ਸਿਵਲ ਹਸਪਤਾਲ ਫਗਵਾੜਾ ਦੇ ਬਲੱਡ ਬੈਂਕ ਵਿਖੇ ਇਕ ਨੌਜਵਾਨ ਨੂੰ ਵੱਖਰੇ ਬਲੱਡ ਗਰੁੱਪ ਦਾ ਖੂਨ ਦੇਣ ਅਤੇ ਦੋ ਮਰੀਜ਼ਾਂ ਨੂੰ ਸੰਕਰਮਿਤ ਖੂਨ ਦੇਣ ਸਬੰਧੀ ਹੋਈ ਅਣਗਹਿਲੀ ਦਾ ਗੰਭੀਰ ਨੋਟਿਸ ਲੈਂਦਿਆਂ, ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਇਸ ਘਟਨਾ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਸੂਬੇ ਦੇ ਸਾਰੇ ਬਲੱਡ ਬੈਂਕਾਂ ਦਾ ਤੁਰੰਤ ਨਿਰੀਖਣ ਕਰਨ ਦੇ ਹੁਕਮ ਦਿੱਤੇ ਹਨ।
ਇਹ ਹੁਕਮ ਫਗਵਾੜਾ ਵਿੱਚ ਦੋ ਮਰੀਜ਼ਾਂ ਨੂੰ ਐੱਚਸੀਵੀ ਅਤੇ ਐੱਚਬੀਐੱਸਏਜੀ ਨਾਲ ਸੰਕਰਮਿਤ ਖੂਨ ਦੀਆਂ ਦੋ ਯੂਨਿਟਾਂ ਦਿੱਤੇ ਜਾਣ ਸਬੰਧੀ ਮੀਡੀਆ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਜਾਰੀ ਕੀਤਾ ਗਿਆ ਹੈ।
ਸਰਕਾਰੀ ਬੁਲਾਰੇ ਅਨੁਸਾਰ ਇਸ ਘਟਨਾ ਤੋਂ ਬਾਅਦ ਫਗਵਾੜਾ ਦੇ ਬਲੱਡ ਬੈਂਕ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਬੀਟੀਓ ਡਾ. ਹਰਦੀਪ ਸਿੰਘ ਸੇਠੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਐਲਟੀ ਰਵੀ ਪਾਲ ਦੀਆਂ ਸੇਵਾਵਾਂ ਵੀ ਮੁਅੱਤਲ ਕਰ ਦਿੱਤੀਆਂ ਹਨ। ਉਨ੍ਹਾਂ ਅੱਗੇ ਖੁਲਾਸਾ ਕੀਤਾ ਕਿ ਐਸਐਮਓ ਡਾ. ਕਮਲ ਕਿਸੋਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਿਵਲ ਸਰਜਨ ਕਪੂਰਥਲਾ ਨੂੰ ਇਸ ਅਪਰਾਧਿਕ ਲਾਪ੍ਰਵਾਹੀ ਲਈ ਪੁਲਿਸ ਵਿਭਾਗ ਕੋਲ ਅਪਰਾਧਿਕ ਸਕਾਇਤ ਦਰਜ ਕਰਾਉਣ ਲਈ ਕਿਹਾ ਗਿਆ ਹੈ।
ਮੁੱਖ ਮੰਤਰੀ ਨੇ ਇਸ ਮਾਮਲੇ 'ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਸਿਹਤ ਵਿਭਾਗ ਨੂੰ ਸਾਰੇ ਬਲੱਡ ਬੈਂਕਾਂ ਦੀ ਤੁਰੰਤ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਦੇ ਨਿਰਦੇਸ਼ਾਂ 'ਤੇ, ਕਪੂਰਥਲਾ ਜ਼ਿਲ੍ਹਿਆਂ ਦੇ ਸਾਰੇ ਬਲੱਡ ਬੈਂਕਾਂ ਦਾ ਅਗਲੇ ਤਿੰਨ ਦਿਨਾਂ ਅੰਦਰ ਸਿਵਲ ਸਰਜਨਾਂ ਦੀ ਅਗਵਾਈ ਵਾਲੀ ਡਿਸਟ੍ਰਿਕਟ ਬਲੱਡ ਟਰਾਂਸਫੀਊਜ਼ਨ ਕਮੇਟੀ ਵੱਲੋਂ ਨਿਰੀਖਣ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਹੋਰ ਜਾਂਚ ਪ੍ਰਰਿਕਿਆਂ ਤੋਂ ਇਲਾਵਾ ਫੂਡ ਐਂਡ ਡਰੱਗ ਐਡਮਿਨਿਸਟ੍ਰੇਸਨ, ਪੰਜਾਬ ਬਲੱਡ ਐਂਡ ਟਰਾਂਸਫੀਊਜ਼ਨ ਕਮੇਟੀ ਦੀ ਟੀਮਾਂ ਵੱਲੋਂ ਅਗਲੇ 15 ਦਿਨਾਂ ਵਿਚ ਸਾਰੇ ਸਰਕਾਰੀ ਬਲੱਡ ਬੈਂਕ ਦਾ ਨਿਰੀਖਣ ਅਤੇ 31 ਮਾਰਚ ਤੱਕ ਸਾਰੇ ਪ੍ਰਾਈਵੇਟ ਬਲੱਡ ਬੈਂਕਾਂ ਦਾ ਨਿਰੀਖਣ ਕੀਤਾ ਜਾਵੇਗਾ।
ਇਹ ਵੀ ਦੇਖਿਆ ਗਿਆ ਹੈ ਕਿ ਡਿਸਟ੍ਰਿਕਟ ਟਰਾਂਸਫੀਊਜ਼ਨ ਕਮੇਟੀਆਂ ਸਮੇਂ ਸਮੇਂ 'ਤੇ ਬਲੱਡ ਬੈਂਕ ਦਾ ਨਿਰੀਖਣ ਨਹੀਂ ਕਰ ਰਹੀਆਂ। ਸਿਵਲ ਸਰਜਨਾਂ ਨੂੰ ਹੁਣ ਸਮੇਂ ਸਮੇਂ 'ਤੇ ਬਲੱਡ ਬੈਂਕਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਮਿਆਰੀ ਕਾਰਜਕਾਰੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਅਜਿਹੀਆਂ ਗ਼ਲਤੀਆਂ ਮੁੜ ਨਾ ਵਾਪਰਨ। ਹਰੇਕ ਮਹੀਨੇ ਇਸ ਸਬੰਧੀ ਇੱਕ ਰਿਪੋਰਟ ਪੰਜਾਬ ਸਟੇਟ ਬਲੱਡ ਟਰਾਂਸਫੀਊਜ਼ਨ ਕੌਂਸਲ ਨੂੰ ਭੇਜਣ ਸਬੰਧੀ ਵੀ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਹਨ।
ਬੁਲਾਰੇ ਨੇ ਦੱਸਿਆ ਕਿ ਫਗਵਾੜਾ ਵਿਖੇ ਇਹ ਘਟਨਾ 30 ਜਨਵਰੀ ਨੂੰ ਡਰੱਗ ਇੰਸਪੈਕਟਰਾਂ ਵੱਲੋਂ ਬਲੱਡ ਬੈਂਕ ਦੇ ਸਾਂਝੇ ਨਿਰੀਖਣ ਦੌਰਾਨ ਸਾਹਮਣੇ ਆਈ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਸਿਵਲ ਸਰਜਨ ਕਪੂਰਥਲਾ ਵੱਲੋਂ ਜਾਂਚ ਅਤੇ ਤੱਥਾਂ ਦੀ ਪੜਤਾਲ ਲਈ ਤੁਰੰਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ।