ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖ਼ਾਲਿਸਤਾਨ ਦੇ ਹਮਾਇਤੀਆਂ ਨੂੰ ਪੰਜਾਬ ਦਾ ਮਾਹੌਲ ਨਹੀਂ ਵਿਗਾੜਨ ਦੇਵਾਂਗੇ: DGP

ਪੰਜਾਬ ਦੇ ਨਵੇਂ ਡੀਜੀਪੀ ਦਿਨਕਰ ਗੁਪਤਾ ਸਨਿੱਚਰਵਾਰ ਨੂੰ ਆਪਣੀ ਪਤਨੀ ਵਿੰਨੀ ਮਹਾਜਨ ਨਾਲ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸ

––ਬਹਿਬਲ ਕਲਾਂ ਗੋਲੀਕਾਂਡ: ਕਿਸੇ ਪੁਲਿਸ ਅਧਿਕਾਰੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ

 

ਪੰਜਾਬ ਦੇ ਨਵੇਂ ਡੀਜੀਪੀ ਸ੍ਰੀ ਦਿਨਕਰ ਗੁਪਤਾ ਅੱਜ ਆਪਣੀ ਪਤਨੀ ਵਿੰਨੀ ਮਹਾਜਨ ਨਾਲ ਅੰਮ੍ਰਿਤਸਰ ’ਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ। ਇਸ ਤੋਂ ਪਹਿਲਾਂ ਕੱਲ੍ਹ ਉਨ੍ਹਾਂ ‘ਹਿੰਦੁਸਤਾਨ ਟਾਈਮਜ਼’ ਨਾਲ ਖ਼ਾਸ ਗੱਲਬਾਤ ਦੌਰਾਨ ਗੱਲਬਾਤ ਕੀਤੀ ਸੀ।

 

 

1987 ਬੈਚ ਦੇ ਆਈਪੀਐੱਸ (IPS) ਅਧਿਕਾਰੀ ਅਤੇ ਸ੍ਰੀ ਦਿਨਕਰ ਗੁਪਤਾ ਸਾਹਵੇਂ ਇਸ ਵੇਲੇ ਅਨੇਕ ਚੁਣੌਤੀਆਂ ਹਨ। ਪੰਜਾਬ ਪੁਲਿਸ ਦੇ ਉੱਚ–ਅਧਿਕਾਰੀਆਂ ਵਿਚਾਲੇ ਅੰਦਰੂਨੀ ਖਿੱਚੋਤਾਣ ਦੇ ਖੁੱਲ੍ਹੇ ਭੇਤ ਤੋਂ ਹੁਣ ਸਾਰੇ ਹੀ ਵਾਕਿਫ਼ ਹਨ। ਸਭ ਤੋਂ ਵੱਡੀ ਚੁਣੌਤੀ ਤਾਂ ਸ੍ਰੀ ਗੁਪਤਾ ਲਈ ਅਜਿਹੀ ਕਿਸੇ ਖਿੱਚੋਤਾਣ ਦਾ ਸਾਹਮਣਾ ਕਰਨਾ ਹੀ ਹੋਵੇਗੀ। ਦੂਜੇ, 2015 ’ਚ ਪੁਲਿਸ ਵੱਲੋਂ ਬਹਿਬਲ ਕਲਾਂ ਵਿਖੇ ਸ਼ਾਂਤੀਪੂਰਨ ਰੋਸ–ਮੁਜ਼ਾਹਰਾ ਕਰ ਰਹੇ ਆਮ ਲੋਕਾਂ ਉੱਤੇ ਗੋਲ਼ੀਆਂ ਚਲਾ ਕੇ ਉਨ੍ਹਾਂ ਵਿੱਚੋਂ ਦੋ ਜਣਿਆਂ ਦੀ ਜਾਨ ਲੈਣ ਦਾ ਮੁੱਦਾ ਇਸ ਵੇਲੇ ਭਖਿਆ ਹੋਇਆ ਹੈ। ਅਜਿਹੇ ਬਹੁਤ ਸਾਰੇ ਮੁੱਦਿਆਂ ਉੱਤੇ ਸ੍ਰੀ ਦਿਨਕਰ ਗੁਪਤਾ ਨਾਲ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਮੁੱਖ ਅੰਸ਼:

 

 

ਪੰਜਾਬ ਪੁਲਿਸ ਦੇ ਮੁਖੀ ਵਜੋਂ ਤੁਹਾਡੀਆਂ ਤਰਜੀਹਾਂ ਕੀ ਹਨ?

