ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੇ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਗੁਰਦਾਸਪੁਰ ਦੇ ਲੋਕ ਆਪਣੇ ਐਮਪੀ ਦੀ ਭਾਲ ਕਰ ਰਹੇ ਹਨ। ਸੰਨੀ ਦਿਓਲ ਦੀ ਭਾਲ ਲਈ ਪਠਾਨਕੋਟ ਵਿੱਚ ਪੋਸਟਰ ਲਾਏ ਜਾ ਰਹੇ ਹਨ। ਇਨ੍ਹਾਂ ਪੋਸਟਰਾਂ 'ਚ ਲਿਖਿਆ ਹੈ - ਗੁੰਮਸ਼ੁਦਾ ਦੀ ਤਲਾਸ਼... ਗੁੰਮਸ਼ੁਦਾ ਦੀ ਤਲਾਸ਼... ਮੈਂਬਰ ਪਾਰਲੀਮੈਂਟ ਸੰਨੀ ਦਿਓਲ ਚੋਣ ਜਿੱਤਣ ਤੋਂ ਬਾਅਦ ਲਾਪਤਾ ਹੋ ਗਏ ਹਨ।
ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦਿਓਲ ਵੱਲੋਂ ਗੁਰਦਾਸਪੁਰ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕ ਸਭਾ ਚੋਣਾਂ ਦੌਰਾਨ ਗੁਰਦਾਸਪੁਰ ਦੇ ਲੋਕਾਂ ਨੇ ਸੰਨੀ ਦਿਓਲ 'ਤੇ ਭਰੋਸਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਗੁਰਦਾਸਪੁਰ ਹਲਕੇ ਦਾ ਸੰਸਦ ਮੈਂਬਰ ਬਣਾਇਆ ਸੀ। ਸੰਨੀ ਦਿਓਲ ਵੋਟਾਂ ਲੈਣ ਤੋਂ ਬਾਅਦ ਮੁੜ ਹਲਕੇ 'ਚ ਦਿਖਾਈ ਨਹੀਂ ਦਿੱਤੇ।
ਜ਼ਿਕਰਯੋਗ ਹੈ ਕਿ ਲੋਕ ਸਭਾ 2019 ਦੀਆਂ ਚੋਣਾਂ ਵਿੱਚ ਸੰਨੀ ਦਿਓਲ ਨੂੰ ਭਾਜਪਾ ਨੇ ਗੁਰਦਸਾਪੁਰ ਚੋਣ ਮੈਦਾਨ 'ਚ ਉਤਾਰਿਆ ਸੀ। ਸੰਨੀ ਦੇ ਮੁਕਾਬਲੇ ਕਾਂਰਗਸ ਨੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਚੋਣ ਲੜਾਈ ਸੀ। ਬਾਲੀਵੁੱਡ 'ਚੋਂ ਸਿੱਧਾ ਸਿਆਸਤ 'ਚ ਸੰਨੀ ਦੀ ਐਂਟਰੀ ਗੁਰਦਾਸਪੁਰ ਦੇ ਲੋਕਾਂ ਨੂੰ ਪੰਸਦ ਆਈ ਅਤੇ ਆਪਣੇ ਚਹੇਤੇ ਸਟਾਰ ਨੂੰ ਲੀਡਰ ਬਣਾਇਆ। ਸੰਨੀ ਦਿਓਲ ਗੁਰਦਾਪੁਰ ਦੀ ਸੀਟ 77,009 ਵੋਟਾਂ ਨਾਲ ਜਿੱਤੇ ਸਨ। ਸੰਨੀ ਦਿਓਲ ਨੂੰ 5,51,177 ਵੋਟਾਂ ਪਈਆਂ ਜਦਕਿ ਸੁਨੀਲ ਜਾਖੜ 4,74,168 ਹੀ ਹਾਸਲ ਕਰ ਸਕੇ ਸਨ।

ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਸ ਸੀ ਕਿ ਸੰਨੀ ਦਿਓਲ ਉਹਨਾਂ ਦੇ ਹਲਕੇ ਨੂੰ ਵਿਕਾਸ ਵੱਲ ਨੂੰ ਲੈ ਕੇ ਜਾਣਗੇ। ਹਲਕੇ 'ਚ ਬੇਰੁਜ਼ਗਾਰੀ ਘੱਟ ਹੋਵੇਗੀ। ਪਰ ਹੁਣ ਹਾਲਾਤ ਇਹ ਬਣ ਗਏ ਸੰਨੀ ਦਿਓਲ ਵੱਲੋਂ ਹਲਕੇ ਦਾ ਇਕ ਵੀ ਦੌਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦਾ ਪੋਸਟਰ ਲਗਾਉਣ ਦਾ ਮਕਸਦ ਇਹੀ ਹੈ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਗੁਰਦਾਸਪੁਰ ਦੇ ਲੋਕ ਉਨ੍ਹਾਂ ਦਾ ਬੇਸਬਰੀ ਦੇ ਨਾਲ ਇੰਤਜਾਰ ਕਰ ਰਹੇ ਹਨ।