ਨਿਰਮਾਣ ਏਜੰਸੀਆਂ ਨੇ ਉਸ ‘ਦਰਸ਼ਨ ਅਸਥਾਨ’ ਨੂੰ ਹੁਣ ਢਾਹੁਣਾ ਸ਼ੁਰੂ ਕਰ ਦਿੱਤਾ ਹੈ, ਜਿੱਥੇ ਖਲੋ ਕੇ ਭਾਰਤੀ ਸ਼ਰਧਾਲੂ ਹੁਣ ਤੱਕ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਰਹੇ ਹਨ। ਇੱਕ ਚਬੂਤਰਾ ਬਣਾ ਕੇ ਉਸ ਸਥਾਨ ਨੂੰ ਛੱਤਿਆ ਗਿਆ ਸੀ ਤੇ ਉੱਥੇ ਇੱਕ ਦੂਰਬੀਨ ਲਾਈ ਗਈ ਸੀ; ਜਿਸ ਰਾਹੀਂ ਸ਼ਰਧਾਲੂ ਆਸਾਨੀ ਨਾਲ ਉਸ ਧਾਰਮਿਕ ਅਸਥਾਨ ਦੇ ਦਰਸ਼ਨ ਕਰ ਸਕਦੇ ਸਨ। ਪਰ ਹੁਣ ਇਸ ਨੂੰ ਢਾਹਿਆ ਜਾ ਰਿਹਾ ਹੈ।
ਇਸੇ ਅਸਥਾਨ ਉੱਤੇ ਸ਼ਰਧਾਲੂਆਂ ਲਈ ਚਿਰੋਕਣੇ ਲਾਂਘੇ ਦੀ ਉਸਾਰੀ ਹੋ ਰਹੀ ਹੈ।
ਦਰਸ਼ਨ ਅਸਥਾਨ ਦੀ ਸਥਾਪਨਾ ਸਾਲ 2006 ’ਚ ਬਾਬਾ ਸੁਖਦੀਪ ਸਿੰਘ ਬੇਦੀ ਵੱਲੋਂ ਕੀਤੀ ਗਈ ਸੀ; ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 17ਵੇਂ ਵੰਸ਼ਜ ਹਨ। ਉੱਚੇ ਚਬੂਤਰੇ ਦੀ ਉਸਾਰੀ ਧੁੱਸੀ ਬੰਨ੍ਹ ਉੱਤੇ ਕੀਤੀ ਗਈ ਸੀ।
ਦਰਸ਼ਨ ਅਸਥਾਨ ਢਾਹੇ ਜਾਣ ਕਾਰਨ ਸ਼ਰਧਾਲੂ ਡਾਢੇ ਪਰੇਸ਼ਾਨ ਤੇ ਨਿਰਾਸ਼ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਆਪਣੇ ਪਿਆਰੇ ਗੁਰੂਘਰ ਦੇ ਦਰਸ਼ਨ ਕਰਨ ਤੋਂ ਵਾਂਝੇ ਰਹਿ ਜਾਇਆ ਕਰਨਗੇ। ਹੁਣ ਤੱਕ ਉਹ ਬਿਨਾ ਕਿਸੇ ਰਸਮੀ ਪਾਬੰਦੀਆਂ ਦੇ ਦੂਰਬੀਨਾਂ ਰਾਹੀਂ ਗੁਰੂਘਰਾਂ ਦੇ ਦਰਸ਼ਨ ਕਰਦੇ ਰਹੇ ਹਨ।