ਡਾ. ਦਵਿੰਦਰ ਕੌਰ ਢੱਟ ਨੇ ਅਲੋਪ ਹੋ ਰਹੀ ਕਲਾ ਨੂੰ ਸਾਂਭਣ ਦਾ ਉਪਰਾਲਾ ਕੀਤਾ: ਪਾਤਰ
ਪੰਜਾਬ ਕਲਾ ਪਰਿਸ਼ਦ ਵੱਲੋਂ ਪੰਜਾਬੀ ਲੋਕ ਕਲਾ ਦੀ ਖ਼ਾਸ ਵੰਨਗੀ ਤੇ ਹੱਥੀਂ ਤਿਆਰ ਕੀਤੀਆਂ ਕਲਾ ਕਿਰਤਾਂ ਦੀ 'ਗੁੱਡੀਆਂ ਪਟੋਲੇ ਦੀ' ਪ੍ਰਦਰਸ਼ਨੀ ਡਾ. ਦਵਿੰਦਰ ਕੌਰ ਢੱਟ ਵੱਲੋਂ ਕਲਾ ਭਵਨ ਵਿੱਚ ਲਗਾਈ ਗਈ। ਇਸ ਦਾ ਉਦਘਾਟਨ ਕਲਾ ਪਰਿਸ਼ਦ ਦੇ ਚੇਅਰਮੈਨ ਸੁਰਜੀਤ ਪਾਤਰ ਨੇ ਕੀਤਾ। ਸਵਾਗਤੀ ਸ਼ਬਦਾ ਪਰਿਸ਼ਦ ਦੇ ਸਕੱਤਰ ਜਨਰਲ ਲਖਵਿੰਦਰ ਜੌਹਲ ਨੇ ਆਖੇ।
ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਇਹ ਲੋਕ ਪਰੰਪਰਾ ਪਿੰਡਾਂ ਵਿੱਚ ਕਿਸੇ ਸਮੇਂ ਪੂਰਨ ਰੂਪ ਵਿੱਚ ਪ੍ਰਚੱਲਿਤ ਹੋਇਆ ਕਰਦੀ ਸੀ ਤੇ ਬੀਤੇ ਸਮੇਂ ਦੀਆਂ ਬਾਤਾਂ ਪਾਉਣਾ ਸਾਡੇ ਲਈ ਅੱਜ ਅਹਿਮ ਹੋ ਗਿਆ ਹੈ।
ਡਾ. ਪਾਤਰ ਨੇ ਅਲੋਪ ਹੋ ਰਹੀ ਇਸ ਲੋਕ ਕਲਾ ਦੀ ਸੁਰਜੀਤੀ ਕਰਨ 'ਤੇ ਡਾ. ਢੱਟ ਨੂੰ ਵਧਾਈ ਦਿੱਤੀ ਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਉਹ ਆਪਣੀ ਹੱਥ ਕਲਾ ਪ੍ਰਤੀ ਸੁਹਿਰਦਤਾ ਨਾਲ ਕੰਮ ਕਰਨਗੇ।
ਇਸ ਪ੍ਰੋਗਰਾਮ ਦੇ ਕਨਵੀਨਰ ਡਾ. ਨਿਰਮਲ ਜੌੜਾ ਨੇ ਮੰਚ ਸੰਚਾਲਨ ਕਰਦਿਆਂ ਡਾ. ਢੱਟ ਦੀਆਂ ਹੱਥੀਂ ਤਿਆਰ ਕੀਤੀਆਂ ਕਲਾ ਕਿਰਤਾਂ ਬਾਰੇ ਚਾਨਣਾ ਪਾਇਆ। ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਪਿੰਡਾਂ ਨਾਲ ਸਬੰਧਤ ਕੁੜੀਆਂ ਵੱਲੋਂ ਬਣਾਈਆਂ ਜਾਂਦੀਆਂ ਗੁੱਡੀਆਂ ਤੇ ਪਟੋਲਿਆਂ ਦੀ ਨੁਮਾਇਸ਼ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਰਹੀ।
ਰੰਗ-ਬਰੰਗੇ ਕੱਪੜਿਆਂ, ਗੋਟਿਆਂ , ਫੁਲਕਾਰੀਆਂ ਤੇ ਫੁੱਲਾਂ ਨਾਲ ਸਿੰਗਾਰੇ ਗੁੱਡੇ-ਗੁੱਡੀਆਂ ਨੇ ਲੋਕਾਂ ਦਾ ਮਨ ਮੋਹ ਲਿਆ। ਕਲਾ ਪਰਿਸ਼ਦ ਵੱਲੋਂ ਡਾ. ਢੱਟ ਨੂੰ ਫੁਲਕਾਰੀ ਤੇ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਸਮੇਰ ਸਿੰਘ ਢੱਟ, ਦੀਪਕ ਸ਼ਰਮਾ ਚਨਾਰਥਲ, ਸਤਨਾਮ ਚਾਨਾ, ਐਲ.ਆਰ ਨਈਅਰ ਸਮੇਤ ਉੱਘੀਆਂ ਹਸਤੀਆਂ ਹਾਜ਼ਰ ਸਨ।