ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਬੜੀ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਹੋਲੇ-ਮਹੱਲੇ ਦੇ ਅਖੀਰਲੇ ਦਿਨ ਵੀ ਸੰਗਤਾਂ ਦਾ ਇਕੱਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੂਰੇ ਜੋਸ਼ੇ-ਖਰੋਸ਼ ਵਿਚ ਦੇਖਿਆ ਗਿਆ। ਪੂਰੇ ਹੋਲੇ-ਮਹੱਲੇ ਦੌਰਾਨ ਸੰਗਤਾਂ ਦੀ ਰਿਕਾਰਡ ਤੋੜ ਆਮਦ ਰਹੀ।
ਕੁਲਵਿੰਦਰ ਭਾਟੀਆ ਦੀ ਰਿਪੋਰਟ ਮੁਤਾਬਿਕ ਸ਼੍ਰੋਮਣੀ ਕਮੇਟੀ ਵਲੋਂ ਭਾਵੇਂ ਪੁਖਤਾ ਇੰਤਜ਼ਾਨ ਕੀਤੇ ਗਏ ਸਨ ਪਰ ਸੰਗਤ ਦੀ ਬੇਅਥਾਹ ਆਮਦ 'ਤੇ ਜੋਸ਼ ਅੱਗੇ ਕਿਸੇ ਦੀ ਵੀ ਪੇਸ਼ ਨਾ ਆਈ। ਤਖਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਸੀਸਗੰਜ ਸਾਹਿਬ, ਗੁਰਦੁਆਰਾ ਭੋਰਾ ਸਾਹਿਬ, ਕਿਲਾ ਅਨੰਦਗੜ੍ਹ ਸਾਹਿਬ, ਗੁਰਦੁਆਰਾ ਭਾਈ ਜੈਤਾ ਜੀ, ਕਿਲਾ ਫ਼ਤਿਹਗੜ੍ਹ ਸਾਹਿਬ, ਗੁਰਦੁਆਰਾ ਹੋਲਗੜ੍ਹ ਸਾਹਿਬ, ਗੁਰਦੁਆਰਾ ਸ਼ਹੀਦੀ ਬਾਗ ਆਦਿ ਹੋਰ ਕਈ ਗੁਰਦੁਆਰਿਆਂ ਵਿਖੇ ਕੀਤੀ ਗਈ ਸੁੰਦਰ ਦੀਪਮਾਲਾ ਸੰਗਤਾਂ ਦੀ ਖਿੱਚ ਬਣੀ ਰਹੀ।
ਇਸ ਦੌਰਾਨ ਸਿੱਖ ਮਿਸ਼ਨਰੀ ਕਾਲਜ, ਸਟੱਡੀ ਸਰਕਲ 'ਤੇ ਹੋਰ ਸੰਸਥਾਵਾਂ ਵਲੋਂ ਵੀ ਸਿੱਖ ਧਰਮ ਨਾਲ ਸਬੰਧਤ ਪੁਸਤਕਾਂ ਦੇ ਸਟਾਲ ਲਗਾ ਕੇ ਧਰਮ ਪ੍ਰਚਾਰ ਵਿੱਚ ਪੂਰਾ ਯੋਗਦਾਨ ਪਾਇਆ ਗਿਆ। ਇਸ ਮੌਕੇ ਹੋਲੇ-ਮਹੱਲੇ ਦੇ ਤੀਜੇ ਦਿਨ ਸ਼੍ਰੋਮਣੀ ਕਮੇਟੀ ਅਤੇ ਬੁੱਢਾ ਦਲ ਵਲੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ 'ਚ ਮਹੱਲਾ ਕੱਢਿਆ ਗਿਆ।

ਹੋਲਾ ਮਹੱਲਾ ਦੇ ਸਮਾਗਮਾ ਵਿੱਚ ਗੋਬਿੰਦ ਸਿੰਘ ਲੋਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ, ਗਿਆਨੀ ਹਰਪ੍ਰੀਤ ਸਿੰਘ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਰਘਬੀਰ ਸਿੰਘ ਜੱਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਗਿਆਨੀ ਰਣਜੀਤ ਸਿੰਘ ਜੱਥੇਦਾਰ ਤਖਤ ਸ੍ਰੀ ਪਟਨਾ ਸਾਹਿਬ, ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੌੜੀ, ਬਾਬਾ ਹਰਨਾਮ ਸਿੰਘ ਖਾਲਸਾ ਭਿੰਡਰਾਂ ਵਾਲੇ, ਸਕੱਤਰ ਰੂਪ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸਹਿਬਾਨ, ਮੈਨੇਜਰ ਜਸਵੀਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਜਥੇਦਾਰ ਮੋਹਨ ਸਿੰਘ ਢਾਹੇ, ਮਨਜਿੰਦਰ ਸਿੰਘ ਬਰਾੜ, ਹਰਜੀਤ ਸਿੰਘ ਅਚਿੰਤ, ਸੂਚਨਾ ਅਫਸਰ ਹਰਦੇਵ ਸਿੰਘ ਹੈਪੀ ਸਮੇਤ ਧਾਰਮਿਕ ਤੇ ਰਾਜਸੀ ਆਗੂਆਂ ਅਤੇ ਨਿਹੰਗ ਸਿੰਘ ਜੱਥੇਬੰਦੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।

ਇਹ ਮਹੱਲਾ ਕਿਲਾ ਅਨੰਦਗੜ੍ਹ ਸਾਹਿਬ, ਕਿਲਾ ਹੋਲਗੜ੍ਹ ਸਾਹਿਬ, ਗੁਰਦੁਆਰਾ ਮਾਤਾ ਅਜੀਤ ਕੋਰ ਜੀ (ਅਗੰਮਪੁਰ), ਕਿਲਾ ਫ਼ਤਿਹਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿੱਚ ਪਹੁੰਚਿਆ, ਜਿੱਥੇ ਨਿਹੰਗ ਸਿੰਘਾਂ ਵਲੋਂ ਘੋੜਿਆਂ ਉੱਤੇ ਚੜ੍ਹ ਕੇ ਖਾਲਸਾਈ ਕਲਾ ਦੇ ਹੈਰਾਨੀਜਨਕ ਕਰਤੱਬ ਵਿਖਾਏ ਗਏ ਅਤੇ ਲੱਖਾਂ ਦੀ ਤਾਦਾਦ ਵਿੱਚ ਉਮੜੇ ਸੰਗਤਾਂ ਦੇ ਇਕੱਠ ਨੇ ਇਨ੍ਹਾਂ ਕਰਤਵਾਂ ਦਾ ਚਰਨ ਗੰਗਾ ਸਟੇਡੀਅਮ, ਘਰਾਂ ਦੀਆਂ ਛੱਤਾਂ, ਦਰੱਖਤਾਂ ਅਤੇ ਬੱਸਾਂ ਆਦਿ 'ਤੇ ਚੜ੍ਹ ਕੇ ਖੂਬਸੂਰਤੀ ਨਾਲ ਅਨੰਦ ਮਾਣਿਆ।