ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਅੰਦਰ ਨਵੀਆਂ ਕਾਢਾਂ ਅਤੇ ਲੋੜੀਂਦੀ ਤਕਨੀਕ ਨੂੰ ਹੁਲਾਰਾ ਦੇਣ ਲਈ 5 ਨਵੰਬਰ ਨੂੰ ਨਵੀਨਤਾ ਅਤੇ ਤਕਨਾਲੋਜੀ ਸੰਮੇਲਨ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਸ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕਰਨ ਵਾਲੀਆਂ ਦੇਸ਼-ਵਿਦੇਸ਼ ਦੀਆਂ 30 ਪ੍ਰਮੁੱਖ ਸ਼ਖ਼ਸੀਅਤਾਂ ਸ਼ਿਰਕਤ ਕਰਨਗੀਆਂ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਕੇਸ਼ ਕੁਮਾਰ ਵਰਮਾ ਨੇ ਦੱਸਿਆ ਕਿ ਇਹ ਸੰਮੇਲਨ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੋਰ ਪ੍ਰਫੁੱਲਤ ਕਰਨ ਦੇ ਮਕਸਦ ਨਾਲ ਕਰਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਸੰਮੇਲਨ ਦੌਰਾਨ 30 ਨਾਮੀ ਸ਼ਖ਼ਸੀਅਤਾਂ ਰਾਜ ਦੇ ਉੱਦਮੀਆਂ, ਉਦਯੋਗਪਤੀਆਂ, ਸਿੱਖਿਆ ਸ਼ਾਸਤਰੀਆਂ ਤੋਂ ਇਲਾਵਾ ਇਸ ਖੇਤਰ ਨਾਲ ਜੁੜੇ ਹੋਰਨਾਂ ਭਾਈਵਾਲਾਂ ਨਾਲ ਆਪਣੇ ਤਜਰਬੇ ਅਤੇ ਮੁਹਾਰਤ ਸਾਂਝੀ ਕਰਨਗੇ ਤਾਂ ਜੋ ਇਸ ਖੇਤਰ ਨੂੰ ਰਾਜ ਵਿੱਚ ਹੋਰ ਮਜ਼ਬੂਤ ਕੀਤਾ ਜਾ ਸਕੇ।
ਉਨਾਂ ਕਿਹਾ ਕਿ ਇਹ ਸੰਮੇਲਨ ਸੂਬੇ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ, ਉਦਯੋਗ ਤੇ ਵਪਾਰ ਨਾਲ ਜੁੜੀਆਂ ਸ਼ਖ਼ਸੀਅਤਾਂ, ਸਰਕਾਰ, ਵਿੱਤੀ ਸੰਸਥਾਵਾਂ ਆਦਿ ਨੂੰ ਇਕ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ ਜਿਸ ਦੌਰਾਨ ਨਵੀਨਤਾ ਅਤੇ ਤਕਨਾਲੋਜੀ ਦੇ ਵਿਕਾਸ ਲਈ ਅਹਿਮ ਵਿਚਾਰਾਂ ਹੋਣਗੀਆਂ।
ਸ੍ਰੀ ਵਰਮਾ ਨੇ ਦੱਸਿਆ ਕਿ ਸੰਮੇਲਨ ਦੌਰਾਨ 8 ਸੈਸ਼ਨ ਹੋਣਗੇ ਜਿਨਾਂ ਵਿੱਚ ਨਵੀਨਤਾ ਅਤੇ ਵਿਦਿਅਕ ਸੰਸਥਾਵਾਂ, ਨਵੀਆਂ ਕਾਢਾਂ ਲਈ ਪੰਜਾਬ ’ਚ ਅਸੀਮ ਸਭਾਵਨਾਵਾਂ ਦਾ ਲਾਹਾ ਲੈਣਾ, ਆਲਮੀ ਸਾਂਝ ਅਤੇ ਇਕੱਤਰਤਾ, ਖਤਰਨਾਕ ਤਕਨੀਕਾਂ, ਸਮਾਜਿਕ ਨਵੀਨਤਾ ਅਤੇ ਉੱਦਮ, ਵਿੱਤੀ ਮੌਕੇ, ਨੌਜਵਾਨ ਉਦਮੀਆਂ ਤੇ ਨਵੀਆਂ ਇਕਾਈਆਂ ਅਤੇ ਪੰਜਾਬ ਅੰਦਰ ਤਕਨੀਕੀ ਤਬਦੀਲੀਆਂ ਆਦਿ ਹੋਣਗੇ।
ਉਨਾਂ ਦੱਸਿਆ ਕਿ ਸੰਮੇਲਨ ‘ਮਿਸ਼ਨ ਨਵੀਨ ਪੰਜਾਬ’ ਨੂੰ ਹੋਰ ਹੁਲਾਰਾ ਦੇਵੇਗਾ ਜਿਸ ਦਾ ਮਕਸਦ ਨਵੀਨਤਾ ਅਤੇ ਖੋਜ ਦੇ ਖੇਤਰ ਵਿੱਚ ਇਕ ਮਜ਼ਬੂਤ ਢਾਂਚਾ ਸਥਾਪਤ ਕਰਨ ਹੈ।