ਤਰਨ ਤਾਰਨ ਜ਼ਿਲ੍ਹੇ ਅਧੀਨ ਆਉਂਦੇ ਕਸਬਾ ਹਰੀਕੇ ਪਤਨ ਤੋਂ ਕਰੀਬ 5 ਕਿਲੋਮੀਟਰ ਦੂਰ ਪਿੰਡ ਕਿਰਤੋਵਾਲ 'ਚ ਬੀਤੇ ਦਿਨੀਂ ਕਾਰ ਅੰਦਰ ਸੜੀ ਹੋਈ ਲਾਸ਼ ਮਿਲੀ ਸੀ। ਉਦੋਂ ਲਾਸ਼ ਦੀ ਸ਼ਿਨਾਖਤ ਅਨੂਪ ਸਿੰਘ ਵਾਸੀ ਅੰਮ੍ਰਿਤਸਰ ਵਜੋਂ ਹੋਈ ਸੀ। ਉਸ ਦੇ ਪਰਿਵਾਰ ਨੇ ਸ਼ਿਨਾਖਤ ਕੀਤੀ ਸੀ। ਇਸ ਮਾਮਲੇ 'ਚ ਪੁਲਿਸ ਨੇ ਨਵਾਂ ਖੁਲਾਸਾ ਕੀਤਾ ਹੈ।
ਅਸਲ ਵਿਚ ਉਹ ਲਾਸ਼ ਇਸ ਪਰਵਾਰ ਕੋਲ ਸਾਲਾਂ ਪਹਿਲਾਂ ਕੰਮ ਕਰਦੇ ਰਹੇ ਪ੍ਰਵਾਸੀ ਮਜ਼ਦੂਰ ਦੀ ਸੀ, ਜਿਸ ਦੀ ਹੱਤਿਆ ਸਿਰਫ਼ ਇਸ ਕਰ ਕੇ ਕਰ ਦਿੱਤੀ ਗਈ ਤਾਂ ਜੋ ਅਨੂਪ ਦੇ ਨਾਂ 'ਤੇ ਹੋਏ ਬੀਮੇ ਦੀ 6 ਕਰੋੜ ਦੀ ਵੱਡੀ ਰਕਮ ਨੂੰ ਹਾਸਿਲ ਕੀਤਾ ਜਾ ਸਕੇ। ਹਰੀਕੇ ਭਿੱਖੀਵਿੰਡ ਰਾਜ ਮਾਰਗ-19 'ਤੇ ਵੀਰਵਾਰ ਸਵੇਰੇ ਅੱਧ ਸੜੀ ਲਾਸ਼ ਮਿਲੀ ਸੀ।
ਐਸਐਸਪੀ ਧਰੁਵ ਦਹੀਆ ਨੇ 24 ਘੰਟਿਆਂ 'ਚ ਮਾਮਲਾ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਪੁਲਿਸ ਨੇ 12 ਘੰਟਿਆਂ 'ਚ ਹੀ ਮਾਮਲਾ ਹੱਲ ਕਰ ਦਿੱਤਾ। ਥਾਣਾ ਹਰੀਕੇ ਪੱਤਣ ਦੇ ਮੁਖੀ ਜਰਨੈਲ ਸਿੰਘ ਮੁਤਾਬਕ ਅਨੂਪ ਸਿੰਘ ਦੀ ਫੈਕਟਰੀ 'ਚ 10 ਸਾਲ ਪਹਿਲਾਂ ਬੱਬਾ ਨਾਂ ਦਾ ਮਜ਼ਦੂਰ ਕੰਮ ਕਰਦਾ ਸੀ।
ਹਾਲਾਂਕਿ ਉਹ ਹੁਣ ਇਨ੍ਹਾਂ ਕੋਲ ਨੌਕਰੀ ਨਹੀਂ ਕਰਦਾ ਸੀ ਪਰ ਉਸ ਦਾ ਅਨੂਪ ਸਿੰਘ ਨਾਲ ਮੇਲ ਮਿਲਾਪ ਹਾਲੇ ਵੀ ਹੋ ਜਾਂਦਾ ਸੀ। ਪ੍ਰਵਾਸੀ ਦੱਸੇ ਜਾਂਦੇ ਬੱਬੇ ਦੇ ਅੱਗੇ ਪਿੱਛੇ ਕੋਈ ਨਾ ਹੋਣ ਦੀ ਜਾਣਕਾਰੀ ਅਨੂਪ ਸਿੰਘ ਨੂੰ ਸੀ, ਜਿਸ ਕਾਰਨ ਉਸ ਨੇ ਆਪਣੇ ਭਰਾ ਕਰਨਦੀਪ ਸਿੰਘ ਨਾਲ ਮਿਲ ਕੇ ਬੱਬੇ ਦਾ ਕਤਲ ਕੀਤਾ ਅਤੇ ਲਾਸ਼ ਦੀ ਪਛਾਣ ਆਪਣੇ ਤੌਰ 'ਤੇ ਭਾਵ ਅਨੂਪ ਸਿੰਘ ਵਜੋਂ ਕਰਵਾਈ।

ਬੱਬੇ ਦੀ ਹੱਤਿਆ ਲਈ ਸ਼ੇਵ ਕਰਨ ਵਾਲਾ ਉਸਤਰਾ ਅਤੇ ਛੋਟੀ ਗੰਡਾਸੀ ਦੀ ਵਰਤੋਂ ਕੀਤੀ ਗਈ ਸੀ। ਬਾਅਦ ਵਿਚ ਲਾਸ਼ ਨੂੰ ਤੇਲ ਪਾ ਕੇ ਹਰੀਕੇ ਇਲਾਕੇ 'ਚ ਅੱਗ ਹਵਾਲੇ ਕਰ ਦਿੱਤਾ ਗਿਆ। ਮੁਲਜ਼ਮਾਂ ਵੱਲੋਂ ਕਾਰ 'ਚ ਅਨੂਪ ਸਿੰਘ ਦੇ ਸਨਾਖਤੀ ਕਾਰਡ ਉਥੇ ਹੀ ਛੱਡ ਦਿੱਤੇ ਗਏ ਤਾਂ ਜੋ ਲਾਸ਼ ਦੀ ਪਛਾਣ ਅਨੂਪ ਸਿੰਘ ਵਜੋਂ ਹੋ ਸਕੇ। ਅਨੂਪ ਖੁਦ ਦਿੱਲੀ ਜਾ ਕੇ ਛੁਪ ਗਿਆ ਸੀ।

ਪੁਲਿਸ ਨੇ ਅਨੂਪ ਸਿੰਘ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਅਨੂਪ ਸਿੰਘ ਦੀ ਗ੍ਰਿਫਤਾਰੀ ਲਈ ਪੁਲਿਸ ਦੀ ਛਾਪੇਮਾਰੀ ਜਾਰੀ ਹੈ।