ਮੁਲਾਜ਼ਮਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਤਕਨੀਕੀ ਸਿੱਖਿਆ ਵਿਭਾਗ ਨੂੰ ਅੱਜ ਨਵੇਂ ਮੁਲਾਜ਼ਮ ਮਿਲ ਗਏ ਹਨ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਅਤੇ ਰੁਜ਼ਗਾਰ ਉਤਪਤੀ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 52 ਰੈਗੁਲਰ ਕਲਰਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਮੰਤਰੀ ਨੇ ਕਿਹਾ ਕਿ ਪੰਜਬ ਸਰਕਾਰ ਵਲੋਂ ਨੌਜਵਾਨਾਂ ਨੂੰ ਨੌਕਰੀਆਂ ਅਤੇ ਸਵੈ-ਰੋਜ਼ਗਾਰ ਮੁਹੱਈਆ ਕਰਵਾਉਣ ਲਈ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਦੇ ਖੇਤਰ ਵਿਚ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਰਾਸ਼ਟਰੀ ਅਤੇ ਅੰਤਰਾਸ਼ਟਰੀ ਪੱਧਰ ਦੇ ਰੋਜ਼ਗਾਰ ਦੇ ਹਾਣੀ ਬਣਾਉਣ ਲਈ ਸੂਬੇ ਵਿਚ ਚਾਰ ਨਵੀਆਂ ਆਈ ਟੀ ਆਈਜ ਮਲੌਦ ਜ਼ਿਲ੍ਹਾ ਲੁਧਿਆਣਾ, ਆਦਮਪੁਰ ਜ਼ਿਲ੍ਹਾ ਜਲੰਧਰ, ਸਿੰਘਪੁਰਾ ਜ਼ਿਲ੍ਹਾ ਰੋਪੜ ਅਤੇ ਮਾਣਕਪੁਰ ਸ਼ਰੀਫ ਜ਼ਿਲ੍ਹਾ ਐਸ ਏ ਐਸ ਨਗਰ ਵਿਖੇ ਖੋਲ੍ਹੀਆਂ ਗਈਆਂ ਹਨ। ਜਿੰਨਾਂ ਵਿਚ ਇਸੇ ਅਕਾਦਮਿਕ ਸੈਸ਼ਨ ਤੋਂ ਦਾਖਲੇ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੁ ਗੋਬਿੰਦ ਸਿੰਘ ਹੁਨਰ ਵਿਕਾਸ ਯੂਨੀਵਰਸਿਟੀ ਸ੍ਰੀ ਚਮਕੌਰ ਸਾਹਬ ਵਿਖੇ ਖੋਲੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਵ-ਨਿਯੁਕਤ ਕਲਰਕਾਂ ਨੂੰ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵਿਚ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਕਲਰਕ ਦੀਆਂ-89, ਸਟੈਨੋਟਾਈਪਿਸਟਾਂ ਦੀਆਂ-02 ਅਤੇ ਡਰਾਈਵਰ ਦੀਆਂ-03 ਅਸਾਮੀਆਂ ਜਲਦ ਭਰਨ ਲਈ ਪੱਤਰ ਭੇਜਿਆ ਗਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਵਿੱਚ ਕਰਾਫਟ ਇੰਸਟਰਕਟਰਾਂ ਦੀਆਂ 423, ਸੀਨੀਅਰ ਸਹਾਇਕ ਦੀਆਂ 09, ਹੋਸਟਲ ਸੁਪਰਡੰਟ ਦੀਆਂ-24, ਸਟੋਰਕੀਪਰ ਦੀਆਂ-17 ਅਤੇ ਲਾਇਬ੍ਰੇਰੀਅਨ ਦੀ ਇੱਕ ਅਸਾਮੀ ਨੂੰ ਭਰਨ ਲਈ ਥਾਪਰ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਿਰਿਆ ਆਰੰਭੀ ਜਾ ਚੁੱਕੀ ਹੈ।