ਇੱਕ ਪਾਸੇ ਪ੍ਰਸ਼ਾਸ਼ਨ ਵਲੋਂ ਲੋਕਾਂ ਨੂੰ ਲੌਕਡਾਊਨ ਕਰਕੇ ਥਾਂ ਥਾਂ ਤੇ ਨਾਕੇ ਲਗਾਏ ਹੋਏ ਹਨ ਕਿ ਕੋਈ ਵਿਅਕਤੀ ਸ਼ਹਿਰ ਤਾਂ ਕੀ ਆਪਣੇ ਘਰ ਤੋਂ ਵੀ ਬਾਹਰ ਨਾ ਨਿਕਲ ਸਕੇ ਅਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਪੁਲਿਸ ਸਖ਼ਤੀ ਕਰਨ ਤੋਂ ਵੀ ਪਿੱਛੇ ਨਹੀ ਹਟ ਰਹੀ। ਦੂਸਰੇ ਪਾਸੇ ਸਿਵਲ ਪ੍ਰਸ਼ਾਸ਼ਨ ਇਸ ਗੱਲ ’ਤੇ ਜੋਰ ਦੇ ਰਿਹਾ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੋਵੇ।
ਪਰ ਇਸੇ ਭੁਖਮਰੀ ਦੇ ਚੱਲਦਿਆਂ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਊਨ੍ਹਾਂ ਜਿਲ੍ਹਾ ਹੈਡਕੁਆਰਟਰਜ਼ ਤੋਂ ਬਿਹਾਰੀ ਪ੍ਰਵਾਸੀਆਂ ਨੇ ਚਾਲੇ ਪਾ ਦਿੱਤੇ ਹਨ ਅਤੇ ਇਹ ਲੋਕ ਰੇਲਵੇ ਲਾਈਨ ਦੇ ਨਾਲ ਨਾਲ ਚੱਲਦਿਆਂ ਅਜ ਨੰਗਲ ਪਹੁੰਚ ਗਏ। ਉਨ੍ਹਾਂ ਸਭਨਾਂ ਦਾ ਦੋਸ਼ ਸੀ ਕਿ ਉਨ੍ਹਾਂ ਨੂੰ ਕੋਈ ਨਹੀ ਪੁੱਛ ਰਿਹਾ ਅਤੇ ਨਾ ਹੀ ਰੋਟੀ ਮਿਲ ਰਹੀ ਹੈ।
ਉਨ੍ਹਾਂ ਨੂੰ ਕੁਝ ਸਮਾਜ ਸੇਵਕਾਂ ਵਲੋਂ ਲੰਗਰ 'ਚੋਂ ਲਿਆ ਕੇ ਲੰਗਰ ਛਕਾਇਆ ਗਿਆ। ਇਥੇ ਹੀ ਬੱਸ ਨਹੀ ਇਨ੍ਹਾਂ ਪ੍ਰਵਾਸੀਆਂ ਨੇ ਦੱਸਿਆ ਕਿ ਜੇਕਰ ਕੋਈ ਸਾਧਨ ਨਾ ਮਿਲਿਆ ਤਾ ਇਹ ਪੈਦਲ ਹੀ ਆਪਣੇ ਦੇਸ਼ ਜਾਣਗੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਹਿਰ ਵਿੱਚ ਚੱਲ ਰਹੇ ਫਲਾਈ ਓਵਰ ਤੇ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਵੀ ਲੌਕਡਾਊਨ ਕਾਰਨ ਇਥੇ ਫਸੇ ਹੋਏ ਹਨ ਅਤੇ ਅਜ ਉਨ੍ਹਾਂ ਨੂੰ ਵਾਪਸ ਭੇਜਣ ਲਈ ਪ੍ਰੋਜੈਕਟ ਦੇ ਅਧਿਕਾਰੀ ਪ੍ਰਸ਼ਾਸ਼ਨ ਦੀ ਮਦਦ ਲੈਣ ਲਈ ਐਸ.ਡੀ.ਐਮ. ਦਫਤਰ ਵਿੱਚ ਵੇਖੇ ਗਏ ਸਨ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਅਨੁਸਾਰ ਕਈ ਪ੍ਰਵਾਸੀ ਮਜ਼ਦੂਰਾਂ ਨੂੰ ਤਾਂ ਲੰਗਰ ਨਸੀਬ ਹੋ ਗਿਆ ਪਰ ਕੁਝ ਮਜ਼ਦੂਰਾਂ ਨੂੰ ਰੋਟੀ ਵੀ ਨਹੀਂ ਮਿਲ ਸਕੀ ਕਿਉਂਕਿ ਸਾਰੇ ਬਾਜ਼ਾਰ ਬੰਦ ਹਨ ਤੇ ਕਿਤੇ ਅਜਿਹਾ ਕੋਈ ਸਾਧਨ ਨਹੀਂ ਹੈ।
