ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਸੰਸਦ ਵਿੱਚ ਬਹੁਤਾ ਸਮਾਂ ਸੰਘਰਸ਼ਾਂ ’ਚ ਲੰਘਿਆ ਪਰ ਅਸੀਂ ਡਟੇ ਰਹੇ: ਰਵਨੀਤ ਬਿੱਟੂ

ਲੁਧਿਆਣਾ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਦੀ ਟਵਿਟਰ ਤਸਵੀਰ

ਤੁਹਾਡੇ ਐੱਮਪੀ ਦਾ ਰਿਪੋਰਟ ਕਾਰਡ – 12

 

ਲੁਧਿਆਣਾ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਆਉਂਦੇ ਹਨ ਤੇ ਕਾਂਗਰਸ ਦੇ ਸ੍ਰੀ ਰਵਨੀਤ ਸਿੰਘ ਬਿੱਟੂ ਇਸ ਹਲਕੇ ਦੇ ਐੱਮਪੀ (MP) ਹਨ। ਇਹ ਸੀਟ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਲੁਧਿਆਣਾ ਨੂੰ ‘ਪੰਜਾਬ ਦੀ ਵਿੱਤੀ–ਰਾਜਧਾਨੀ’ ਜਾਂ ‘ਪੰਜਾਬ ਦਾ ਮਾਨਚੈਸਟਰ’ ਵੀ ਆਖਿਆ ਜਾਂਦਾ ਹੈ। ਇੱਥੋਂ ਦਾ ਹੌਜ਼ਰੀ ਉਦਯੋਗ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ। ਇਸ ਤੋਂ ਇਲਾਵਾ ਇਹ ਸ਼ਹਿਰ ਸਿਲਾਈ ਮਸ਼ੀਨਾਂ ਦਾ ਵੀ ਸਭ ਤੋਂ ਵੱਡਾ ਸਪਲਾਇਰ ਹੈ ਤੇ ਇੱਥੇ ਹੀ ਭਾਰਤ ਦੀਆਂ 50 ਫ਼ੀ ਸਦੀ ਸਾਇਕਲਾਂ ਦਾ ਵੀ ਨਿਰਮਾਣ ਹੁੰਦਾ ਹੈ।

 

 

42 ਸਾਲਾ ਸ੍ਰੀ ਰਵਨੀਤ ਸਿੰਘ ਬਿੱਟੂ ਕੰਪਿਊਟਰ ਐਪਲੀਕੇਸ਼ਨਜ਼ ਦੇ ਗ੍ਰੈਜੂਏਟ ਹਨ। ਉਹ ਸਾਲ 2008 ’ਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ। ਉਨ੍ਹਾਂ ਸਾਲ 2014 ਦੌਰਾਨ ਆਮ ਆਦਮੀ ਪਾਰਟੀ ਦੇ ਸ੍ਰੀ ਐੱਚਐੱਸ ਫੂਲਕਾ ਨੂੰ 39,709 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਇਸ ਤੋਂ ਪਹਿਲਾਂ ਸ੍ਰੀ ਬਿੱਟੂ ਸਾਲ 2009 ਦੌਰਾਨ ਆਨੰਦਪੁਰ ਸਾਹਿਬ ਤੋਂ ਵੀ ਐੱਮਪੀ ਚੁਣੇ ਗਏ ਸਨ। ਉਹ ਹਲਵਾਰਾ ਦੇ ਹਵਾਈ ਅੱਡੇ ਨੂੰ ਕੌਮਾਂਤਰੀ ਹਵਾਈ ਅੱਡਾ ਐਲਾਨੇ ਜਾਣ ਦੀ ਮੰਗ ਕੀਤੀ ਸੀ ਤੇ ਕੇਂਦਰ ਸਰਕਾਰ ਨੇ ਅਜਿਹਾ ਐਲਾਨ ਕਰ ਦਿੱਤਾ ਹੈ। ਪਰ ਸ੍ਰੀ ਬਿੱਟੂ ਦੇ ਕਾਰਜਕਾਲ ਦੌਰਾਨ ਬੁੱਢੇ ਨਾਲ਼ੇ ਦੀ ਸਫ਼ਾਈ ਨਹੀਂ ਹੋ ਸਕੀ।

 

 