 

ਪੰਜਾਬ ਜਿਹੇ ਸਰਹੱਦੀ ਸੂਬੇ ਦਾ ਡੀਜੀਪੀ ਹੋਣਾ ਇੱਕ ਵੱਡੀ ਜ਼ਿੰਮੇਵਾਰੀ ਹੈ। ਮੇਰੀ ਸਭ ਤੋਂ ਵੱਡੀ ਤਰਜੀਹ ਤਾਂ ਇਸ ਵੇਲੇ ਲੋਕ ਸਭਾ ਚੋਣਾਂ ਸਾਫ਼–ਸੁਥਰੇ ਤੇ ਨਿਆਂਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨਾ ਹੈ। ਸਾਰੇ ਜਾਣਦੇ ਹਨ ਕਿ ਸਾਡੇ ਗੁਆਂਢੀ ਦੇਸ਼ ਤੋਂ ਸਦਾ ਦੇਸ਼ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਸਾਨੂੰ ਖ਼ੁਫ਼ੀਆ ਏਜੰਸੀਆਂ ਤੇ ਬਾਰਡਰ ਸਕਿਓਰਿਟੀ ਫ਼ੋਰਸ (BSF – ਸੀਮਾ ਸੁਰੱਖਿਆ ਬਲ) ਨਾਲ ਤਾਲਮੇਲ ਬਿਠਾ ਕੇ ਚੱਲਣਾ ਹੋਵੇਗਾ। ਮੇਰੀ ਕੋਸ਼ਿਸ਼ ਇਹੋ ਰਹੇਗੀ ਕਿ ਅਪਰਾਧੀਆਂ ਵਿੱਚ ਪੁਲਿਸ ਦਾ ਡਰ ਬਣਿਆ ਰਹੇ ਤੇ ਲੋਕ ਸੁਰੱਖਿਅਤ ਰਹਿਣ।

 

 

ਤੁਸੀਂ ਅਜਿਹੇ ਵੇਲੇ DGP ਬਣੇ ਹੋ, ਜਦੋਂ ਉੱਚ ਪੁਲਿਸ ਅਧਿਕਾਰੀਆਂ ਵਿਚਾਲੇ ਆਪਸੀ ਖਿੱਚੋਤਾਣ ਚੱਲ ਰਹੀ ਹੈ। ਹਾਲੇ ਕੁਝ ਮਹੀਨੇ ਪਹਿਲਾਂ ਹੀ ਮੁੱਖ ਮੰਤਰੀ ਨੂੰ ਦਖ਼ਲ ਦੇ ਕੇ ਅਧਿਕਾਰੀਆਂ ਨੂੰ ਤੰਬੀਹ ਕਰਨੀ ਪਈ ਸੀ ਕਿ ਉਹ ਆਪਣੀਆਂ ਬਿਆਨਬਾਜ਼ੀਆਂ ਉੱਤੇ ਲਗਾਮ ਲਾਉਣ।

 

