ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਆਟੋ–ਰਿਕਸ਼ਾ ਚਲਾ ਕੇ 1 ਲੱਖ 30 ਹਜ਼ਾਰ ਰੁਪਏ ਮਹੀਨਾ ਕਮਾਉਂਦਾ ਇਹ ਡਰਾਇਵਰ

ਅੰਨਾ ਦੁੱਰਾਈ ਆਪਣੇ ਆਟੋ–ਰਿਕਸ਼ਾ ਵਿੱਚ

ਸੱਚਮੁਚ ‘ਗਾਹਕ ਹੀ ਰਾਜਾ’ ਹੁੰਦਾ ਹੈ। ਜੇ ਇਸ ਗੱਲ ਉੱਤੇ ਚੱਲਿਆ ਜਾਵੇ, ਤਾਂ ਯਕੀਨੀ ਤੌਰ ਉੱਤੇ ਤੁਸੀਂ ਜ਼ਰੂਰ ਹੀ ਸਫ਼ਲ ਹੁੰਦੇ ਹੋ। ਚੇਨਈ (ਤਾਮਿਲ ਨਾਡੂ) ਦਾ 33 ਸਾਲਾ ਆਟੋ–ਰਿਕਸ਼ਾ ਡਰਾਇਵਰ ਅੰਨਾ ਦੁੱਰਾਈ ਇਸੇ ਮੰਤਰ ਉੱਤੇ ਚੱਲ ਕੇ ਇੱਕ ਮਹੀਨੇ ’ਚ ਸਿਰਫ਼ ਆਟੋ–ਰਿਕਸ਼ਾ ਚਲਾ ਕੇ 1.30 ਲੱਖ ਰੁਪਏ ਕਮਾ ਲੈਂਦਾ ਹੈ। ਇਸ ਕਿੱਤੇ ਵਿੱਚ ਉਸ ਦੀ ਕਾਮਯਾਬੀ ਦਾ ਰਾਜ਼ ਬੱਸ ਇਹੋ ਹੈ ਕਿ ਉਹ ਆਪਣੇ ਹਰੇਕ ਗਾਹਕ ਨੂੰ ਸ਼ਾਹੀ ਅਹਿਸਾਸ ਦਿਵਾਉਂਦਾ ਹੈ।

 

 

ਥੰਜਾਵੂਰ ਸ਼ਹਿਰ ਦੇ ਸਕੂਲ ਤੋਂ 12ਵੀਂ ਪਾਸ ਅੰਨਾ ਦੁੱਰਾਈ ਕੱਲ੍ਹ ਸਨਿੱਚਰਵਾਰ ਨੂੰ ਵਿਸ਼ੇਸ਼ ਭਾਸ਼ਣ ਦੇਣ ਲਈ ਮੋਹਾਲੀ ਦੇ ‘ਇੰਡੀਅਨ ਸਕੂਲ ਆਫ਼ ਬਿਜ਼ਨੇਸ’ ’ਚ ਪੁੱਜਾ ਹੋਇਆ ਸੀ। TiECON 2019 ਦੇ ਹਿੱਸੇ ਵਜੋਂ ਭਾਸ਼ਣਾਂ ਦੀ ਲੜੀ ਦਾ ਵਿਸ਼ਾ ਸੀ ‘ਕਸਟਮਰ ਇਜ਼ ਕਿੰਗ’ ਭਾਵ ‘ਗਾਹਕ ਰਾਜਾ ਹੈ’।

 

 

ਅੰਨਾ ਦੁੱਰਾਈ ਆਪਣੇ ਆਟੋ–ਰਿਕਸ਼ਾ ਬਿਜ਼ਨੇਸ ਮਾਡਲ ਉੱਤੇ ਹੁਣ ਤੱਕ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ 190 ਭਾਸ਼ਣ ਦੇ ਚੁੱਕਾ ਹੈ। ਭਾਸ਼ਣ ਦੌਰਾਨ ਉਸ ਨੇ ਦੱਸਿਆ ਕਿ ਉਹ ਆਪਣੇ ਯਾਤਰੀਆਂ ਨੂੰ ਮੋਬਾਇਲ, ਡਿਸ਼ ਟੀਵੀ ਤੇ ਹੋਰ ਅਜਿਹੇ ਰੀਚਾਰਜ ਦੀ ਸੁਵਿਧਾ ਆਪਣੇ ਆਟੋ–ਰਿਕਸ਼ਾ ਵਿੱਚ ਹੀ ਦਿੰਦਾ ਹੈ। ਇਸ ਤੋਂ ਇਲਾਵਾ ਗਾਹਕ ਨੂੰ ਕਾਰਡ ਰਾਹੀਂ ਭੁਗਤਾਨ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਉਹ ਆਟੋ–ਰਿਕਸ਼ਾ ਵਿੱਚ ਮੌਜੂਦ ਵੱਖੋ–ਵੱਖਰੇ ਅਖ਼ਬਾਰ ਤੇ ਰਸਾਲੇ ਵੀ ਪੜ੍ਹ ਸਕਦਾ ਹੈ। ਉਹ ਆਪਣੀ ਪਸੰਦ ਦਾ ਸੰਗੀਤ ਵੀ ਸੁਣ ਸਕਦਾ ਹੈ ਕਿਉਂਕਿ ਉਸ ਨੂੰ ਮੁਫ਼ਤ ਵਾਇ–ਫ਼ਾਇ ਦੀ ਸਹੂਲਤ ਵੀ ਯਾਤਰਾ ਦੌਰਾਨ ਦਿੱਤੀ ਜਾਂਦੀ ਹੈ।

