----ਸੁਖਬੀਰ ਬਾਦਲ ਝੂਠ ਦਾ ਸਹਾਰਾ ਲੈ ਰਿਹਾ- ਕੈਪਟਨ ਅਮਰਿੰਦਰ ਸਿੰਘ----
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕੇਰੀਆਂ ਵਿਧਾਨ ਸਭਾ ਹਲਕੇ ਚ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਪੰਜਾਬ ਚ ਕਾਂਗਰਸ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਵਿਕਾਸ ਕੰਮ ਬੋਲਦੇ ਹਨ ਤੇ ਲੋਕ ਵਿਕਾਸ ਚਾਹੁੰਦੇ ਹਨ, ਇਸੇ ਕਰਕੇ ਉਹ ਪੰਜਾਬ ਵਿੱਚ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਨੂੰ ਚਾਹੁੰਦੇ ਹਨ।
ਕੈਪਟਨ ਨੇ ਜ਼ਿਮਨੀ ਚੋਣਾਂ ਦੇ ਪ੍ਰਚਾਰ ਨੂੰ ਅੱਜ ਖਤਮ ਕਰ ਕਰਦਿਆਂ ਉਨਾਂ ਨੇ ਮੌਜੂਦਾ ਸਰਕਾਰ ਦੌਰਾਨ ਪੰਜਾਬ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ।
ਸੋਮਵਾਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਦੀ ਹੂੰਝਾ ਫੇਰ ਜਿੱਤ ਦਾ ਭਰੋਸਾ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿੱਤ ਅਤੇ ਹਾਰ ਸਿਆਸਤ ਦਾ ਹਿੱਸਾ ਹੈ ਪਰ ਲੋਕਾਂ ਦਾ ਰੁਝਾਨ ਸਪੱਸ਼ਟ ਤੌਰ ’ਤੇ ਕਾਂਗਰਸ ਵੱਲ ਹੈ।
ਉਨਾਂ ਨੇ ਦਾਖਾ ਅਤੇ ਜਲਾਲਾਬਾਦ ਨੂੰ ਅਹਿਮ ਹਲਕੇ ਦੱਸਣ ਦੇ ਸੁਝਾਅ ਨੂੰ ਰੱਦ ਕਰਦਿਆਂ ਆਖਿਆ ਕਿ ਉਹ ਇਨਾਂ ਹਲਕਿਆਂ ਨੂੰ ਕਿਸੇ ਵੀ ਤਰਾਂ ਵੱਖ ਕਰਕੇ ਨਹੀਂ ਮੰਨਦੇ ਅਤੇ ਨਾ ਹੀ ਇਨਾਂ ਹਲਕਿਆਂ ਜਾਂ ਫਗਵਾੜਾ ਜਾਂ ਮੁਕੇਰੀਆ ਵਿੱਚ ਭਾਜਪਾ ਜਾਂ ਅਕਾਲੀ ਦਲ ਨੂੰ ਮਜ਼ਬੂਤ ਵਿਰੋਧੀ ਧਿਰਾਂ ਸਮਝਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਪੰਜ ਦਿਨ ਤੋਂ ਇਨਾਂ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰਕ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦਾ ਵਿਸ਼ਵਾਸ ਹੈ ਕਿ ਚਾਰੋ ਹਲਕਿਆਂ ਵਿੱਚ ਕਾਂਗਰਸ ਦੀ ਜਿੱਤ ਪੱਕੀ ਹੈ ਅਤੇ ਹੋਰ ਕੋਈ ਪਾਰਟੀ ਮੁਕਾਬਲੇ ਵਿੱਚ ਨਹੀਂ ਹੈ।
ਰੋਡ ਸ਼ੋਅ ਦੌਰਾਨ ਸਮੁੱਚੇ ਹਲਕੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹੱਥਾਂ ਵਿੱਚ ਕਾਂਗਰਸ ਦੇ ਝੰਡੇ ਫੜ ਕੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ।
ਰੋਡ ਸ਼ੋਅ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਰੈਬਨਿਟ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ, ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ, ਜੋਗਿੰਦਰ ਪਾਲ ਭੋਆ, ਫਤਹਿਜੰਗ ਸਿੰਘ ਬਾਜਵਾ ਤੇ ਅਮਿਤ ਵਿੱਜ ਨਾਲ ਵਿਧਾਨ ਸਭਾ ਹਲਕੇ ਦੀ ਪੁੱਡਾ ਕਲੋਨੀ, ਅੱਡਾ ਗਗਨ, ਹਾਜੀਪੁਰ, ਤਲਵਾੜਾ, ਨਵਾਂ ਭੰਗਾਲਾ ਅਤੇ ਅੱਡਾ ਮਨਸਰ ਰਾਹੀਂ ਗੁਜ਼ਰਦਿਆਂ ਚੋਣ ਪ੍ਰਚਾਰ ਕੀਤਾ।