ਹਰ ਰੋਜ਼ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਆਪਣੇ ਕਰੀਅਰ ਦੌਰਾਨ ਸਦਾ ਇੱਕ ਟੀਮ ਵਜੋਂ ਹੀ ਕੰਮ ਕੀਤਾ ਹੈ। ਡੀਜੀਪੀ ਦੇ ਅਹੁਦੇ ਉੱਤੇ ਰਹਿੰਦਿਆਂ ਵੀ ਤੁਸੀਂ ਮੈਨੂੰ ਟੀਮ ਦੇ ਇੱਕ ਮੈਂਬਰ ਵਜੋਂ ਹੀ ਵੇਖੋਗੇ। ਪੰਜਾਬ ਪੁਲਿਸ ਇੱਕ ਅਨੁਸ਼ਾਸਨਕ ਬਲ ਹੈ ਤੇ ਹਰੇਕ ਅਧਿਕਾਰੀ – ਭਾਵੇਂ ਉਹ ਸੀਨੀਅਰ ਹੈ ਚਾਹੇ ਜੂਨੀਅਰ, ਆਪਣੀ ਡਿਊਟੀ ਨੂੰ ਹੀ ਪ੍ਰਮੁੱਖ ਸਮਝਦਾ/ਸਮਝਦੀ ਹੈ। ਪੁਲਿਸ ਦਾ ਆਪਣਾ ਇੱਕ ਸਿਸਟਮ ਹੈ ਤੇ ਅਸੀਂ ਸਾਰਿਆਂ ਨੇ ਉਸ ਦੀ ਪਾਲਣਾ ਕਰਨੀ ਹੀ ਕਰਨੀ ਹੈ। ਪੁਲਿਸ ਬਲ ਵਿੱਚ ਅੰਦਰੂਨੀ ਖਿੱਚੋਤਾਣ ਜਾਂ ਜੰਗ ਵਰਗੀ ਕੋਈ ਗੱਲ ਹੀ ਨਹੀਂ ਹੈ। ਅੰਦਰੂਨੀ ਜੰਗ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਪਹਿਲਾਂ ਇਸ ਮੁੱਦੇ ਨੂੰ ਬਿਨਾ ਵਜ੍ਹਾ ਹਵਾ ਦਿੱਤੀ ਜਾਂਦੀ ਰਹੀ ਹੈ।

 

 

1985 ਬੈਚ ਦੇ ਅਧਿਕਾਰੀ ਮੁਹੰਮਦ ਮੁਸਤਫ਼ਾ ਨੇ ਕਿਹਾ ਹੈ ਕਿ ਜਿਹੜੇ ਤਰੀਕੇ ਤੇ ਕਾਰਜ–ਵਿਧੀ ਨਾਲ ਤੁਹਾਨੂੰ DGP ਨਿਯੁਕਤ ਕੀਤਾ ਗਿਆ ਹੈ, ਉਹ ਉਸ ਵਿਰੁੱਧ ਸੁਪਰੀਮ ਕੋਰਟ ਜਾਣਗੇ।

 

ਮੈਂ ਇਸ ਮਾਮਲੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ। ਮੇਰੀ ਚੋਣ ਸੁਪਰੀਮ ਕੋਰਟ ਵੱਲੋਂ ਤੈਅ ਕਾਰਜ–ਵਿਧੀ ਦੇ ਆਧਾਰ ਉੱਤੇ ਹੀ ਹੋਈ ਹੈ। ਮੈਨੂੰ ਲੱਗਦਾ ਹੈ ਕਿ ਹਰੇਕ ਨੂੰ ਕਾਨੂੰਨੀ ਅਦਾਲਤ ਵਿੱਚ ਜਾਣ ਦਾ ਅਧਿਕਾਰ ਹੈ।

 

 

ਬਹੁਤ ਸਾਰੇ ਲੋਕ ਆਖਦੇ ਹਨ ਕਿ 2015 ਦੌਰਾਨ ਸਿੱਖ ਰੋਸ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਗੋਲੀਬਾਰੀ ਤੋਂ ਬਾਅਦ ਅਧਿਕਾਰੀਆਂ ਖਿ਼ਲਾਫ਼ ਕੇਸ ਦਾਇਰ ਕਰ ਦਿੱਤੇ ਗਏ; ਇਸ ਨਾਲ ਪੁਲਿਸ ਦਾ ਮਨੋਬਲ ਡਿੱਗਿਆ ਹੈ। ਕੀ ਤੁਸੀਂ ਇਹ ਮੰਨਦੇ ਹੋ?

