ਤੁਰਕੀ `ਚ ਹੋਈ ਕੌਮਾਂਤਰੀ ਐਮੇਚਿਓਰ ਕੁਸ਼ਤੀ ਈਵੈਂਟ ਤੋਂ ਪਰਤਣ ਦੇ ਇੱਕ ਹਫ਼ਤੇ ਬਾਅਦ ਤਰਨ ਤਾਰਨ ਦੇ ਜਸਕੰਵਰ ਸਿੰਘ ਗਿੱਲ ਨੇ ਸਿ਼ਕਾਇਤ ਕੀਤੀ ਹੈ ਕਿ ਤੁਰਕੀ `ਚ ਉਸ ਨੂੰ ਆਪਣੀ ਸਿੱਖ ਪਛਾਣ ਪਟਕਾ ਵੀ ਪਹਿਨਣ ਨਹੀਂ ਸੀ ਦਿੱਤਾ ਗਿਆ। ਉਸ ਨੇ ਇਸ ਮਾਮਲੇ `ਚ ਕੇਂਦਰੀ ਖੇਡ ਮੰਤਰਾਲੇ ਨੂੰ ਦਖ਼ਲ ਦੇਣ ਲਈ ਆਖਿਆ ਹੈ।
ਜਸਕੰਵਰ ਸਿੰਘ ਗਿੱਲ ਨੂੰ ਜਿ਼ਆਦਾਤਰ ਖੇਡ ਹਲਕਿਆਂ `ਚ ਪਹਿਲਵਾਨ ਜੱਸਾ ਪੱਟੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੀ ਕੌਮਾਂਤਰੀ ਸ਼ੁਰੂਆਤ ਸਿਰਫ਼ ਇਸ ਕਰਕੇ ਨਹੀਂ ਕਰ ਸਕਿਆ ਕਿਉਂਕਿ ਯੂਨਾਈਟਿਡ ਵਰਲਡ ਰੈਸਲਿੰਗ ਨੇ ਉਸ ਨੁੰ ਪਟਕਾ ਪਹਿਨ ਕੇ ਮੈਟ `ਤੇ ਆਉਣ ਦੀ ਇਜਾਜ਼ਤ ਹੀ ਨਹੀਂ ਦਿੱਤੀ ਸੀ।
ਜਸਕੰਵਰ ਸਿੰਘ ਗਿੱਲ ਦਾ ਕਹਿਣਾ ਹੈ ਕਿ - ‘ਮੰਤਰਾਲੇ ਨੂੰ ਇੱਕ ਨੋਟਿਸ ਭੇਜ ਕੇ ਯੂਨਾਈਟਿਡ ਵਰਲਡ ਰੈਸਲਿੰਗ ਤੋਂ ਇਹ ਪੁੱਛਣਾ ਚਾਹੀਦਾ ਹੈ ਕਿ ਆਖ਼ਰ ਮੈਨੂੰ ਮੁਕਾਬਲੇ `ਚ ਹਿੱਸਾ ਲੈਣ ਦੀ ਇਜਾਜ਼ਤ ਕਿਉਂ ਨਹੀਂ ਦਿੱਤੀ ਗਈ। ਕੁਸ਼ਤੀ ਦੇ ਕੌਮਾਂਤਰੀ ਨਿਯਮਾਂ ਅਨੁਸਾਰ ਖਿਡਾਰੀਆਂ ਨੂੰ ਹੈੱਡਗੀਅਰ ਪਹਿਨਣ ਦੀ ਇਜਾਜ਼ਤ ਹੁੰਦੀ ਹੈ, ਜਿਸ ਨਾਲ ਬਾਊਟਸ ਦੌਰਾਨ ਵਿਰੋਧੀਆਂ ਨੂੰ ਕੋਈ ਨੁਕਸਾਨ ਨਹੀਂ ਹੰੁਦਾ। ਬੀਤੀ 28 ਜੁਲਾਈ ਨੂੰ ਰੈਫ਼ਰੀਆਂ ਨੇ ਮੈਨੂੰ ਪਟਕੇ ਨਾਲ ਮੁਕਾਬਲੇ `ਚ ਭਾਗ ਨਹੀਂ ਲੈਣ ਦਿੱਤਾ ਤੇ ਮੈਨੂੰ ਕੇਸ ਬੰਨ੍ਹਣ ਲਈ ਕਿਹਾ। ਮੈਂ ਇਨਕਾਰ ਕਰ ਦਿੱਤਾ। ਮੈਂ ਇਸ ਵਿਤਕਰੇ ਖਿ਼ਲਾਫ਼ ਲੜਨਾ ਚਾਹੁੰਦਾ ਹਾਂ।`
ਰਾਸ਼ਟਰੀ ਖੇਡਾਂ `ਚ ਕਾਂਸੇ ਦਾ ਤਮਗ਼ਾ ਜਿੱਤ ਚੁੱਕੇ ਜਸਕੰਵਰ ਸਿੰਘ ਗਿੱਲ ਨੇ ਦਾਅਵਾ ਕੀਤਾ ਕਿ ਉਸ ਨੇ ਬਹੁਤ ਸਾਰੇ ਰਾਸ਼ਟਰੀ ਮੈਚਾਂ `ਚ ਭਾਗ ਲਿਆ ਹੈ ਪਰ ਕਦੇ ਵੀ ਉਸ ਨੂੰ ਪਟਕਾ ਲਾਹੁਣ ਲਈ ਨਹੀਂ ਕਿਹਾ ਗਿਆ।
ਜਸਕੰਵਰ ਸਿੰਘ ਗਿੱਲ ਦੇ ਪਿਤਾ ਸਲਵਿੰਦਰ ਸਿੰਘ ਵੀ ਇੱਕ ਉੱਘੇ ਭਲਵਾਨ ਰਹਿ ਚੁੱਕੇ ਹਨ। ਉਨ੍ਹਾਂ ਵੀ ਕਿਹਾ ਕਿ ਅਜਿਹੀ ਘਟਨਾ ਉਨ੍ਹਾਂ ਪਹਿਲੀ ਵਾਰ ਵੇਖੀ ਤੇ ਸੁਣੀ ਹੈ।
ਉੱਧਰ ਯੁਵਾ ਤੇ ਖੇਡ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਰਾਜਵਰਧਨ ਸਿੰਘ ਰਾਠੋੜ ਨੇ ਕਿਹਾ ਕਿ ਸਰਕਾਰ ਇਸ ਮਾਮਲੇ `ਤੇ ਗ਼ੌਰ ਕਰੇਗੀ।