ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਅਧਿਆਪਕਾਂ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਦਿੱਤੀ ਗਈ 8 ਫਰਵਰੀ ਦੀ ਮੀਟਿੰਗ ਅੱਜ ਫਿਰ ਰੱਦ ਕਰ ਦਿੱਤੀ ਗਈ ਹੈ। 24 ਜਨਵਰੀ ਨੂੰ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਸੰਘਰਸ਼ ਕਮੇਟੀ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨਾਲ 8 ਫਰਵਰੀ ਨੂੰ ਮੀਟਿੰਗ ਕਰਾਉਣ ਦਾ ਸਮਾਂ ਦਿੱਤਾ ਗਿਆ ਸੀ। ਪ੍ਰੰਤੂ ਅੱਜ ਇਹ ਕਹਿ ਮੀਟਿੰਗ ਰੱਦ ਕਰ ਦਿੱਤੀ ਗਈ ਕਿ ਮੁੱਖ ਮੰਤਰੀ ਦਿੱਲੀ ਜਾ ਰਹੇ ਹਨ।
ਅਧਿਆਪਕਾਂ ਵਿਚ ਇਹ ਸੁਨੇਹਾ ਪਹੁੰਚਦਿਆਂ ਹੀ ਵੱਡੀ ਪੱਧਰ ਉਤੇ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ 10 ਫਰਵਰੀ ਨੂੰ ਪਟਿਆਲਾ ਵਿਚ ਕੀਤੀ ਜਾਣ ਵਾਲੀ ਰੈਲੀ ਨੂੰ ਹੁਣ ਫੈਸਲਾਕੁੰਨ ਰੈਲੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਕ ਅਧਿਆਪਕ ਆਗੂ ਨੇ ਕਿਹਾ ਕਿ ਸਰਕਾਰ ਦੇ ਇਨ੍ਹਾਂ ਲਾਰਿਆਂ ਤੋਂ ਹੁਣ ਅਧਿਆਪਕ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੁਣ 10 ਫਰਵਰੀ ਨੂੰ ਪਟਿਆਲਾ ਵਿਚ ਅਧਿਆਪਕ ਤੈਅ ਕਰਨਗੇ ਕਿ ਹੁਣ ਸਕੂਲ ਕਦੋਂ ਖੁੱਲ੍ਹਣੇ ਹਨ।
ਜ਼ਿਕਰਯੋਗ ਹੈ ਕਿ ਮਾਰਚ 2018 ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਵੱਲੋਂ ਅਧਿਆਪਕਾਂ ਨੂੰ ਕਰੀਬ ਦਰਜਨ ਵਾਰ ਸਮਾਂ ਦਿੱਤਾ ਗਿਆ ਹੈ। ਪਰ ਮੁੱਖ ਮੰਤਰੀ ਹਰ ਵਾਰ ਕਿਸੇ ਨਾ ਕਿਸੇ ਰੁਝੇਵੇਂ ਕਰਕੇ ਮੀਟਿੰਗ ਰੱਦ ਕਰਦੇ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਅਧਿਆਪਕਾਂ ਵੱਲੋਂ ਪਿਛਲੇ ਸਾਲ 27 ਅਪ੍ਰੈਲ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ, ਜਿਸ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸ਼ਾਹਕੋਟ ਦੀ ਚੋਣ ਕਾਰਨ ਲੱਗੇ ਚੋਣ ਜ਼ਾਬਤੇ ਦਾ ਜ਼ਿਕਰ ਕਰਦਿਆਂ ਅਗਲੀ ਮੀਟਿੰਗ ਖੁਦ ਆਪ 4 ਜੂਨ ਦੀ ਦਿੱਤੀ, ਪ੍ਰੰਤੂ ਉਹ ਮੀਟਿੰਗ ਨਹੀਂ ਹੋਈ।
ਪੰਜਾਬ ਦੇ ਸਿੱਖਿਆ ਮੰਤਰੀ ਰਾਹੀਂ 19 ਜੂਨ 2018, 23 ਜੁਲਾਈ ਤੋਂ ਇਲਾਵਾ 1 ਦਸੰਬਰ ਨੂੰ ਸਿੱਖਿਆ ਮੰਤਰੀ ਓ ਪੀ ਸੋਨੀ ਪਟਿਆਲਾ ਵਿਖੇ ਅਧਿਆਪਕਾਂ ਦੇ ਪੱਕੇ ਮੋਰਚੇ ਵਿਚ ਜਾ ਕੇ 15 ਦਿਨ ਵਿਚ ਮੀਟਿੰਗ ਕਰਾਉਣ ਦਾ ਵਾਅਦਾ ਕਰਕੇ ਆਏ ਸਨ ਉਹ ਵੀ ਨਹੀਂ ਹੋਈ ਤੇ ਹੁਣ 24 ਜਨਵਰੀ ਨੂੰ ਮੁੜ ਸਿੱਖਿਆ ਮੰਤਰੀ ਨੇ 8 ਫਰਵਰੀ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਸਮਾਂ ਦਿੱਤਾ ਸੀ, ਉਹ ਮੀਟਿੰਗ ਵੀ ਅੱਜ ਰੱਦ ਕਰ ਦਿੱਤੀ ਗਈ।
ਇਸ ਤੋਂ ਇਲਾਵਾ 13 ਅਗਸਤ 2018, 29 ਅਗਸਤ ਅਤੇ 5 ਨਵੰਬਰ 2018 ਦੀਆਂ ਮੀਟਿੰਗਾਂ ਦਾ ਸਮਾਂ ਦਿੱਤਾ ਗਿਆ ਸੀ, ਪਰ ਮੁੱਖ ਮੰਤਰੀ ਨੂੰ ਅਧਿਆਪਕਾਂ ਨਾਲ ਮੀਟਿੰਗ ਕਰਨ ਲਈ ਸਮਾਂ ਨਹੀਂ ਮਿਲਿਆ।