ਇਥੇ ਹੀ ਬੱਸ ਨਹੀ ਐੱਨ.ਐੱਫ.ਐੱਲ.ਨੰਗਲ ਵਿਖੇ ਦੂਜੇ ਸੂਬਿਆਂ ਤੋਂ ਮਾਲ ਦੀਆਂ ਢੋਆਂ ਢੁਆਂਈ ਕਰਨ ਵਾਲੇ ਟਰੱਕ ਡਰਾਈਵਰ ਫਸੇ ਹੋਏ ਹਨ। ਜਿਹੜੇ ਕਰਫਿਊ ਤੇ ਲੌਕਡਾਊਨ ਕਾਰਣ ਅਪਣੇ ਘਰਾਂ ਨੂੰ ਜਾਣ ਤੋਂ ਅਸਮਰੱਥ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਇਨ੍ਹਾਂ ਪ੍ਰਵਾਸ਼ੀ ਮਜ਼ਦੂਰਾਂ ਨੇ ਦੱਸਿਆਂ ਕਿ ਵੱਖ ਵੱਖ ਥਾਵਾਂ ਤੇ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਸਨ,ਪਰ ਹੁਣ ਉਨ੍ਹਾਂ ਦਾ ਕੰਮ ਬੰਦ ਹੋਣ ਕਾਰਣ ਮਕਾਨ ਦਾ ਕਿਰਾਇਆ ਦੇਣ ਲਈ ਪੈਸੇ ਨਹੀ ਹਨ ਅਤੇ ਨਾ ਹੀ ਕੁੱਝ ਖਾਣ ਪੀਣ ਨੂੰ ਸਮਾਨ ਹੈ। ਸੜਕ ਦੇ ਕਿਨਾਰੇ ਬੈਠੇ ਇਨਾ ਪ੍ਰਵਾਸ਼ੀ ਮਜ਼ਦੂਰਾਂ ਨੇ ਪ੍ਰਸ਼ਾਸ਼ਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾ ਨੂੰ ਆਪਣੇ ਘਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ।
ਜਦੋਂ ਇਸ ਸਬੰਧੀ ਐੱਸ.ਡੀ.ਐੱਮ ਹਰਪ੍ਰੀਤ ਸਿੰਘ ਅਟਵਾਲ ਨਾਲ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਉਨ੍ਹਾ ਡੀ.ਸੀ.ਨਾਲ ਗੱਲਬਾਤ ਕੀਤੀ ਹੈ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ਕਰਕੇ ਇਨ੍ਹਾਂ ਨੂੰ ਅਜ ਖਾਣਾ ਪਹੁੰਚਾਇਆ ਗਿਆ ਹੈ ਅਤੇ ਰੋਜ਼ ਜਦੋ ਤਕ ਹਲਾਤ ਠੀਕ ਨਹੀ ਹੁੰਦੇ ਇਨ੍ਹਾਂ ਨੂੰ ਖਾਣਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਰਹਿਣ ਦੀ ਜਗ੍ਹਾਂ ਨਹੀ ਹੈ ਉਨ੍ਹਾਂ ਨੂੰ ਸੈਲਟਰ ਹੋਮ ਵੀ ਦਿੱਤੇ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਵਾਪਸ ਨਹੀ ਭੇਜਿਆ ਜਾ ਸਕਦਾ ਕਿਉਂਕਿ ਅਜਿਹੇ ਕੋਈ ਸਰਕਾਰੀ ਹੁਕਮ ਨਹੀ ਹਨ,ਪਰ ਇਨ੍ਹਾਂ ਦੇ ਰਹਿਣ ਸਹਿਣ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਪੰਜਾਬ ਦੇ ਹੋਰ ਵੀ ਬਹੁਤ ਸਾਰੇ ਸ਼ਹਿਰਾਂ, ਚੰਡੀਗੜ੍ਹ ਤੇ ਹਰਿਆਣਾ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਪੈਦਲ ਆਪੋ–ਆਪਣੇ ਘਰਾਂ ਨੂੰ ਜਾ ਰਹੇ ਹਨ। ਉਹ ਸੈਂਕੜੇ–ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਪੈਦਲ ਕਰਨ ਲਈ ਦ੍ਰਿੜ੍ਹ–ਸੰਕਲਪ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਪ੍ਰਵਾਸੀ ਮਜ਼ਦੂਰ ਉੱਤਰ ਪ੍ਰਦੇਸ਼ (ਯੂਪੀ), ਉਤਰਾਖੰਡ ਤੇ ਬਿਹਾਰ ਨਾਲ ਸਬੰਧਤ ਹਨ।