪਣੇ ਕੁਝ ਕਾਹਲ਼ੇ ਗਾਹਕਾਂ ਲਈ ‘ਤਤਕਾਲ ਯੋਜਨਾ` ਵੀ ਰੱਖੀ ਹੋਈ ਸੀ; ਉਹ 2,500 ਰੁਪਏ ਅਦਾ ਕਰ ਕੇ ਕਤਾਰ ਤੋੜ ਕੇ ਸਿੱਧੇ ਵੀ ਉਸ ਨੂੰ ਮਿਲ ਸਕਦੇ ਸਨ। ਇਹ ਦਰਾਂ 9 ਜੁਲਾਈ, 2016 ਤੋਂ ਲਾਗੂ ਕੀਤੀਆਂ ਗਈਆਂ ਸਨ।


ਜੋਤਸ਼ੀ ਰੋਹਿਤ ਸ਼ਰਮਾ ਦਾ ਦਫ਼ਤਰ ਕਿਸੇ ਡਾਕਟਰ ਦੇ ਕਲੀਨਿਕ ਵਰਗਾ ਵਿਖਾਈ ਦਿੰਦਾ ਹੈ। ਆਮਦਨ ਟੈਕਸ ਦੇ ਅਧਿਕਾਰੀਆਂ ਨੇ ਉਸ ਤੋਂ ਦੇਰ ਰਾਤ ਤੱਕ ਸੁਆਲ ਕੀਤੇ। ਆਮਦਨ ਟੈਕਸ ਅਧਿਕਾਰੀਆਂ ਨੇ ਜੋਤਸ਼ੀ ਦਾ ਲੈਪਟਾਪ ਤੇ ਦੋ ਹੋਰ ਕੰਪਿਊਟਰ ਵੀ ਕਬਜ਼ੇ `ਚ ਲੈ ਲਏ ਹਨ। ਇਹ ਜੋਤਸ਼ੀ ਅਸਲ `ਚ ਕਾਂਗਰਸ ਦੇ ਸੁਨਾਮ ਤੋਂ ਸਾਬਕਾ ਕੌਂਸਲਰ ਗੀਤਾ ਸ਼ਰਮਾ ਦਾ ਪੁੱਤਰ ਹੈ।


ਆਮਦਨ ਟੈਕਸ ਅਧਿਕਾਰੀਆਂ ਨੇ ਦੱਸਿਆ ਕਿ ਰੋਹਿਤ ਸ਼ਰਮਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸ ਨੇ ਆਪਣੀ ਆਮਦਨ ਦਾ ਕਦੇ ਕੋਈ ਹਿਸਾਬ ਵੀ ਨਹੀਂ ਰੱਖਿਆ। ਇਸ ਲਈ ਉਸ `ਤੇ ਵੱਖਰਾ ਮੁਕੱਦਮਾ ਚੱਲੇਗਾ। ਉਸ ਦੀ ਮਾਂ ਦੀ ਪੈਟਰੋਲ ਪੰਪ ਵਿੱਚ ਹਿੱਸੇਦਾਰੀ ਹੈ; ਉਂਝ ਭਾਵੇਂ ਉਨ੍ਹਾਂ ਦਾ ਆਪਣਾ ਹੋਰ ਕੋਈ ਆਮਦਨ ਦਾ ਵਸੀਲਾ ਨਹੀਂ ਹੈ।


ਆਮਦਨ ਟੈਕਸ ਅਧਿਕਾਰੀਆਂ ਨੇ ਦੱਸਿਆ ਕਿ ਜੋਤਸ਼-ਸੇਵਾਵਾਂ ਜੀਐੱਸਟੀ ਅਧੀਨ ਆਉਂਦੀਆਂ ਹਨ ਪਰ ਰੋਹਿਤ ਸ਼ਰਮਾ ਨੇ ਇਹ ਟੈਕਸ ਵੀ ਕਦੇ ਅਦਾ ਨਹੀਂ ਕੀਤਾ ਤੇ ਸਗੋਂ ਉਸ ਬਾਰੇ ਅਗਿਆਨਤਾ ਹੀ ਪ੍ਰਗਟਾਈ।


ਆਮਦਨ ਟੈਕਸ ਅਧਿਕਾਰੀਆਂ ਨੇ ਦੱਸਿਆ ਕਿ ਜੋਤਸ਼ੀ ਇੱਕ ਗਾਹਕ ਨੂੰ ਤਿੰਨ ਮਿੰਟਾਂ ਤੋਂ ਵੱਧ ਦਾ ਸਮਾਂ ਨਹੀਂ ਦਿੰਦਾ ਸੀ ਤੇ ਇੰਝ ਉਹ ਇੱਕ ਦਿਨ `ਚ 100 ਗਾਹਕਾਂ ਨੁੰ ਤਾਂ ਜ਼ਰੂਰ ਭੁਗਤਾਾ ਲੈਂਦਾ ਸੀ। ਉਹ ਕਿਉਂਕਿ ਆਪਣੀਆਂ ਸੇਵਾਵਾਂ ਬਦਲੇ ਪੈਸੇ ਲੈਂਦਾ ਰਿਹਾ ਹੈ; ਇਸ ਲਈ ਉਸ ਨੂੰ ਮਾਲਕ ਮੰਨ ਕੇ ਕਾਰਵਾਈ ਕੀਤੀ ਜਾਵੇਗੀ।


ਰੋਹਿਤ ਸ਼ਰਮਾ ਦੇ ਗਾਹਕਾਂ ਵਿੱਚ ਅਨੇਕ ਸਿਆਸੀ ਆਗੂ, ਉੱਚ ਸਰਕਾਰੀ ਅਧਿਕਾਰੀ, ਪ੍ਰੋਫ਼ੈਸ਼ਨਲ ਤੇ ਕਾਰੋਬਾਰੀ ਲੋਕ ਸ਼ਾਮਲ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunam astrologer under IT scanner