ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਰਟੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ- ਬ੍ਰਹਮਪੁਰਾ

ਪਾਰਟੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ- ਬ੍ਰਹਮਪੁਰਾ

1 / 2ਪਾਰਟੀ ਲੀਡਰਸ਼ਿਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਮਾਫ਼ੀ ਮੰਗ ਲੈਣੀ ਚਾਹੀਦੀ ਹੈ- ਬ੍ਰਹਮਪੁਰਾ

ਰਣਜੀਤ ਸਿੰਘ ਬ੍ਰਹਮਪੁਰਾ

2 / 2ਰਣਜੀਤ ਸਿੰਘ ਬ੍ਰਹਮਪੁਰਾ

PreviousNext

81 ਸਾਲਾ ਬਜ਼ੁਰਗ ਅਕਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਐੱਮਪੀ ਰਣਜੀਤ ਸਿੰਘ ਬ੍ਰਹਮਪੁਰਾ (ਜੋ ਅੱਜ ਕੱਲ੍ਹ ਵੈਨਕੂਵਰ, ਕੈਨੇਡਾ `ਚ ਹਨ) ਨੇ ਅੱਜ ਫ਼ੋਨ `ਤੇ ‘ਹਿੰਦੁਸਤਾਨ ਟਾਈਮਜ਼` ਨਾਲ ਖ਼ਾਸ ਗੱਲਬਾਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਉਸ ਤੋਂ ਬਾਅਦ ਬਹਿਬਲ ਕਲਾਂ ਤੇ ਕੋਟਕਪੂਰਾ ਵਿਖੇ ਰੋਸ ਮੁਜ਼ਾਹਰਾਕਾਰੀਆਂ `ਤੇ ਪੁਲਿਸ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰ ਚੁੱਕੇ ਜਸਟਿਸ (ਸੇਵਾ-ਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ `ਚ ਪੇਸ਼ ਹੋਣ ਤੋਂ ਬਾਅਦ ਹੁਣ ਜਿਸ ਤਰੀਕੇ ਸ਼੍ਰੋਮਣੀ ਅਕਾਲੀ ਦਲ ਤੇ ਅਕਾਲੀ ਆਗੂਆਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਉਸ ਤੋਂ ਸ੍ਰੀ ਬ੍ਰਹਮਪੁਰਾ ਡਾਢੇ ਦੁਖੀ ਵਿਖਾਈ ਦਿੱਤੇ।


ਹੋਰ ਤਾਂ ਹੋਰ, ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਇਹ ਖਿੜੇ ਮੱਥੇ ਪ੍ਰਵਾਨ ਕੀਤਾ ਕਿ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ ਕਰਨਾ ਇੱਕ ਗ਼ਲਤੀ ਸੀ।


ਪੇਸ਼ ਹੈ ਸ੍ਰੀ ਬ੍ਰਹਮਪੁਰਾ ਨਾਲ ਹੋਈ ਗੱਲਬਾਤ ਦੇ ਕੁਝ ਮੁੱਖ ਅੰਸ਼:


ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਇਸ ਵੇਲੇ ਕਰ ਰਿਹਾ ਹੈ, ਉਸ ਬਾਰੇ ਤੁਸੀਂ ਕੀ ਆਖਣਾ ਚਾਹੋਗੇ?
ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਔਖੇ ਸਮਿਆਂ ਦਾ ਸਾਹਮਣਾ ਕਰਦੇ ਰਹੇ ਹਾਂ, ਜਦੋਂ ਕੁਝ ਕੱਟੜ ਕਿਸਮ ਦੇ ਲੋਕ ਸਾਡੇ ਵਿਰੁੱਧ ਖੜ੍ਹਦੇ ਰਹੇ ਹਨ। ਪਾਰਟੀ ਹਰ ਵਾਰ ਅਜਿਹੀਆਂ ਚੁਣੌਤੀਆ ਦਾ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਰਹੀ ਹੈ। ਇਸ ਵਾਰ ਪਾਰਟੀ ਦੀ ਹਕੂਮਤ ਦੌਰਾਨ ਹੋਈਆਂ ਗ਼ਲਤੀਆਂ ਕਾਰਨ ਮੌਜੂਦਾ ਹਾਲਾਤ ਪੈਦਾ ਹੋ ਗਏ ਹਨ।


