ਨੰਗਲ ਸ਼ਹਿਰ ਦੇ ਨਾਲ ਲੱਗਦੇ ਪਿੰਡ ਮੌਜੋਵਾਲ 'ਚ ਕਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਮਿਲਿਆ ਹੈ। ਉਸ ਨੂੰ ਸਿਹਤ ਵਿਭਾਗ ਵੱਲੋਂ ਕਵਾਰੰਟੀਨ 'ਚ ਰੱਖਿਆ ਗਿਆ ਹੈ। ਉਸ ਦੇ ਖੂਨ ਤੇ ਥੁੱਕ ਦੇ ਸੈਂਪਲ ਜਾਂਚ ਲਈ ਲੈਬ 'ਚ ਭੇਜ ਦਿੱਤੇ ਗਏ ਹਨ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਇਸ ਸਬੰਧੀ ਜ਼ਿਲ੍ਹਾ ਰੋਪੜ ਦੇ ਸਿਵਲ ਸਰਜਨ ਡਾ. ਐਚ.ਐਨ. ਸ਼ਰਮਾ ਨੇ ਕਿਹਾ ਕਿ ਮੌਜੋਵਾਲ 'ਚ 35 ਸਾਲਾ ਇੱਕ ਸਿੱਖ ਨੌਜਵਾਨ ਬੀਤੀ 22 ਮਾਰਚ ਨੂੰ ਦੋਹਾ ਕਤਰ ਤੋਂ ਵਾਪਸ ਆਇਆ ਸੀ। ਬੀਤੇ ਦਿਨੀਂ ਉਸ ਨੂੰ ਖੰਘ ਤੇ ਜੁਕਾਮ ਹੋ ਗਿਆ, ਜਿਸ ਕਰਕੇ ਉਸ 'ਚ ਕਰੋਨਾ ਵਾਇਰਸ ਦਾ ਸ਼ੱਕ ਜ਼ਾਹਰ ਕੀਤਾ ਜਾ ਸਕਦਾ ਹੈ।
ਉਸ ਨੌਜਵਾਨ ਨੂੰ ਸਿਹਤ ਵਿਭਾਗ ਵੱਲੋਂ ਆਪਣੀ ਦੇਖ-ਰੇਖ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਦੇ ਸੈਂਪਲ ਚੰਡੀਗੜ੍ਹ ਭੇਜ ਦਿੱਤੇ ਗਏ ਹਨ, ਜਿਸ ਦੀ ਰਿਪੋਰਟ ਅੱਜ ਸ਼ਾਮ ਨੂੰ ਆਵੇਗੀ। ਸਿਵਲ ਸਰਜਨ ਨੇ ਇੱਕ ਵਾਰ ਫਿਰ ਦੁਹਰਾਇਆ ਕਿ ਹਾਲੇ ਤੱਕ ਜ਼ਿਲ੍ਹਾ ਰੋਪੜ 'ਚ ਕਰੋਨਾ ਵਾਇਰਸ ਦਾ ਕੋਈ ਵੀ ਪਾਜ਼ੀਟਿਵ ਮਰੀਜ਼ ਨਹੀਂ ਮਿਲਿਆ ਹੈ।
ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) 'ਚ ਹੁਣ ਤਕ 19, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 'ਚ 7, ਹੁਸ਼ਿਆਰਪੁਰ 'ਚ 6, ਜਲੰਧਰ 'ਚ 5, ਅੰਮ੍ਰਿਤਸਰ ਤੇ ਲੁਧਿਆਣਾ 'ਚ 1-1 ਪਾਜੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ 'ਚ 3 ਮੌਤਾਂ ਹੋ ਚੁੱਕੀਆਂ ਹਨ।