 

 

ਅੰਨਾ ਦੁੱਰਾਈ ਚੇਨਈ ਦੀ 20 ਕਿਲੋਮੀਟਰ ਲੰਮੀ ਆਈਟੀ ਸਟ੍ਰੀਟ ਉੱਤੇ ਸਾਰਾ ਦਿਨ ਇੱਧਰ ਤੋਂ ਉੱਧਰ ਚੱਲਦਾ ਹੋਇਆ ਇੱਕ ਦਿਨ ਵਿੱਚ ਔਸਤਨ 170 ਕਿਲੋਮੀਟਰ ਦੀ ਯਾਤਰਾ ਕਰਦਾ ਹੈ।

 

 

ਕੱਲ੍ਹ ਮੋਹਾਲੀ ਪੁੱਜ ਕੇ ਉਸ ਦਾ ਪਹਿਲਾ ਪ੍ਰਤੀਕਰਮ ਇਹੋ ਸੀ ਕਿ ਪੰਜਾਬੀ ਬਹੁਤ ਨਿੱਘੇ ਹੁੰਦੇ ਹਨ। ਉਸ ਨੇ ਦੱਸਿਆ ਕਿ TiECON ਤੋਂ ਇੱਕ ਦਿਨ ਪਹਿਲਾਂ ਚੇਨਈ ਵਿਖੇ ਉਸ ਨੇ ਮੁਰੂਗੱਪਾ ਗਰੁੱਪ ਲਈ ਵੀ ਭਾਸ਼ਣ ਦਿੱਤਾ ਸੀ। ਉਸ ਨੇ ਹਾਲੇ ਵਿਆਹ ਨਹੀਂ ਕਰਵਾਇਆ ਕਿਉਂਕਿ ਉਸ ਦਾ ਮੰਨਣਾ ਹੈ ਕਿ ਜੇ ਉਹ ਵਿਆਹ ਰਚਾਏਗਾ ਤਾਂ ਉਸ ਦੀ ਮੌਜੂਦਾ ਜੀਵਨ–ਸ਼ੈਲੀ ਪ੍ਰਭਾਵਿਤ ਹੋਵੇਗੀ। ਇਸ ਵੇਲੇ ਸਵੇਰੇ 8 ਵਜੇ ਆਪਣਾ ਕੰਮ ਸ਼ੁਰੂ ਕਰਦਾ ਹੈ ਤੇ ਫਿਰ ਦੁਪਹਿਰੇ 2 ਕੁ ਵਜੇ ਖਾਣਾ ਖਾਂਦਾ ਹੈ ਤੇ ਫਿਰ ਆਰਾਮ ਕਰਦਾ ਹੈ। ਸ਼ਾਮੀਂ 4 ਵਜੇ ਤੋਂ ਲੈ ਕੇ ਰਾਤੀਂ 11:30 ਵਜੇ ਤੱਕ ਫਿਰ ਉਹ ਆਪਣੀ ਡਿਊਟੀ ਬਾਕਾਇਦਾ ਨਿਭਾਉਂਦਾ ਹੈ।

 

 

ਇਹ ਪੁੱਛੇ ਜਾਣ ’ਤੇ ਕਿ ਕਿਹੜੀ ਗੱਲ ਨੇ ਉਸ ਸਨੂੰ ਆਪਣਾ ਆਟੋ ਇੱਕ ਵਰਕ–ਸਟੇਸ਼ਨ ਬਣਾਉਣ ਬਾਰੇ ਸੋਚਿਆ ਤੇ ਉਸ ਵਿੱਚ ਇਸ ਕੰਮ ਲਈ ਇੰਨੀ ਲਗਨ ਕਿਵੇਂ ਪੈਦਾ ਹੋਈ; ਤਾਂ ਉਸ ਦਾ ਜਵਾਬ ਸੀ ਕਿ ਉਹ ਆਪਣੇ ਗਾਹਕਾਂ ਨੂੰ ਰੋਜ਼ਾਨਾ ਪਹਿਲਾਂ ਦੇ ਮੁਕਾਬਲੇ ਵੱਧ ਤੋਂ ਵੱਧ ਸਹੂਲਤਾਂ ਦੇਣ ਬਾਰੇ ਸੋਚਦਾ ਹੈ।

 

 