ਸ੍ਰੀ ਬਿੱਟੂ ਨੇ ਪਿਛਲੇ ਪੰਜ ਸਾਲਾਂ ਦੌਰਾਨ ਇੱਕ ਸੰਸਦ ਮੈਂਬਰ ਵਜੋਂ ਲੋਕ ਸਭਾ ਵਿੱਚ 486 ਪ੍ਰਸ਼ਨ ਪੁੱਛੇ। ਪੰਜਾਬ ਦੇ ਸਾਰੇ 13 ਐੱਮਪੀਜ਼ ਵਿੱਚੋਂ ਸਭ ਤੋਂ ਵੱਧ ਪ੍ਰਸ਼ਨ ਸ੍ਰੀ ਬਿੱਟੂ ਨੇ ਹੀ ਪੁੱਛੇ ਹਨ।  ਉਨ੍ਹਾਂ ਸੰਸਦ ਵਿੰਚ ਜਗਰਾਓਂ ਪੁਲ਼ ਦੀ ਮੁਰੰਮਤ ਦਾ ਮੁੱਦਾ ਉਠਾਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਅੰਮ੍ਰਿਤਸਰ ਤੋਂ ਕੈਨੇਡਾ ਦੇ ਸ਼ਹਿਰਾਂ ਟੋਰਾਂਟੋ ਤੇ ਵੈਨਕੂਵਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਵੀ ਰੱਖੀ ਸੀ।

 

 

ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੋਰ ਮੁੱਦੇ ਵੀ ਸ੍ਰੀ ਰਵਨੀਤ ਸਿੰਘ ਬਿੱਟੂ ਉਠਾਉਂਦੇ ਰਹੇ ਹਨ। ਉਨ੍ਹਾਂ ਦੇਸ਼ ਵਿੱਚ ਸੜਕ ਹਾਦਸਿਆਂ ਦੀ ਵਧਦੀ ਜਾ ਰਹੀ ਗਿਣਤੀ ਉੱਤੇ ਚਿੰਤਾ ਪ੍ਰਗਟਾਉਂਦਿਆਂ ਇਹ ਗਿਣਤੀ ਘਟਾਉਣ ਦੀ ਗੱਲ ਵੀ ਕੀਤੀ ਸੀ ਅਤੇ ਪੰਜਾਬ ਅਨਾਜ ਘੁਟਾਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਵੀ ਚੁੱਕੀ ਸੀ।

 

 

ਇਸ ਵਾਰ ਸ੍ਰੀ ਰਵਨੀਤ ਸਿੰਘ ਬਿੱਟੂ ਭਾਵੇਂ ਇੱਕ ਵਾਰ ਫਿਰ ਲੁਧਿਆਣਾ ਲੋਕ ਸਭਾ ਹਲਕੇ ਤੋਂ ਹੀ ਕਾਂਗਰਸ ਦੀ ਟਿਕਟ ਚਾਹ ਰਹੇ ਹਨ ਪਰ ਆਲੋਚਕਾਂ ਵੱਲੋਂ ਆਖਿਆ ਜਾ ਰਿਹਾ ਹੈ ਕਿ ਇਸ ਮਹਾਂਨਗਰ ’ਚ ਪ੍ਰਦੂਸ਼ਣ ਦੀ ਚਿਰੋਕਣੀ ਸਮੱਸਿਆ ਨੂੰ ਸ੍ਰੀ ਬਿੱਟੂ ਹੱਲ ਨਹੀਂ ਕਰ ਸਕੇ।

 

 

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਦੇ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਪੂਰਾ ਭਰੋਸਾ ਹੈ ਕਿ ਲੁਧਿਆਣਾ ਲੋਕ ਸਭਾ ਹਲਕੇ ਤੋਂ ਉਨ੍ਹਾਂ ਨੂੰ ਹੀ ਟਿਕਟ ਮਿਲੇਗੀ। ਉਹ ਸਾਲ 2009 ਦੌਰਾਨ ਆਨੰਦਪੁਰ ਸਾਹਿਬ ਤੋਂ ਐੱਮਪੀ ਸਨ ਤੇ ਬਾਅਦ ਵਿੱਚ 2014 ਦੌਰਾਨ ਉਹ ਲੁਧਿਆਣਾ ਸ਼ਿਫ਼ਟ ਕਰ ਗਏ ਸਨ; ਕਿਉ਼ਕਿ ਤਦ ਕਾਂਗਰਸੀ ਆਗੂ ਸ੍ਰੀ ਮਨੀਸ਼ ਤਿਵਾੜੀ ਨੇ ਸਿਹਤ ਕਾਰਨਾਂ ਕਰ ਕੇ ਲੁਧਿਆਣਾ ਤੋਂ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।

