----ਪਿੰਡ ਜਗਤਪੁਰਾ ਦੇ 55 ਨਮੂਨੇ ਕੋਰੋਨਾ ਵਾਇਰਸ ਲਈ ਨੈਗਟਿਵ ਪਾਏ ਗਏ----
ਜ਼ਿਲ੍ਹੇ ਵਿੱਚ ਅੱਜ ਕੋਰੋਨਾਵਾਇਰਸ ਦੇ ਤਿੰਨ ਹੋਰ ਪਾਜੇਟਿਵ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ ਇਕ 80 ਸਾਲਾਂ ਮਹਿਲਾ ਹੈ ਜਦਕਿ ਦੂਜੀ ਵੀ 55 ਸਾਲਾ ਮਹਿਲਾ ਹੈ। ਉਹ ਲੁਧਿਆਣਾ ਕੇਸ (69 ਸਾਲ ਦੀ ਮਹਿਲਾ) ਦੇ ਨੇੜਲੇ ਸੰਪਰਕ ਹਨ। ਉਨ੍ਹਾਂ ਦੇ ਨਮੂਨੇ ਸੈਕਟਰ -91 ਸਥਿਤ ਘਰ ਤੋਂ ਲਏ ਗਏ ਸਨ ਅਤੇ ਉਨ੍ਹਾਂ ਦੇ ਟੈਸਟ ਪਾਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਗਿਆਨ ਸਾਗਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਉਨ੍ਹਾਂ ਦੇ ਤਿੰਨ ਸੰਪਰਕਾਂ ਦੇ ਨਮੂਨਿਆਂ ਦੇ ਨਤੀਜੇ ਦੀ ਉਡੀਕ ਹੈ। ਇਸ ਤੋਂ ਇਲਾਵਾ, ਜਵਾਹਰਪੁਰ ਡੇਰਾਬਾਸੀ ਦੇ ਇੱਕ 43 ਸਾਲਾ ਵਿਅਕਤੀ ਨੂੰ ਵੀ ਕੋਰੋਨਾਵਾਇਰਸ ਲਈ ਪਾਜੇਟਿਵ ਪਾਇਆ ਗਿਆ ਹੈ ਅਤੇ ਉਹ ਜੀਐਮਸੀਐਚ 32 ਵਿੱਚ ਦਾਖਲ ਹੈ। ਦੋਵਾਂ ਇਲਾਕਿਆਂ, ਸੈਕਟਰ 91 ਅਤੇ ਜਵਾਹਰਪੁਰ ਨੂੰ ਇੱਕ ਸਾਵਧਾਨੀ ਉਪਾਅ ਵਜੋਂ ਸੀਲ ਕਰ ਦਿੱਤਾ ਗਿਆ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਮੁਹਾਲੀ ਮਿਉਂਸਪਲ ਹੱਦ ਅੰਦਰ ਪੈਂਦੇ ਪਿੰਡ ਜਗਤਪੁਰਾ ਦੇ ਕੁੱਲ 55 ਨਮੂਨੇ ਨੈਗਟਿਵ ਪਾਏ ਗਏ ਹਨ। ਪਰ ਸਾਵਧਾਨੀ ਦੇ ਉਪਾਅ ਵਜੋਂ ਨਿਯੰਤਰਣ ਪ੍ਰਕਿਰਿਆ ਦਾ ਸਖਤੀ ਨਾਲ ਪਾਲਣ ਕੀਤਾ ਜਾ ਰਿਹਾ ਹੈ। 40 ਹੋਰ ਰਿਪੋਰਟਾਂ ਦੇ ਨਤੀਜੇ ਦਾ ਇੰਤਜ਼ਾਰ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਸਿਹਤ ਵਿਭਾਗ ਨੇ ਜਗਤਪੁਰਾ ਪਿੰਡ ਵਿੱਚ ਇੱਕ ਵਿਸ਼ਾਲ ਸਿਹਤ ਸਰਵੇਖਣ ਕੀਤਾ ਹੈ ਜਿਥੇ ਹਾਲ ਹੀ ਵਿੱਚ ਇੱਕ ਪਾਜੇਟਿਵ ਮਾਮਲਾ ਸਾਹਮਣੇ ਆਇਆ ਹੈ।
ਡੀਸੀ ਨੇ ਇਹ ਵੀ ਦੱਸਿਆ ਕਿ ਕੋਵਿਡ -19 ਦੇ ਖਤਰੇ ਦਾ ਵੱਧ ਸਾਹਮਣਾ ਕਰਨ ਵਾਲੇ ਲੋਕਾਂ, ਜਿਵੇਂ ਕਿ ਸਿਹਤ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ, ਜੋ ਬਜ਼ੁਰਗ ਮਾਪਿਆਂ ਅਤੇ ਛੋਟੇ ਬੱਚੇ ਹੋਣ ਕਾਰਨ ਘਰ ਨਹੀਂ ਜਾਣਾ ਚਾਹੁੰਦੇ, ਲਈ ਪੂਰਬ ਅਪਾਰਟਮੈਂਟਸ ਵਿਚ ਆਰਜ਼ੀ ਰਿਹਾਇਸ਼ ਦੇ ਤੌਰ ‘ਤੇ ਪ੍ਰਬੰਧ ਕੀਤੇ ਗਏ ਹਨ।