ਅੰਨਾ ਦੁੱਰਾਈ ਨੇ ਦੱਸਿਆ ਕਿ ਸਖ਼ਤ ਮਿਹਨਤ ਵੀ ਉਸ ਦੀ ਸਫ਼ਲਤਾ ਦਾ ਇੱਕ ਭੇਤ ਹੈ। ਉਸ ਨੇ ਦੱਸਿਆ ਕਿ ਗਾਹਕਾਂ ਨੂੰ ਵੱਖੋ–ਵੱਖਰੀਆਂ ਸੇਵਾਵਾਂ ਦੇਣ ਉੱਤੇ ਉਸ ਦੇ ਹਰ ਮਹੀਨੇ 12,500 ਰੁਪਏ ਖ਼ਰਚ ਹੁੰਦੇ ਹਨ। ਉਹ ਗਾਹਕਾਂ ਨੂੰ ਆਈ–ਪੈਡ ਵੀ ਵਰਤਣ ਲਈ ਦਿੰਦਾ ਹੈ। ਉਸ ਨੇ ਇਹ ਕੰਮ ਸਾਲ 2010 ਦੌਰਾਨ ਸ਼ੁਰੂ ਕੀਤਾ ਸੀ। ਉਸ ਦੇ ਪਿਤਾ ਤੇ ਭਰਾ ਵੀ ਆਟੋ–ਰਿਕਸ਼ਾ ਹੀ ਚਲਾਉਂਦੇ ਹਨ।

ਅੰਨਾ ਦੁੱਰਾਈ ਦੇ ਦੋ ਅੰਦਾਜ਼। ਤਸਵੀਰ: ਯੂਅਰ ਸਟੋਰੀ

 

ਉਹ ਆਪਣੇ ਗਾਹਕਾਂ ਤੋਂ ਘੱਟ ਤੋਂ ਘੱਟ 5 ਰੁਪਏ ਵੀ ਲੈਂਦਾ ਹੈ। ਕੁਝ ਨਵੇਂ ਗਾਹਕ ਸਿਰਫ਼ ਪੰਜ ਰੁਪਏ ਪਿੱਛੇ ਆਪਣਾ ਕਾਰਡ ਸਵਾਈਪ ਕਰਵਾਉਣ ਤੋਂ ਡਰਦੇ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਹ ਅਹਿਸਾਸ ਜ਼ਰੂਰ ਹੁੰਦਾ ਹੈ ਕਿ ਉਹ ਇੱਕ ਸੇਵਾ ਮੁਹੱਈਆ ਕਰਵਾ ਰਿਹਾ ਹੈ।

 

 

ਅੰਨਾ ਦੁੱਰਾਈ ਮੁਤਾਬਕ ਹੋਰ ਆਟੋ–ਡਰਾਇਵਰ ਆਪਣੇ ਗਾਹਕਾਂ ਦੀ ਸੇਵਾ ਲਈ ਕੋਈ ਰਕਮ ਨਹੀਂ ਲਾਉਂਦੇ ਤੇ ਇਸੇ ਲਈ ਇੱਕ ਮਹੀਨੇ ਵਿੱਚ 30 ਹਜ਼ਾਰ ਰੁਪਏ ਤੋਂ ਵੱਧ ਨਹੀਂ ਕਮਾਉਂਦੇ। ਸੁਆਲਾਂ ਦੇ ਜੁਆਬ ਦਿੰਦਿਆਂ ਉਸ ਨੇ ਦੱਸਿਆ ਕਿ ਉਸ ਦੇ ਗਾਹਕਾਂ ਵਿੱਚ ਪੰਜਾਬ ਮੂਲ ਦੀ ਕਾਮੇਡੀਅਨ ਭਾਰਤੀ ਸਿੰਘ ਵੀ ਰਹੀ ਹੈ; ਜੋ ਉਸ ਦੇ ਆਟੋ–ਰਿਕਸ਼ਾ ਦੀਆਂ ਸੇਵਾਵਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਸੀ। ਇਸ ਤੋਂ ਇਲਾਵਾ ਉਸ ਦੇ ਕੁਝ ਪੁਰਾਣੇ ਗਾਹਕ ਹੁਣ ਹੋਰਨਾਂ ਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਗਏ ਹਨ; ਉਹ ਹੁਣ ਵੀ ਉੱਥੋਂ ਉਸ ਨੂੰ ਫ਼ੋਨ ਕਰਦੇ ਹਨ ਤੇ ਚੇਨਈ ਆ ਕੇ ਉਸ ਦੇ ਆਟੋ–ਰਿਕਸ਼ਾ ਦੀਆਂ ਸੇਵਾਵਾਂ ਲੈਣ ਵਾਲੇ ਬਹੁਤ ਸਾਰੇ ਵਿਦੇਸ਼ੀ ਵੀ ਉਸ ਨੂੰ ਚੇਤੇ ਕਰਦਿਆਂ ਫ਼ੋਨ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਉਸ ਦੀ ਸਫ਼ਲਤਾ ਦਾ ਰਾਜ਼ ਇਹੋ ਹੈ ਕਿ ਉਹ ਆਪਣੇ ਗਾਹਕਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This Auto Rickshaw Driver Earns Rs 130000 a month