 

 

ਸ੍ਰੀ ਬਿੱਟੂ ਦਾ ਕਹਿਣਾ ਹੈ ਕਿ ਪਿਛਲੀ ਵਾਰ ਜਦੋਂ ਲੁਧਿਆਣਾ ’ਚ ਯੋਗ ਉਮੀਦਵਾਰ ਲੱਭਿਆ ਜਾ ਰਿਹਾ ਸੀ, ਤਦ ਉਨ੍ਹਾਂ ਨੇ ਹੀ ਔਖੇ ਵੇਲੇ ਪਾਰਟੀ ਨੂੰ ਬਚਾਇਆ ਸੀ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਸਿਰਫ਼ ਤੇ ਸਿਰਫ਼ ਲੁਧਿਆਣਾ ਤੋਂ ਹੀ ਚੋਣ ਲੜਨਗੇ।

 

 

ਸਨਅਤੀ ਸ਼ਹਿਰ ਲੁਧਿਆਣਾ ਵਿੱਚ ਕੁੱਲ 15 ਲੱਖ ਰਜਿਸਟਰਡ ਵੋਟਰ ਹਨ, ਜਿਨ੍ਹਾਂ ਵਿੱਚੋਂ 3 ਲੱਖ ਵੋਟਰ ਫ਼ੈਕਟਰੀਆਂ ਵਿੱਚ ਹੀ ਕੰਮ ਕਰਦੇ ਹਨ।

 

 

ਸ੍ਰੀ ਰਵਨੀਤ ਸਿੰਘ ਬਿੱਟੂ ਦਾ ਬਚਪਨ ਲੁਧਿਆਣਾ ’ਚ ਹੀ ਬੀਤਿਆ ਹੈ। ਉਨ੍ਹਾਂ ਚੰਡੀਗੜ੍ਹ ਦੇ ਗੁਰੂ ਨਾਨਕ ਪਬਲਿਕ ਸਕੂਲ ਤੋਂ ਆਪਣੀ ਸਕੂਲੀ ਸਿੱਖਿਆ ਹਾਸਲ ਕੀਤੀ ਸੀ। ਉਹ ਕੰਪਿਊਟਰ ਐਪਲੀਕੇਸ਼ਨਜ਼ ਦੇ ਗ੍ਰੈਜੂਏਟ ਹਨ। ਉਨ੍ਹਾਂ ਦੇ ਪਿਤਾ ਸ੍ਰੀ ਸੁਖਵੰਤ ਸਿੰਘ ਪੰਜਾਬ ਦੇ ਸਵਰਗੀ ਮੁੱਖ ਮੰਤਰੀ ਸ੍ਰੀ ਬੇਅੰਤ ਸਿੰਘ ਦੇ ਛੋਟੇ ਪੁੱਤਰ ਹਨ। ਸ੍ਰੀ ਸੁਖਵੰਤ ਸਿੰਘ ਦੇ ਦੇਹਾਂਤ ਤੋਂ ਬਾਅਦ ਸ੍ਰੀ ਬਿੱਟੂ ਤੇ ਉਨ੍ਹਾਂ ਦੇ ਭਰਾ ਗੁਰਕੀਰਤ ਸਿੰਘ ਕੋਟਲੀ (ਖੰਨਾ ਤੋਂ ਕਾਂਗਰਸ ਦੇ ਵਿਧਾਇਕ) ਨੂੰ ਉਨ੍ਹਾਂ ਦੇ ਤਾਏ ਸ੍ਰੀ ਸਵਰਨਜੀਤ ਸਿੰਘ (ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਵੱਡੇ ਪੁੱਤਰ) ਨੇ ਅਪਣਾ ਲਿਆ ਸੀ।

 

 

