ਅਨਿਲ ਅੰਬਾਨੀ ਦੀ ਅਗਵਾਈ ਹੇਠਲੀ ਤਿੰਨ ਕੰਪਨੀਆਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਕਾਨੂੰਨੀ ਨੋਟਿਸ ਭੇਜ ਕੇ ਰਾਫ਼ੇਲ ਸੌਦੇ ਬਾਰੇ ਝੂਠੇ ਦੋਸ਼ ਲਾਉਣ ਤੋਂ ਬਾਜ਼ ਆਉਣ ਲਈ ਕਿਹਾ ਹੈ। ਮੁੰਬਈ ਦੀ ਲਾਅ ਫ਼ਰਮ ਮੁੱਲਾ ਐਂਡ ਮੁੱਲਾ ਐਂਡ ਕ੍ਰੇਗੀ ਬਲੰਟ ਐਂਡ ਕੈਰੋਅ ਨੇ ਸ੍ਰੀ ਜਾਖੜ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ‘ਆਪਣੇ ਸਿਆਸੀ ਹਿਤਾਂ ਦੀ ਪੂਰਤੀ ਲਈ ਤੱਥਾਂ ਨੂੰ ਤੋੜ-ਮਰੋੜ ਕੇ ਝੂਠੇ ਤੇ ਗੁੰਮਰਾਹਕੁੰਨ ਬਿਆਨ ਨਾ ਦੇਣ।` ਜਿਹੜੀਆਂ ਕੰਪਨੀਆਂ ਨੇ ਇਹ ਨੋਟਿਸ ਭੇਜਿਆ ਹੈ, ਉਨ੍ਹਾਂ ਦੇ ਨਾਂਅ ਹਨ ਰਿਲਾਇੰਸ ਇਨਫ਼ਾਸਟਰੱਕਚਰ, ਰਿਲਾਇੰਸ ਡਿਫ਼ੈਂਸ ਅਤੇ ਰਿਲਾਇੰਸ ਏਅਰੋਸਟਰੱਕਚਰ।
ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਜਾਖੜ ਨੇ ਰਿਲਾਇੰਸ ਵੱਲੋਂ ਮਿਲੇ ਕਾਨੂੰਨੀ ਨੋਟਿਸ ਨੂੰ ‘ਕਾਗਜ਼ੀ ਹਵਾਈ ਜਹਾਜ਼` ਬਣਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਇਸ ਕਥਿਤ ਘੁਟਾਲੇ ਦਾ ਪਰਦਾਫ਼ਾਸ਼ ਕਰ ਕੇ ਰਹੇਗੀ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਹੈ। ‘ਮੈਂ ਅਨਿਲ ਅੰਬਾਨੀ ਨੂੰ ਇਹ ਦੱਸਣਾ ਚਾਹਾਂਗਾ ਕਿ ਹਵਾਈ ਜਹਾਜ਼ ਬਣਾਉਣ ਦਾ ਹੁਨਰ ਉਨ੍ਹਾਂ ਨਾਲੋਂ ਵੱਧ ਮੇਰੇ `ਚ ਹੈ। ਪਰ ਭਾਰਤੀ ਫ਼ੌਜਾਂ ਲਈ ਹਵਾਈ ਜਹਾਜ਼ ਤਿਆਰ ਕਰਨੇ ਕੋਈ ਬੱਚਿਆਂ ਦੀ ਖੇਡ ਨਹੀਂ ਹੈ। ਹੁਣ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਲਈ ਕਾਰਪੋਰੇਟ ਘਰਾਣਿਆਂ ਦੀ ਵਰਤੋਂ ਕਰ ਰਹੀ ਹੈ। ਇਹ ਜਮਹੂਰੀਅਤ ਲਈ ਕਾਲਾ ਦਿਵਸ ਹੈ। ਇੱਕ ਸਨਅਤਕਾਰ ਇੰਨੇ ਗੰਭੀਰ ਮੁੱਦੇ `ਤੇ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਨੂੰ ਕਾਨੂੰਨੀ ਨੋਟਿਸ ਘੱਲ ਰਿਹਾ ਹੈ।` ਸ੍ਰੀ ਜਾਖੜ ਨੇ ਉਸ ਕਾਨੂੰਨੀ ਨੋਟਿਸ ਦੇ ਹਵਾਈ ਜਹਾਜ਼ ਵਾਲੀ ਤਸਵੀਰ ਟਵਿਟਰ `ਤੇ ਵੀ ਅਪਲੋਡ ਕੀਤੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਗੁਰਦਾਸਪੁਰ ਤੋਂ ਐੱਮਪੀ ਸ੍ਰੀ ਸੁਨੀਲ ਜਾਖੜ ਨੇ ਮਾਨਸੂਨ ਸੈਸ਼ਨ ਦੌਰਾਨ ਰਾਫ਼ੇਲ ਸੌਦੇ ਦਾ ਮੁੱਦਾ ਉਠਾਇਆ ਸੀ। ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੂੰਜੀਪਤੀਆਂ ਤੇ ਭਾਜਪਾ ਦੀ ਮਿਲੀਭੂਗਤ ਖਿ਼ਲਾਫ਼ ਲੜਦੀ ਰਹੇਗੀ।