ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਿਆ ਹੈ। ਇਹ ਜਾਣਕਾਰੀ ਅੱਜ ਸਨਿੱਚਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਟਵੀਟ ਰਾਹੀਂ ਦਿੱਤੀ।
1947 `ਚ ਦੇਸ਼ ਦੀ ਵੰਡ ਤੋਂ ਹੀ ਭਾਰਤ ਦੇ ਸਿੱਖਾਂ ਨੇ ਇਹ ਲਾਂਘਾ ਬਣਾਉਣ ਦੀ ਮੰਗ ਰੱਖ ਦਿੱਤੀ ਸੀ। ਭਾਰਤੀ ਪੰਜਾਬ ਦੇ ਗੁਰਦਾਸਪੁਰ ਜਿ਼ਲ੍ਹੇ ਦਾ ਸ਼ਹਿਰ ਡੇਰਾ ਬਾਬਾ ਨਾਨਕ ਪਾਕਿਸਤਾਨ ਦੀ ਸਰਹੱਦ ਦੇ ਉਸ ਸਥਾਨ ਨਾਲ ਲੱਗਦਾ ਹੈ, ਜਿੱਥੇ ਸਰਹੱਦ ਪਾਰ ਕਰਤਾਰਪੁਰ ਸਾਹਿਬ ਗੁਰਦੁਆਰਾ ਸਾਹਿਬ ਸਥਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਿਮ 16 ਵਰ੍ਹੇ ਇਸੇ ਅਸਥਾਨ `ਤੇ ਬਿਤਾਏ ਸਨ।
ਭਾਰਤ ਵਾਲੇ ਪਾਸੇ ਇਸ ਲਾਂਘੇ ਲਈ ਉਦਘਾਟਨ ਸੋਮਵਾਰ 26 ਨਵੰਬਰ ਨੂੰ ਕੀਤਾ ਜਾਣਾ ਹੈ, ਜਦ ਕਿ ਪਾਕਿਸਤਾਨ ਸਰਕਾਰ ਨੇ ਆਪਣੇ ਵਾਲੇ ਪਾਸੇ ਅਜਿਹੇ ਉਦਘਾਟਨ ਲਈ ਬੁੱਧਵਾਰ 28 ਨਵੰਬਰ ਦਾ ਦਿਨ ਤੈਅ ਕੀਤਾ ਹੈ।
ਭਾਰਤ ਦੀ ਕੇਂਦਰੀ ਕੈਬਿਨੇਟ ਨੇ ਕਰਤਾਰਪੁਰ ਸਾਹਿਬ ਲਾਂਘੇ ਦੀ ਸਥਾਪਨਾ ਲਈ ਵੀਰਵਾਰ ਨੂੰ ਹੀ ਇੱਕ ਮਤੇ ਨੂੰ ਹਰੀ ਝੰਡੀ ਦੇ ਦਿੱਤੀ ਸੀ। ਇਹ ਲਾਂਘਾ ਬਣਨ ਤੋਂ ਬਾਅਦ ਭਾਰਤ ਦੇ ਸਿੱਖ ਸ਼ਰਧਾਲੂ ਬਿਨਾ ਪਾਸਪੋਰਟ ਤੇ ਵੀਜ਼ੇ ਦੇ ਵੀ ਕਰਤਾਰਪੁਰ (ਦਰਬਾਰ) ਸਾਹਿਬ ਗੁਰੂਘਰ ਦੇ ਦਰਸ਼ਨ ਕਰ ਸਕਣਗੇ।