ਬੀਤੀ 14 ਫ਼ਰਵਰੀ ਨੂੰ ਕਸ਼ਮੀਰ ’ਚ ਪੁਲਵਾਮਾ ਵਿਖੇ ਅੱਤਵਾਦੀ ਹਮਲੇ ਦੌਰਾਨ ਸੀਆਰਪੀਐੱਫ਼ ਦੇ 45 ਜਵਾਨਾਂ ਦੀ ਸ਼ਹਾਦਤ ਦੇ ਤੁਰੰਤ ਬਾਅਦ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਮੰਗ ਕੀਤੀ ਸੀ ਕਿ ਭਾਰਤ–ਪਾਕਿਸਤਾਨ ਸਰਹੱਦ ਉੱਤੇ ਇੱਕ ਕੰਧ ਬਣਾਈ ਜਾਣੀ ਚਾਹੀਦੀ ਹੈ।  31 ਅਗਸਤ, 1995 ਨੂੰ ਜਦੋਂ ਉਨ੍ਹਾਂ ਦੇ ਮੁੱਖ ਮੰਤਰੀ ਦਾਦੇ ਬੇਅੰਤ ਸਿੰਘ ਦਾ ਕਤਲ ਹੋਇਅਆ ਸੀ, ਤਦ ਉਹ ਭਾਵੇਂ ਨਾਬਾਲਗ਼ ਹੀ ਸਨ ਪਰ ਉਨ੍ਹਾਂ ਨੂੰ ਸਭ ਕੁਝ ਚੰਗੀ ਤਰ੍ਹਾਂ ਚੇਤੇ ਹੈ।

 

 

ਮਰਹੂਮ ਸ੍ਰੀ ਬੇਅੰਤ ਸਿੰਘ ਦੀ ਵਿਰਾਸਤ ਨੂੰ ਪਰਿਵਾਰ ਦੇ ਬੱਚਿਆਂ ਨੇ ਸ਼ਾਨਦਾਰ ਤਰੀਕੇ ਨਾਲ ਅੱਗੇ ਵਧਾਇਆ ਹੈ। ਸ੍ਰੀ ਬੇਅੰਤ ਸਿੰਘ ਦੇ ਵੱਡੇ ਪੁੱਤਰ ਤੇਜ ਪ੍ਰਕਾਸ਼ ਸਿੰਘ ਤੇ ਧੀ ਗੁਰਕੰਵਲ ਕੌਰ ਪਹਿਲਾਂ ਪੰਜਾਬ ਦੇ ਮੰਤਰੀ ਰਹਿ ਚੁੱਕੇ ਹਨ, ਜਦ ਕਿ ਉਨ੍ਹਾਂ ਦੇ ਪੋਤਰੇ ਗੁਰਕੀਰਤ ਸਿੰਘ ਵੀ ਵਿਧਾਇਕ ਚੁਣੇ ਗਏ ਸਨ।

 

 

ਵਿਰੋਧੀਆਂ ਵੱਲੋਂ ਸ੍ਰੀ ਬਿੱਟੂ ਦੀ ਇਸ ਗੱਲੋਂ ਵੀ ਆਲੋਚਨਾ ਹੁੰਦੀ ਰਹੀ ਹੈ ਕਿ ਉਹ ਸਦਾ ਮੂਕ–ਦਰਸ਼ਕ ਬਣੇ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਆਮ ਚੋਣਾਂ ਲਈ ਕਦੋਂ ਦੇ ਸਰਗਰਮ  ਹੋ ਚੁੱਕੇ ਹਨ ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨ।

 

 

ਆਲੋਚਕਾਂ ਦਾ ਦੋਸ਼ ਹੈ ਕਿ ਸ੍ਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮਹਾਂਨਗਰ ਲੁਧਿਆਣਾ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਆਵਾਜਾਈ, ਨਾਜਾਇਜ਼ ਕਬਜ਼ਿਆਂ, ਮੀਂਹਾਂ ਵੇਲੇ ਸੜਕਾਂ ਤੇ ਪਾਣੀ ਖਲੋਣ ਜਿਹੀਆਂ ਸਮੱਸਿਆਵਾਂ ਹੱਲ ਹੀ ਨਹੀਂ ਹੋਈਆਂ। ਬੁੱਢੇ ਨਾਲੇ ’ਚ ਜ਼ਹਿਰੀਲੇ ਪਾਣੀ ਦਾ ਕਹਿਰ ਜਾਰੀ ਹੈ। ਸਮੇਂ–ਸਮੇਂ ਦੀਆਂ ਵੱਖੋ–ਵੱਖਰੀਆਂ ਸਰਕਾਰਾਂ ਵੀ ਇਨ੍ਹਾਂ ਮਸਲਿਆਂ ਦਾ ਕੋਈ ਹੱਲ ਨਹੀਂ ਲੱਭ ਸਕੀਆਂ।

