ਅਗਲੀ ਕਹਾਣੀ

ਪੰਜਾਬ 'ਚ ਸਵਾਈਨ–ਫ਼ਲੂ ਨਾਲ ਮੌਤਾਂ ਦੀ ਗਿਣਤੀ ਕਿਤੇ ਵੱਧ – ਵਿਰੋਧੀ ਧਿਰ ਦਾ ਦੋਸ਼

ਅਕਾਲੀ ਵਿਧਾਇਕ ਬੁੱਧਵਾਰ ਨੂੰ ਵਿਧਾਨ ਸਭਾ 'ਚੋਂ ਵਾਕਆਊਟ ਕਰ ਗਏ

ਪੰਜਾਬ ਵਿਧਾਨ ਸਭਾ ’ਚ ਵਿਰੋਧੀ ਪਾਰਟੀਆਂ – ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ–ਭਾਜਪਾ ਗੱਠਜੋੜ ਤੇ ਲੋਕ ਇਨਸਾਫ਼ ਪਾਰਟੀ ਨੇ ਅੱਜ ਸਵਾਈਨ–ਫ਼ਲੂ ਦੇ ਮਾਮਲੇ ਨੂੰ ਲੈ ਕੇ ਸੱਤਾਧਾਰੀ ਕਾਂਗਰਸ ਪਾਰਟੀ ’ਤੇ ਤਿੱਖੇ ਹਮਲੇ ਕਰ ਕੇ ਉਸ ਨੂੰ ਨੁੱਕਰੇ ਲਾਇਆ। ਇਸ ਮੁੱਦੇ ’ਤੇ ਪੂਰੀ ਤਰ੍ਹਾਂ ਇੱਕਜੁਟ ਵਿਰੋਧੀ ਧਿਰ ਦਾ ਦੋਸ਼ ਸੀ ਕਿ ਪੰਜਾਬ ਵਿੱਚ ਇਸ ਰੋਗ ਕਾਰਨ ਮੌਤਾਂ ਦੀ ਗਿਣਤੀ ਉਸ ਤੋਂ ਕਿਤੇ ਜ਼ਿਆਦਾ ਹੈ, ਜਿੰਨੀ ਸਰਕਾਰੀ ਅੰਕੜਿਆਂ ਵਿੱਚ ਦੱਸੀ ਜਾ ਰਹੀ ਹੈ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਸਵਾਈਨ–ਫ਼ਲੂ ਨਾਲ ਨਿਪਟਣ ਦੀ ਬਿਲਕੁਲ ਕੋਈ ਤਿਆਰੀ ਨਹੀਂ ਸੀ।

 

 

ਇਸ ਸਬੰਧੀ ਇੱਕ ਸਾਂਝਾ ਧਿਆਨ–ਦਿਵਾਊ ਮਤਾ ਅਕਾਲੀ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਤੇ ਆਮ ਆਦਮੀ ਪਾਰਟੀ ਦੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਸਦਨ ’ਚ ਰੱਖਿਆ ਸੀ। ਇਸ ਮਤੇ ਰਾਹੀਂ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਧਿਆਨ ਸਵਾਈਨ–ਫ਼ਲੂ ਕਾਰਨ ਅਨੇਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਲੋਕਾਂ ਵੱਲ ਖਿੱਚਿਆ ਗਿਆ ਸੀ। ਸ੍ਰੀ ਸੁੱਖੀ ਨੇ ਕਿਹਾ ਕਿ ਹੁਣ ਇਹ ਪਤਾ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਇਸ ਰੋਗ ਕਾਰਨ 565 ਮੌਤਾਂ ਹੋ ਚੁੱਕੀਆਂ ਹਨ ਪਰ ਸਰਕਾਰੀ ਅੰਕੜੇ ਇਹ ਗਿਣਤੀ ਬਹੁਤ ਘੱਟ ਦਰਸਾ ਰਹੇ ਹਨ। ਸ੍ਰੀ ਸੁੱਖੀ ਨੇ ਕਿਹਾ ਕਿ ‘ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਸਵਾਈਨ–ਫ਼ਲੂ ਦੇ ਮਰੀਜ਼ਾਂ ਲਈ ਭਾਵੇਂ ਵੱਖਰੇ ਵਾਰਡ ਬਣਾਏ ਪਰ ਉਨ੍ਹਾਂ ਵਾਰਡਾਂ ਵਿੱਚ ਕੋਈ ਸਹੂਲਤਾਂ ਨਹੀਂ ਹਨ, ਜਿਸ ਕਰਕੇ ਮਰੀਜ਼ਾਂ ਨੂੰ ਉਨ੍ਹਾਂ ਦਾ ਕੋਈ ਫ਼ਾਇਦਾ ਹੀ ਨਹੀਂ ਹੈ।’