 

ਅਸੀਂ ਅਜਿਹੀਆਂ ਗੱਲਾਂ ਦਾ ਪੂਰਾ ਖਿ਼ਆਲ ਰੱਖਦੇ ਹਾਂ। ਜੇ ਕਿਸੇ ਪੁਲਿਸ ਅਧਿਕਾਰੀ ਵਿਰੁੱਧ ਕੋਈ ਕੇਸ ਦਰਜ ਹੋਏ ਹਨ, ਤਾਂ ਇਹ ਜ਼ਰੂਰ ਆਜ਼ਾਦਾਨਾ ਜਾਂਚ ਤੋਂ ਬਾਅਦ ਹੀ ਹੋਏ ਹੋਣਗੇ ਤੇ ਕਿਸੇ ਨੂੰ ਚੁਣ–ਚੁਣ ਕੇ ਤਾਂ ਕਾਨੂੰਨੀ ਜਾਲ਼ ਵਿੱਚ ਫਸਾਇਆ ਨਹੀਂ ਗਿਆ। ਇਸ ਮਾਮਲੇ ਦੀ ਜਾਂਚ ਹੁਣ SIT (Spcial Investigation Team) ਭਾਵ ‘ਵਿਸ਼ੇਸ਼ ਜਾਂਚ ਟੀਮ’ ਕਰ ਰਹੀ ਹੈ ਤੇ ਉਸ ਨੇ ਗੋਲੀਬਾਰੀ ਦੀ ਘਟਨਾ ਵਾਪਰਨ ਸਮੇਂ ਮੌਜੂਦ ਪੁਲਿਸ ਅਧਿਕਾਰੀਆਂ ਦੇ ਨਾਲ–ਨਾਲ ਰੋਸ ਮੁਜ਼ਾਹਰਾਕਾਰੀਆਂ ਦੇ ਬਿਆਨ ਵੀ ਦਰਜ ਕੀਤੇ ਹਨ। ਜਾਂਚ ਮੁਕੰਮਲ ਹੋਣ ਤੋਂ ਬਾਅਦ ਸੱਚ ਸਾਹਮਣੇ ਆਵੇਗਾ। ਕਿਸੇ ਨੂੰ ਨਿਸ਼ਾਨਾ ਬਣਾਉਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

 

 

ਤੁਸੀਂ ਨਸ਼ਿਆਂ ਵਿਰੋਧੀ ਸਪੈਸ਼ਲ ਟਾਸਕ ਫ਼ੋਰਸ (STF) ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਿਵੇਂ ਕਰਦੇ ਹੋ।

 

STF ਨੇ ਨਸ਼ਿਆਂ ਦੀ ਸਪਲਾਈ ਦੀ ਲੜੀ ਤੋੜਨ ਦਾ ਬਹੁਤ ਵਧੀਆ ਕਾਰਜ ਕਰ ਵਿਖਾਇਆ ਹੈ। ਜ਼ਿਲ੍ਹਾ ਪੁਲਿਸ ਇਕਾਈਆਂ ਨੇ ਵੀ ਨਸ਼ਿਆਂ ਦੀਆਂ ਵੱਡੀਆਂ ਖੇਪਾਂ ਬਰਾਮਦ ਕੀਤੀਆਂ ਹਨ। ਪਰ ਸੁਧਾਰ ਦੀ ਸੰਭਾਵਨਾ ਤਾਂ ਸਦਾ ਹੀ ਮੌਜੂਦ ਰਹਿੰਦੀ ਹੈ। ਅਸੀਂ ਸਾਰਿਆਂ ਨੇ ਮਿਲ ਕੇ ਮੁੱਖ ਮੰਤਰੀ ਦੇ ਸੁਫ਼ਨੇ ਅਨੁਸਾਰ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਬਣਾਉਣ ਲਈ ਕੰਮ ਕਰਨਾ ਹੈ।

 

 

DGP (ਇੰਟੈਲੀਜੈਂਸ) ਵਜੋਂ, ਤੁਸੀਂ ਖ਼ਾਲਿਸਤਾਨੀ ਹਮਾਇਤੀਆਂ ਵਿਰੁੱਧ ਸਖ਼ਤੀ ਕੀਤੀ ਹੈ। ਕੀ ਤੁਸੀਂ ਸਮਝਦੇ ਹੋ ਕਿ ਨਿੱਤ ਵਧਦੇ ਜਾ ਰਹੇ ਅੱਤਵਾਦ ਤੋਂ ਸੂਬੇ ਲਈ ਕੋਈ ਨਵੀਂ ਚੁਣੌਤੀ ਪੈਦਾ ਹੋ ਗਈ ਹੈ?