 

 

ਪਰ ਲੁਧਿਆਣਾ ਦੇ ਐੱਮਪੀ ਸ੍ਰੀ ਰਵਨੀਤ ਸਿੰਘ ਬਿੱਟੂ ਆਪਣੇ ਸਿਰ ਬਹੁਤ ਸਾਰੀਆਂ ਪ੍ਰਾਪਤੀਆਂ ਦਾ ਸਿਹਰਾ ਬੰਨ੍ਹ ਸਕਦੇ ਹਨ।  28 ਜਨਵਰੀ, 2016 ਨੂੰ ਲੁਧਿਆਣਾ ਨੂੰ ਦੇਸ਼ ਵਿੱਚ ਵਿਕਸਤ ਕੀਤੇ ਜਾਣ ਵਾਲੇ ਪਹਿਲੇ 20 ‘ਸਮਾਰਟ ਸਿਟੀਜ਼’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਸ੍ਰੀ ਬਿੱਟੂ ਇਸ ਨੂੰ ਆਪਣੇ ਕਾਰਜਕਾਲ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਦੇ ਹਨ। ਸ੍ਰੀ ਬਿੱਟੂ ਦਾ ਦਾਅਵਾ ਹੈ ਕਿ ਇਸ ਵੇਲੇ ਲੁਧਿਆਣਾ ਨੂੰ ‘ਸਮਾਰਟ ਸਿਟੀ’ ਬਣਾਉਣ ਦਾ ਕੰਮ ਭਾਵੇਂ ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਿਹਾ ਹੈ; ਪਰ ਅਗਲੇ ਕੁਝ ਸਾਲਾਂ ਅੰਦਰ ਜਨਤਾ ਨੂੰ ਇਸ ਦਾ ਲਾਹਾ ਮਿਲਣਾ ਸ਼ੁਰੂ ਹੋ ਜਾਵੇਗਾ।

 

 

9 ਪ੍ਰੋਜੈਕਟ ਇਸ ਵੇਲੇ ਚੱਲ ਰਹੇ ਹਨ ਤੇ 503 ਕਰੋੜ ਰੁਪਏ ਦੇ ਕੰਮਾਂ ਦੀ ਇੱਕ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਬਿਲਕੁਲ ਤਿਆਰ ਹੈ। ਇਨ੍ਹਾਂ ਵਿੱਚੋਂ ਇੱਕ ਤਾਂ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਲੁਧਿਆਣਾ ਵਿੱਚ ਸਾਰੀਆਂ ਸਟ੍ਰੀਟ–ਲਾਈਟਸ ਨੂੰ ਐੱਲਈਡੀ ਵਿੱਚ ਤਬਦੀਲ ਕੀਤਾ ਜਾਵੇਗਾ, ਇਮਾਰਤਾਂ ਦੀਆਂ ਛੱਤਾਂ ਉੱਤੇ ਸੂਰਜੀ ਊਰਜਾ (ਸੋਲਰ) ਪ੍ਰੋਜੈਕਟ ਲਾਏ ਜਾਣਗੇ। ਇੱਕ ਸੰਗਠਤ ਕਮਾਂਡ ਕੰਟਰੋਲ ਸੈਂਟਰ ਕਾਇਮ ਹੋਵੇਗਾ। ਸਰਾਭਾ ਨਗਰ ਤੇ ਮਲਹਾਰ ਰੋਡ ਨੂੰ ਨਵਾਂ ਰੂਪ ਦਿੱਤਾ ਜਾਵੇਗਾ।

 

 

