ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੁਰੇਸ਼ ਅਰੋੜਾ ਹੁਣ 31 ਦਸੰਬਰ, 2018 ਤੱਕ ਬਣੇ ਰਹਿਣਗੇ ਪੰਜਾਬ ਦੇ ਡੀਜੀਪੀ

ਸੁਰੇਸ਼ ਅਰੋੜਾ ਹੁਣ 31 ਦਸੰਬਰ, 2018 ਤੱਕ ਬਣੇ ਰਹਿਣਗੇ ਪੰਜਾਬ ਦੇ ਡੀਜੀਪੀ

ਸੀਨੀਅਰ ਆਈਪੀਐੱਸ ਅਧਿਕਾਰੀ ਸੁਰੇਸ਼ ਅਰੋੜਾ ਹੁਣ 31 ਦਸੰਬਰ, 2018 ਤੱਕ ਪੰਜਾਬ ਦੇ ਡੀਜੀਪੀ (ਪੁਲਿਸ ਮੁਖੀ) ਬਣੇ ਰਹਿਣਗੇ। ਉਨ੍ਹਾਂ ਨੂੰ ਤਿੰਨ ਮਹੀਨਿਆਂ ਦੀ ਐਕਸਟੈਂਸ਼ਨ ਮਿਲ ਗਈ ਹੈ। ਦਰਅਸਲ, ਕੇਂਦਰੀ ਕੈਬਿਨੇਟ ਦੀ ਨਿਯੁਕਤੀਆਂ ਕਰਨ ਵਾਲੀ ਕਮੇਟੀ ਨੇ ਪੰਜਾਬ ਗ੍ਰਹਿ ਮੰਤਰਾਲੇ ਦੇ ਉਸ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਵਿੱਚ ਸ੍ਰੀ ਅਰੋੜਾ ਨੂੰ ਹੋਰ ਤਿੰਨ ਮਹੀਨਿਆਂ ਲਈ ਡੀਜੀਪੀ ਦੇ ਅਹੁਦੇ `ਤੇ ਕਾਇਮ ਰੱਖਣ ਦੀ ਬੇਨਤੀ ਕੀਤੀ ਗਈ ਸੀ। ਉਂਝ ਸ੍ਰੀ ਅਰੋੜਾ ਨੇ ਆਉਂਦੀ 30 ਸਤੰਬਰ ਨੂੰ ਸੇਵਾ-ਮੁਕਤ ਹੋ ਜਾਣਾ ਸੀ।


ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਕੇਂਦਰ ਤੱਕ ਪਹੁੰਚ ਕਰ ਕੇ ਸ੍ਰੀ ਅਰੋੜਾ ਦੇ ਡੀਜੀਪੀ ਵਜੋਂ ਕਾਰਜਕਾਲ `ਚ ਵਾਧੇ ਦੀ ਬੇਨਤੀ ਕੀਤੀ ਸੀ। ਸਾਲ 1982 ਬੈਚ ਦੇ ਆਈਪੀਐੱਸ ਅਧਿਕਾਰੀ ਸ੍ਰੀ ਅਰੋੜਾ ਨੂੰ 2015 `ਚ ਉਦੋਂ ਦੀ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਸਰਕਾਰ ਨੇ ਡੀਜੀਪੀ ਬਣਾਇਆ ਸੀ ਤੇ ਉਨ੍ਹਾਂ ਤੋਂ ਪਹਿਲਾਂ ਸੀਨੀਅਰ ਆਈਪੀਐੱਸ ਅਧਿਕਾਰੀ ਸੁਮੇਧ ਸਿੰਘ ਸੈਣੀ ਪੰਜਾਬ ਪੁਲਿਸ ਦੇ ਮੁਖੀ ਸਨ ਪਰ ਜਦੋਂ ਫ਼ਰੀਦਕੋਟ ਜਿ਼ਲ੍ਹੇ ਦੇ ਪਿੰਡ ਬਹਿਬਲ ਕਲਾਂ `ਚ ਗੋਲੀਕਾਂਡ ਵਾਪਰ ਗਿਆ ਸੀ, ਤਦ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।