 

ਅਸੀਂ ਕਿਸੇ ਦੇ ਖਿ਼ਲਾਫ਼ ਨਹੀਂ ਹਾਂ, ਜੇ ਉਹ ਸ਼ਾਂਤੀਪੂਰਨ ਤਰੀਕੇ ਨਾਲ ਆਪਣਾ ਕੋਈ ਰੋਸ ਪ੍ਰਗਟਾਉਂਦੇ ਹਨ। ਪਰ ਅਜਿਹੀਆਂ ਮਿਸਾਲਾਂ ਸਾਹਮਣੇ ਆਈਆਂ ਹਨ, ਜਦੋਂ ਅਜਿਹੇ ਸਮੂਹਾਂ ਨੇ ਹਿੰਸਕ ਤਰੀਕੇ ਅਪਣਾਏ ਸਨ ਤੇ ਬਹੁਤ ਵਾਰ ਆਪਣੇ ਏਜੰਡੇ ਦੇ ਕੁਪ੍ਰਚਾਰ ਲਈ ਨਿਰਦੋਸ਼ ਲੋਕਾਂ ਦੇ ਕਤਲ ਕੀਤੇ। ਅਜਿਹੇ ਤੱਤਾਂ ਨਾਲ ਨਿਪਟਣ ਦਾ ਪੰਜਾਬ ਪੁਲਿਸ ਦਾ ਮਾਣਮੱਤਾ ਇਤਿਹਾਸ ਹੈ ਤੇ ਅਸੀਂ ਭਵਿੱਖ ਵਿੱਚ ਅਜਿਹੇ ਅਨਸਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਗੜਬੜੀ ਦੀ ਇਜਾਜ਼ਤ ਨਹੀਂ ਦੇਵਾਂਗੇ – ਭਾਵੇਂ ਉਹ ‘ਰਾਇਸ਼ੁਮਾਰੀ–2020’ ਦਾ ਮੁੱਦਾ ਹੋਵੇ ਤੇ ਚਾਹੇ ਕੋਈ ਹੋਰ ਮੁਹਿੰਮ ਕਿਉਂ ਨਾ ਹੋਵੇ।

 

 

ਪੁਲਿਸ ਦਾ ਰਾਜਨੀਤੀਕਰਨ ਪੰਜਾਬ ਵਿੱਚ ਇੱਕ ਮੁੱਦਾ ਹੈ। ਭਾਵੇਂ ਪੰਜਾਬ ਸਰਕਾਰ ਨੇ ਹਲਕਾ–ਇੰਚਾਰਜ ਪ੍ਰਣਾਲੀ ਖ਼ਤਮ ਕਰ ਦਿੱਤੀ ਹੈ ਪਰ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਤੇ ਤਾਇਨਾਤੀਆਂ ਸੱਤਾਧਾਰੀ ਪਾਰਟੀ ਦੇ ਸਥਾਨਕ ਸਿਆਸੀ ਆਗੂਆਂ ਦੇ ਕਹਿਣ ਉੱਤੇ ਹੀ ਹੁੰਦੀਆਂ ਹਨ।

 

ਹਾਲੇ ਮੈਨੂੰ ਡੀਜੀਪੀ ਦਾ ਅਹੁਦਾ ਸੰਭਾਲ਼ਿਆਂ ਦੋ ਕੁ ਹੀ ਦਿਨ ਹੋਏ ਹਨ, ਇਸ ਲਈ ਮੈਂ ਇਸ ਸੁਆਲ ਹਾਲੇ ਨਹੀਂ ਦੇ ਸਕਦਾ। ਮੈਨੂੰ ਲੱਗਦਾ ਹੈ ਕਿ ਸਾਡਾ ਢਾਂਚਾ ਕਿਉਂਕਿ ਜਮਹੂਰੀ ਹੈ, ਇਸ ਲਈ ਕੁਝ ਵਾਰ ਸਿਆਸੀ ਆਗੂਆਂ ਦੀਆਂ ਧਾਰਨਾਵਾਂ ਵੀ ਦਰੁਸਤ ਹੋ ਸਕਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Supporters of Khalistan will not be allowed to disturb the peace of Punjab DGP