ਇਸ ਤੋਂ ਇਲਾਵਾ ਲੁਧਿਆਣਾ ’ਚ ਸਮਾਰਟ ਕਲਾਸ–ਰੂਮ ਹੋਣਗੇ ਤੇ ਪਖਾਨੇ ਵੀ ਸਟੇਨਲੈੱਸ ਸਟੀਲ ਦੇ ਹੋਣਗੇ। ਨਗਰ ਨਿਗਮ ਨੇ ਸੀਵਰੇਜ ਤੇ ਬਰਸਾਤੀ ਪਾਣੀਆਂ ਦੀ ਨਿਕਾਸੀ ਨੂੰ ਅਪਗ੍ਰੇਡ ਕਰਨ ਲਈ ਟੈਂਡਰ ਜਾਰੀ ਕਰ ਦਿੱਤੇ ਹਨ। ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਵਿੱਚ ਪੱਖੋਵਾਲ ਰੋਡ ਉੱਤੇ ਰੇਲ ਓਵਰਬ੍ਰਿਜ ਦੀ ਉਸਾਰੀ ਦੀਆਂ ਤਿਆਰੀਆਂ ਹਨ। ਬਾਗ਼ਬਾਨੀ ਖੇਤਰ ਦੀ ਰਹਿੰਦ–ਖੂਹੰਦ ਨੂੰ ਟਿਕਾਣੇ ਲਾਉਣ ਅਤੇ ਪਾਰਕਾਂ ਦੇ ਨਾਲ–ਨਾਲ ਸਿੱਧਵਾਂ ਨਹਿਰ ਨੂੰ ਖ਼ੂਬਸੂਰਤ ਬਣਾਉਣ ਦੇ ਕੰਮ ਨੂੰ ਵਿਕੇਂਦ੍ਰੀਕ੍ਰਿਤ ਕੀਤਾ ਜਾਵੇਗਾ। ਪਿਛਲੇ ਵਰ੍ਹੇ ਕੇ਼ਦਰੀ ਕੈਬਿਨੇਟ ਨੇ ਹਲਵਾਰਾ ਵਿਖੇ ਕੌਮਾਂਤਰੀ ਹਵਾਈ ਅੱਡੇ ਦੀ ਉਸਾਰੀ ਨੂੰ ਵੀ ਹਰੀ ਝੰਡੀ ਦੇ ਦਿੱਤੀ ਸੀ।

 

 

ਲੁਧਿਆਣੇ ’ਬੁੱਢੇ ਨਾਲੇ ਦੀ ਸਮੱਸਿਆ ਵੀ ਹੁਣ ਹੱਲ ਕੀਤੀ ਜਾਵੇਗੀ। ਇਹ ਗੰਦਾ ਨਾਲਾ ਸਤਲੁਜ ਵਿੱਚ ਜਾ ਕੇ ਡਿੱਗਦਾ ਹੈ। ਦਰਅਸਲ, ਬਹੁਤ ਸਾਰੀਆਂ ਫ਼ੈਕਟਰੀਆਂ ਤੇ ਸਨਅਤੀ ਇਕਾਈਆਂ ਦੀ ਰਹਿੰਦ–ਖੂਹੰਦ ਤੇ ਹੋਰ ਕੂੜਾ ਕਰਕਟ ਇਸੇ ਬੁੱਢੇ ਨਾਲੇ ਵਿੱਚ ਸੁੱਟਿਆ ਜਾਂਦਾ ਹੈ।

 

 

ਪਹਿਲਾਂ ਸ੍ਰੀ ਬਿੱਟੂ ਨੇ ਆਖਿਆ ਸੀ ਕਿ ਲੁਧਿਆਣਾ ਵਿੱਚ ਤਿੰਨ ਆਮ ਟ੍ਰੀਟਮੈਂਟ ਪਲਾਂਟ ਤੇ ਸੀਵੇਜ ਟ੍ਰੀਟਮੈਂਟ ਪਲਾਂਟਸ ਅਪਗ੍ਰੇਡ ਕੀਤੇ ਜਾਣਗੇ। ਬੁੱਢੇ ਨਾਲੇ ਦਾ ਪ੍ਰਦੂਸ਼ਣ ਘਟਾਉਣ ਲਈ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 995 ਕਰੋੜ ਰੁਪਏ ਜਾਰੀ ਕੀਤੇ ਸਨ। ਸ਼ਹਿਰ ਦਾ ਡਾਈ–ਉਦਯੋਗ ਵੀ ਆਪਣਾ ਇੱਕ ਵੱਖਰਾ ਟ੍ਰੀਟਮੈਂਟ ਪਲਾਂਟ ਸਥਾਪਤ ਕਰਨ ਜਾ ਰਿਹਾ ਹੈ। ਇਹ ਸਾਰੇ ਪਲਾਂਟ ਇਸ ਵਰ੍ਹੇ ਦੇ ਅੱਧ ਤੱਕ ਤਿਆਰ ਹੋਣ ਦੀ ਸੰਭਾਵਨਾ ਹੈ।

