ਸਰਵ ਸਿ਼ਖਸ਼ਾ ਅਭਿਆਨ (ਐੱਸੈੱਸਏ) ਤੇ ਰਾਸ਼ਟਰੀ ਮਾਧਿਅਮਕ ਸਿ਼ਖ਼ਸ਼ਾ ਅਭਿਆਨ (ਰਮਸਾ) ਅਧੀਨ ਭਰਤੀ ਹੋਏ 8,886 ਅਧਿਆਪਕ ਪਿਛਲੇ ਕਾਫ਼ੀ ਸਮੇਂ ਤੋਂ ਆਪਣੀਆਂ ਤਨਖ਼ਾਹਾਂ ਘਟਾਏ ਜਾਣ ਦੇ ਵਿਰੋਧ `ਚ ਪਟਿਆਲਾ `ਚ ਰੋਸ ਧਰਨੇ `ਤੇ ਬੈਠੇ ਹਨ। ਸਰਕਾਰ ਨੇ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਵਾਅਦਾ ਤਾਂ ਕਰ ਲਿਆ ਪਰ ਨਾਲ ਹੀ ਇਹ ਸ਼ਰਤ ਵੀ ਰੱਖ ਦਿੱਤੀ ਕਿ ਉਨ੍ਹਾਂ ਨੂੰ ਤਿੰਨ ਸਾਲਾਂ ਤੱਕ ਸਿਰਫ਼ 15,300 ਰੁਪਏ ਪ੍ਰਤੀ ਮਹੀਨਾ ਤਨਖ਼ਾਹ `ਤੇ ਗੁਜ਼ਾਰਾ ਕਰਨਾ ਪਵੇਗਾ। ਹੁਣ ਜਿਨ੍ਹਾਂ ਦੀਆਂ ਤਨਖ਼ਾਹਾਂ 40,000 ਰੁਪਏ ਤੋਂ ਵੀ ਉਤਾਂਹ ਚਲੀਆਂ ਗਈਆਂ ਸਨ, ਉਨ੍ਹਾਂ ਨੂੰ ਹੁਣ ਸਰਕਾਰ ਦੀ ਇਹ ਪੇਸ਼ਕਸ਼ ਮੰਨਣ ਵਿੱਚ ਬਹੁਤ ਔਕੜ ਪੇਸ਼ ਆ ਰਹੀ ਹੈ।
ਪਰ ਹੁਣ ਅਧਿਆਪਕਾਂ ਦੇ ਰੋਹ ਅੱਗੇ ਸਰਕਾਰ ਦਾ ਰੁਖ਼ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ. ਸਿੱਖਿਆ ਮੰਤਰੀ ਓ ਪੀ ਸੋਨੀ ਨੇ ਅਧਿਆਪਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੰਗਾਂ ਮੰਗਣ ਦਾ ਭਰੋਸਾ ਦਿੱਤਾ ਹੈ। ਇਸ ਤੋਂ ਅਧਿਆਪਕਾਂ ਨੇ ਆਪਣਾ ਧਰਨਾ ਰੱਦ ਕਰ ਦਿੱਤਾ ਹੈ. ਇਸ ਤੋਂ ਇਲਾਵਾ ਕੱਲ੍ਹ ਹੋਣ ਵਾਲੀ ਰੈਲੀ ਵੀ ਰੱਦ ਕਰ ਦਿੱਤੀ ਹੈ।
ਕਿਹਾ ਜਾ ਰਿਹਾ ਹੈ ਕਿ 4 ਦਸੰਬਰ ਤੋਂ ਪਹਿਲਾਂ ਅਧਿਆਪਕਾਂ ਦੀ ਇੱਕ ਮੁਲਾਕਾਤ ਸਿੱਖਿਆ ਮੰਤਰੀ ਨਾਲ ਹੋਵੇਗੀ ਤੇ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਗੇ।
ਸਰਕਾਰ ਨੇ ਪਿਛਲੇ ਕੁਝ ਦਿਨਾਂ ਵਿੱਚ ਟੀਚਰਾਂ ਦੇ ਕੀਤੇ ਤਬਾਦਲੇ ਤੇ ਸਸਪੈਂਸਨ ਵੀ ਵਾਪਸ ਲੈ ਲਏ ਹਨ।