ਸਰਵ ਸਿੱਖਿਆ ਅਭਿਆਨ ਦੇ ਤਹਿਤ ਠੇਕੇ ਉਤੇ ਕੰਮ ਕਰਦੇ ਟੀਜੀਟੀ ਅਧਿਆਪਕ ਤੇ ਐਸਐਸਏ ਦੇ ਪ੍ਰਧਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿੱਖਿਆ ਵਿਭਾਗ ਚੰਡੀਗੜ੍ਹ ਦੀਆਂ ਨੀਤੀਆਂ ਦੀ ਮੀਡੀਆ ਅਤੇ ਸੋਸਲ ਮੀਡੀਆ ਉਤੇ ਅਲੋਚਨਾ ਕਰਨਾ ਮਹਿੰਗਾ ਪੈ ਗਿਆ।
ਮਿਲੀ ਜਾਣਕਾਰੀ ਅਨੁਸਾਰ ਸਰਵ ਸਿੱਖਿਆ ਅਭਿਆਨ ਅਧਿਆਪਕ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਰਾਣਾ ਨੂੰ ਸਿੱਖਿਆ ਵਿਭਾਗ ਚੰਡੀਗੜ੍ਹ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ।
ਅਰਵਿੰਦ ਰਾਣਾ ਸੋਸਲ ਸਾਇੰਸ ਦੀ ਪੋਸਟ ਉਤੇ ਸਰਕਾਰੀ ਹਾਈ ਸਕੂਲ ਸਾਰੰਗਪੁਰ (ਚੰਡੀਗੜ੍ਹ) ਵਿਖੇ ਤੈਨਾਤ ਹੈ। ਸਾਲ 2018 ਵਿਚ 10ਵੀਂ ਕਲਾਸ ਦਾ 100 ਫੀਸਦੀ ਨਤੀਜੇ ਆਉਣ ਵਾਸਤੇ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤਾ ਗਿਆ ਸੀ।
ਸਿੱਖਿਆ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੀਆਂ ਨੀਤੀਆਂ ਦੀ ਆਲੋਚਨਾ ਕਰਨ ਉਤੇ ਇਕ ਮਹੀਨੇ ਵਿਚ ਦੂਜੀ ਮੁਅੱਤਲੀ ਹੈ। ਇਸ ਤੋਂ ਪਹਿਲਾਂ 21 ਜਨਵਰੀ ਨੂੰ ਸਵਰਨ ਸਿੰਘ ਕੰਬੋਜ ਪ੍ਰਧਾਨ ਯੂਟੀ ਕੇਡਰ ਸਿੱਖਿਆ ਇੰਪਲਾਈਜ਼ ਯੂਨੀਅਨ ਨੂੰ ਮੀਡੀਆ ਵਿਚ ਬਿਆਨ ਦੇਣ ਬਦਲੇ ਮੁਅੱਤਲ ਕੀਤਾ ਗਿਆ ਸੀ।
ਵਿਭਾਗ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਸਾਮਗਰਾ ਸਿੱਖਿਆ ਚੰਡੀਗੜ੍ਹ ਵੱਲੋਂ ਅਰਵਿੰਦ ਰਾਣਾ ਦੇ ਇਕਰਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਵਿਭਾਗ ਨੇਕਿਹਾ ਕਿ ਵਿਜੀਲੈਸ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਤੋਂ ਮਿਲੀ ਰਿਪੋਰਟ ਮੁਤਾਬਕ ਅਰਵਿੰਦ ਰਾਣਾ ਸੋਸਲ ਮੀਡੀਆ ਫੇਸਬੁੱਕ ਅਤੇ ਪ੍ਰਿੰਟ ਮੀਡੀਆ ਵਿਚ ਟਿੱਪਣੀਆਂ ਤੇ ਲੇਖ ਪੋਸਟ ਕਰ ਰਿਹਾ ਹੈ। ਰਾਣਾ ਆਪਣੇ ਇਨ੍ਹਾਂ ਪੋਸਟਾਂ ਰਾਹੀਂ ਨੀਤੀਆਂ ਦੀ ਆਲੋਚਨਾ ਕਰ ਰਿਹਾ ਹੈ। ਇਹ ਵੀ ਕਿਹਾ ਗਿਆ ਕਿ ਉਸਨੇ ਵਿਭਾਗ ਦੇ ਅੰਦਰੂਨੀ ਮਸਲਿਆਂ ਅਤੇ ਨੀਤੀਆਂ ਦੀ ਆਲੋਚਨਾ ਕਰਕੇ ਲੋਕਾਂ ਵਿਚ ਸਿੱਖਿਆ ਵਿਭਾਗ ਦੇ ਅਕਸ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ।
ਯੂਟੀ ਸਿੱਖਿਆ ਸਕੱਤਰ ਬੀ ਐਲ ਸ਼ਰਮਾ ਨੇ ਕਿਹਾ ਕਿ ਹਰ ਸਰਕਾਰੀ ਕਰਮਚਾਰੀ ਨਿਯਮਾਂ ਵਿਚ ਬੰਨਿਆ ਹੋਇਆ ਹੈ, ਜਿਨ੍ਹਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਣੇ ਨੇ ਸਿਰਫ ਸਿੱਖਿਆ ਵਿਭਾਗ ਦੀ ਹੀ ਆਲੋਚਨਾ ਨਹੀਂ ਕੀਤੀ, ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਆਲੋਚਨਾ ਕੀਤੀ ਹੈ।
ਰਾਣਾ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਵਾਸਤੇ ਕੋਈ ਵੀ ਮੌਕਾ ਨਹੀਂ ਦਿੱਤਾ ਗਿਆ ਅਤੇ ਨਾ ਕੋਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।