 

 

ਜਗਰਾਓਂ ਪੁਲ਼ ਦੇ ਇੱਕ ਪਾਸੇ ਦੇ ਲਾਂਘੇ ਨੂੰ ਪਿਛਲੇ ਦੋ ਸਾਲਾਂ ਤੋਂ ਬੰਦ ਕਰ ਕੇ ਰੱਖਿਆ ਗਿਆ ਹੈ। ਦਰਅਸਲ, ਇਹ ਪੁਲ਼ ਰੇਲਵੇਜ਼ ਨੇ ਉਸਾਰਨਾ ਹੈ ਤੇ ਰੇਲ ਵਿਭਾਗ ਨੇ ਇਸ ਦੀ ਉਸਾਰੀ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਕਿਉਂਕਿ ਪੰਜਾਬ ਸਰਕਾਰ ਤੋਂ ਉਸ ਨੂੰ ਇਸ ਲਈ 26 ਕਰੋੜ ਰੁਪਏ ਮਿਲ ਗਏ ਹਨ।

 

 

ਸ੍ਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਲਈ ਪਿਛਲੇ ਵਰ੍ਹੇ ਇੱਕ ਨਵਾਂ ਸਰਕਾਰੀ ਕਾਲਜ ਮਨਜ਼ੂਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਸਮਰਾਲਾ ਚੌਕ ਤੋਂ ਫ਼ਿਰੋਜ਼ਪੁਰ ਰੋਡ ਦੀ ਚੁੰਗੀ ਤੱਕ ਇੱਕ ਫ਼ਲਾਈਓਵਰ ਤਿਆਰ ਹੋਵੇਗਾ।

 

 

ਉਨ੍ਹਾਂ ਕਿਹਾ ਕਿ ਐਤਕੀਂ ਲੋਕ ਸਭਾ ਵਿੱਚ ਕਾਂਗਰਸ ਦੇ ਸਿਰਫ਼ 44 ਐੱਮਪੀ ਸਨ, ਜਿਸ ਕਾਰਨ ਲੋਕ ਸਭਾ ਵਿੱਚ ਇਹ ਕਾਰਜਕਾਲ ਕਾਫ਼ੀ ਸੰਘਰਸ਼ਪੂਰਨ ਰਿਹਾ। ਪਰ ਹਰ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਸਮੂਹ ਕਾਂਗਰਸੀ ਸੰਸਦ ਮੈਂਬਰਾਂ ਨੇ ਬਹੁਤ ਦ੍ਰਿੜ੍ਹਤਾਪੂਰਬਕ ਤੇ ਬਹਾਦਰੀ ਨਾਲ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸੀਨੀਅਰ ਪਾਰਟੀ ਆਗੂਆਂ ਨੇ ਉਨ੍ਹਾਂ ਵਿੱਚ ਮੁਕੰਮਲ ਭਰੋਸਾ ਪ੍ਰਗਟਾਇਆ ਹੈ, ਜਿਸ ਕਰਕੇ ਲੁਧਿਆਣਾ ਤੋਂ ਐਤਕੀਂ ਵੀ ਉਨ੍ਹਾਂ ਨੂੰ ਹੀ ਟਿਕਟ ਮਿਲੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਾਰੇ ਹਲਕਾ ਇੰਚਾਰਜਾਂ ਤੇ ਆਪਣੇ ਸੰਸਦੀ ਹਲਕੇ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦਾ ਵੀ ਪੂਰਨ ਸਮਰਥਨ ਹਾਸਲ ਹੈ। ਉੱਧਰ ਸੀਨੀਅਰ ਪਾਰਟੀ ਆਗੂ ਸ੍ਰੀ ਰਾਕੇਸ਼ ਪਾਂਡੇ ਨੇ ਕਿਹਾ ਕਿ ਜਿਸ ਨੂੰ ਵੀ ਟਿਕਟ ਮਿਲੇਗਾ, ਉਹ ਉਸ ਪਾਰਟੀ ਆਗੂ ਦਾ ਪੂਰਾ ਸਮਰਥਨ ਕਰਨਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This time very struggled period we have but we faced with grit Ravneet Bittu