 

 

ਇਸ ਧਿਆਨ–ਦਿਵਾਊ ਮਤੇ ਦਾ ਜਵਾਬ ਦਿੰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਕਤੂਬਰ 2018 ਤੋਂ ਲੈ ਕੇ 11 ਫ਼ਰਵਰੀ, 2019 ਤੱਕ ਸਵਾਈਨ–ਫ਼ਲੂ ਦੇ 951 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 378 ਮਰੀਜ਼ਾਂ ਦੇ ਟੈਸਟ ਪਾਜ਼ਿਟਿਵ ਆਏ ਸਨ ਤੇ 31 ਮੌਤਾਂ ਹੋਈਆਂ ਸਨ। ਉਨ੍ਹਾਂ ਤਿੰਨ ਅਜਿਹੇ ਮਰੀਜ਼ਾਂ ਦੀ ਮਿਸਾਲ ਦਿੱਤੀ, ਜਿਨ੍ਹਾਂ ਬਾਰੇ ਪਹਿਲਾਂ ਸਵਾਈਨ–ਫ਼ਲੂ ਨਾਲ ਮਰਨ ਦੀਆਂ ਖ਼ਬਰਾਂ ਆਈਆਂ ਸਨ ਪਰ ਬਾਅਦ ਵਿੱਚ ਪੁਸ਼ਟੀ ਹੋਈ ਸੀ ਕਿ ਉਹ ਤਾਂ ਹੋਰ ਕੋਈ ਬੀਮਾਰੀਆਂ ਕਰਕੇ ਮਰੇ ਸਨ। ਸਮੁੱਚੇ ਦੇਸ਼ ਵਿੱਚ ਸਵਾਈਨ–ਫ਼ਲੂ ਦੇ 9,367 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 321 ਮੌਤਾਂ ਹੋਈਆਂ ਹਨ।

 

 

ਸ੍ਰੀ ਮਾਨਸ਼ਾਹੀਆ ਨੇ ਜਵਾਬ ਵਿੱਚ ਕਿਹਾ ਕਿ ਇਹ ਤਾਂ ਬਹੁਤ ਗ਼ੈਰ–ਜ਼ਿੰਮੇਵਾਰਾਨਾ ਗੱਲ ਹੈ ਕਿ ਸਵਾਈਨ–ਫ਼ਲੂ ਦੇ ਮਰੀਜ਼ਾਂ ਬਾਰੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਦੇਹਾਂਤ ਹੋਰ ਰੋਗਾਂ ਕਾਰਨ ਹੋਇਆ ਸੀ। ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਵੱਧ ਆਬਾਦੀ ਲੁਧਿਆਣਾ ਸ਼ਹਿਰ ਦੀ ਹੈ ਪਰ ਉੱਥੋਂ ਦੇ ਸਰਕਾਰੀ ਹਸਪਤਾਲ ਵਿੱਚ ਸਵਾਈਨ–ਫ਼ਲੂ ਦੇ ਗੰਭੀਰ ਰੋਗੀਆਂ ਦੇ ਇਲਾਜ ਲਈ ਵੈਂਟੀਲੇਟਰ ਤੱਕ ਨਹੀਂ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Swine Flu Deaths more than govt claims Opposition allege