ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੂੰ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਝਾੜ ਪਾਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮੰਤਰੀ, ਸੰਸਦ ਮੈਂਬਰ ਜਾਂ ਵਿਧਾਇਕ ਨੂੰ ਜਨਤਕ ਜੀਵਨ ਵਿੱਚ ਹੰਕਾਰ ਵਿਖਾਉਣ ਦਾ ਕੋਈ ਅਧਿਕਾਰ ਨਹੀਂ ਹੈ।
ਸ੍ਰੀ ਜਾਖੜ ਉਸ ਵਾਇਰਲ ਵਿਡੀਓ ਉੱਤੇ ਆਪਣਾ ਪ੍ਰਤੀਕਰਮ ਪ੍ਰਗਟਾ ਰਹੇ ਸਨ; ਜਿਸ ਵਿੱਚ ਸ੍ਰੀ ਸਿੰਗਲਾ ਬਰਨਾਲਾ ਸਥਿਤ ਆਪਣੀ ਰਿਹਾਇਸ਼ਗਾਹ ਦੇ ਬਾਹਰ ਰੋਸ ਮੁਜ਼ਾਹਰਾ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਲਈ ਭੈੜੀ ਗਾਲ਼ੀ–ਗਲੋਚ ਵਾਲੀ ਭਾਸ਼ਾ ਦੀ ਵਰਤੋਂ ਕਰਦੇ ਵਿਖਾਈ ਦਿੱਤੇ ਸਨ।
ਸ੍ਰੀ ਜਾਖੜ ਜਲਾਲਾਬਾਦ ਹਲਕੇ ਦੇ ਪਾਰਟੀ ਕਾਰਕੁੰਨਾਂ ਤੇ ਆਗੂਆਂ ਨਾਲ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਚੇਤੇ ਰਹੇ ਬੀਤੀ 21 ਅਕਤੂਬਰ ਨੂੰ ਇਸੇ ਹਲਕੇ ਤੋਂ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਦੇ ਸ੍ਰੀ ਰਮਿੰਦਰ ਆਵਲਾ ਵਿਧਾਇਕ ਚੁਣੇ ਗਏ ਸਨ।
ਸ੍ਰੀ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖਿਆ – ‘ਦੁਰਵਿਹਾਰ ਭਾਵੇਂ ਕਿਸੇ ਵੀ ਤਰ੍ਹਾਂ ਦਾ ਹੋਵੇ, ਉਹ ਪ੍ਰਵਾਨਗੀਯੋਗ ਨਹੀਂ ਹੁੰਦਾ; ਖ਼ਾਸ ਕਰ ਕੇ ਇੱਕ ਮੰਤਰੀ ਦੇ ਪੱਧਰ ’ਤੇ। ਜਨਤਕ ਜੀਵਨ ਵਿੱਚ ਕਿਸੇ ਨੂੰ ਅਜਿਹਾ ਵਿਵਹਾਰ ਵਿਖਾਉਣ ਦਾ ਕੋਈ ਅਧਿਕਾਰ ਨਹੀਂ ਹੈ।’
ਇਸ ਦੌਰਾਨ ਸ੍ਰੀ ਵਿਜੇ ਇੰਦਰ ਸਿੰਗਲਾ ਨੇ ‘ਹਿੰਦੁਸਤਾਨ ਟਾਈਮਜ਼’ ਨਾਲ ਗੱਲਬਾਤ ਦੌਰਾਨ ਆਖਿਆ ਕਿ ਉਨ੍ਹਾਂ ਕਦੇ ਕਿਸੇ ਲਈ ਮਾੜੀ ਭਾਸ਼ਾ ਦਾ ਇਸਤੇਮਾਲ ਨਹੀਂ ਕੀਤਾ; ਖ਼ਾਸ ਕਰ ਕੇ ਅਧਿਆਪਕਾਂ ਲਈ – ਜਿਨ੍ਹਾਂ ਸਦਕਾ ਅੱਜ ਉਹ ਇਸ ਪੱਧਰ ’ਤੇ ਪੁੱਜੇ ਹਨ।
ਪਾਰਟੀ ਕਾਰਕੁੰਨਾਂ ਤੇ ਹੋਰ ਆਗੂਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਜਲਾਲਾਬਾਦ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੀ ਜਿੱਤ ਦੇ ਹਵਾਲੇ ਨਾਲ ਆਖਿਆ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅੰਤ ਦੀ ਸ਼ੁਰੂਆਤ ਹੋ ਚੁੱਕੀ ਹੈ।