ਪਿਛਲੇ ਵਰ੍ਹੇ ਜਦੋਂ ਕਾਂਗਰਸ ਸੱਤਾ `ਚ ਆਈ ਸੀ, ਤਦ ਉਸ ਨੇ ਸ੍ਰੀ ਅਰੋੜਾ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾਇਆ ਨਹੀਂ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਬੀਤੀ 3 ਜੁਲਾਈ ਨੂੰ ਸੁਪਰੀਮ ਕੋਰਟ ਨੇ ਕਿਸੇ ਵੀ ਸੂਬੇ ਦਾ ਡੀਜੀਪੀ ਨਿਯੁਕਤ ਕਰਨ ਦੇ ਅਧਿਕਾਰ ਯੂਪੀਐੱਸਸੀ ਦੇ ਇੱਕ ਪੈਨਲ ਨੂੰ ਦੇ ਦਿੱਤੇ ਸਨ। ਸੂਬਾ ਸਰਕਾਰਾਂ ਇਸ ਪੈਨਲ ਨੂੰ ਯੋਗ ਪੁਲਿਸ ਅਧਿਕਾਰੀਆਂ ਦੇ ਨਾਵਾਂ ਦੀ ਸੂਚੀ ਭੇਜਿਆ ਕਰਨਗੇ। ਉਹ ਪੈਨਲ ਸੂਬੇ ਨੂੰ ਉਸੇ ਸੂਚੀ ਵਿਚੋਂ ਤਿੰਨ ਅਧਿਕਾਰੀਆਂ ਦੇ ਨਾਂਅ ਚੁਣ ਕੇ ਭੇਜੇਗਾ, ਜਿਨ੍ਹਾਂ ਵਿੱਚੋਂ ਸਬੰਧਤ ਸੂਬਾ ਸਰਕਾਰ ਕਿਸੇ ਇੱਕ ਨੂੰ ਡੀਜੀਪੀ ਬਣਾ ਸਕੇਗੀ। ਪਰ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੀ ਇਸ ਹਦਾਇਤ `ਤੇ ਵੀ ਇਤਰਾਜ਼ ਪ੍ਰਗਟਾਇਆ ਸੀ ਤੇ ਉਸ ਦਾ ਕਹਿਣਾ ਸੀ ਕਿ ਇੰਝ ਤਾਂ ਕੇਂਦਰ ਸਰਕਾਰ ਦਾ ਸੂਬਿਆਂ ਦੇ ਮਾਮਲਿਆਂ ਵਿੱਚ ਦਖ਼ਲ ਵਧ ਜਾਵੇਗਾ।


ਬੀਤੀ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਡੀਜੀਪੀ ਦੀ ਚੋਣ ਲਈ ਸੂਬਾ ਸੁਰੱਖਿਆ ਕਮਿਸ਼ਨ (ਸਟੇਟ ਸਕਿਓਰਿਟੀ ਕਮਿਸ਼ਨ) ਕਾਇਮ ਕਰਨ ਲਈ ਰਾਹ ਪੱਧਰਾ ਕਰਨ ਵਾਸਤੇ ‘ਪੁਲਿਸ (ਸੋਧ) ਬਿਲ 2018` ਵੀ ਪਾਸ ਕਰ ਚੁੱਕੀ ਹੈ।


ਸੂਬਾ ਸਰਕਾਰ ਨੇ ਪੰਜਾਬ ਪੁਲਿਸ ਕਾਨੂੰਨ, 2007 `ਚ ਵੀ ਸੋਧ ਕਰਨ ਦਾ ਫ਼ੈਸਲਾ ਕੀਤਾ ਸੀ, ਤਾਂ ਜੋ ਡੀਜੀਪੀ ਦੀ ਨਿਯੁਕਤੀ ਲਈ ਸੂਬਾਈ ਪੁਲਿਸ ਪੈਨਲ ਦਾ ਗਠਨ ਕੀਤਾ ਜਾ ਸਕੇ। ਇਸ ਲਈ ਪਹਿਲਾਂ ਇਸੇ ਮੁੱਦੇ `ਤੇ ਸੂਬੇ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਕਾਨੂੰਨੀ ਸਲਾਹ ਵੀ ਲਈ ਗਈ ਸੀ। ਪਰ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦੀ ਹਦਾਇਤ `ਤੇ ਮੁੜ ਵਿਚਾਰ ਲਈ ਜਾਇਜ਼ਾ ਪਟੀਸ਼ਨ ਦਾਖ਼ਲ ਕਰਨ ਦਾ ਕੋਈ ਸੰਕੇਤ ਹਾਲੇ ਤੱਕ ਨਹੀਂ ਦਿੱਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Suresh Arora gets 3 months extension as DGP