ਕੀ ਸਨ ਉਹ ਗ਼ਲਤੀਆਂ?
ਮੈਨੂੰ ਲੱਗਦਾ ਹੈ ਕਿ ਸਾਲ 2015 ਦੌਰਾਨ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮਾਫ਼ ਕਰਨਾ ਇੱਕ ਵੱਡੀ ਗ਼ਲਤੀ ਸੀ; ਭਾਵੇਂ ਉਹ ਮਾਫ਼ੀ ਇੱਕ ਮਹੀਨੇ ਬਾਅਦ ਵਾਪਸ ਵੀ ਲੈ ਲਈ ਗਈ ਸੀ। ਉਸ ਮਾਮਲੇ ਨਾਲ ਥੋੜ੍ਹਾ ਬਿਹਤਰ ਤਰੀਕੇ ਵੀ ਨਿਪਟਿਆ ਜਾ ਸਕਦਾ ਸੀ। ਫਿਰ ਬਹਿਬਲ ਕਲਾਂ `ਚ ਰੋਸ ਮੁਜ਼ਾਹਰਾਕਾਰੀਆਂ `ਤੇ ਗੋਲੀਬਾਰੀ ਦੌਰਾਨ ਹੋਈ ਦੋ ਵਿਅਕਤੀਆਂ ਦੀ ਮੌਤ ਨੇ ਹਵਾ ਸਾਡੇ ਖਿ਼ਲਾਫ਼ ਕਰ ਦਿੱਤੀ। ਉਸ ਗੋਲੀਕਾਂਡ ਦਾ ਨੁਕਸਾਨ ਅਕਾਲੀ ਦਲ ਨੂੰ ਹੋਇਆ ਕਿਉਂਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਸੀ। ਭਾਵੇਂ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੇ ਆਗੂਆਂ ਦੀ ਉਸ ਗੋਲ਼ੀਕਾਂਡ ਵਿੱਚ ਕੋਈ ਸਿੱਧੀ ਭੂਮਿਕਾ ਨਹੀਂ ਸੀ ਪਰ ਸਰਕਾਰਾਂ `ਤੇ ਤਾਂ ਅਜਿਹੀਆਂ ਘਟਨਾਵਾਂ ਦੇ ਦੋਸ਼ ਜ਼ਰੂਰ ਲੱਗਦੇ ਹਨ।


ਤੁਸੀਂ ਆਖਿਆ ਹੈ ਕਿ ਇਸ ਮਾਮਲੇ ਨਾਲ ਥੋੜ੍ਹਾ ਬਿਹਤਰ ਤਰੀਕੇ ਵੀ ਨਿਪਟਿਆ ਜਾ ਸਕਦਾ ਸੀ, ਉਹ ਕਿਵੇਂ?
ਮੈਂ ਇਸ ਬਾਰੇ ਬਹੁਤਾ ਕੁਝ ਨਹੀਂ ਆਖ ਸਕਦਾ। ਮੈਨੂੰ ਲੱਗਦਾ ਹੈ ਕਿ ਉਦੋਂ ਸੀਨੀਅਰ ਲੀਡਰਸਿ਼ਪ ਨਾਲ ਜੇ ਸਲਾਹ-ਮਸ਼ਵਰਾ ਕੀਤਾ ਗਿਆ ਹੁੰਦਾ, ਤਾਂ ਮਾਹੌਲ ਹੁਣ ਇੰਨਾ ਖ਼ਰਾਬ ਨਾ ਹੁੰਦਾ। ਕਾਂਗਰਸ ਸਰਕਾਰ ਨੇ ਉਸ ਮਾਮਲੇ ਦੀ ਜਾਂਚ ਕਰਵਾ ਕੇ ਉਸ ਰਿਪੋਰਟ ਨੂੰ ਸਾਡੇ ਖਿ਼ਲਾਫ਼ ਵਰਤ ਕੇ ਬਲ਼ਦੀ `ਤੇ ਤੇਲ ਪਾ ਦਿੱਤਾ ਹੈ।


ਪਹਿਲਾਂ ਡੇਰਾ ਮੁਖੀ ਨੂੰ ਮਾਫ਼ ਕੀਤਾ ਗਿਆ ਤੇ ਫਿਰ ਉਹ ਮਾਫ਼ੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਵਾਪਸ ਲਈ। ਕੀ ਇਸ ਲਈ ਪਾਰਟੀ `ਤੇ ਦੋਸ਼ ਲਾਇਆ ਜਾ ਸਕਦਾ ਹੈ?
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਹੁਣ ਇਹ ਖੁੱਲ੍ਹ ਕੇ ਦੱਸਣਾ ਚਾਹੀਦਾ ਹੈ ਕਿ ਇਹ ਸਭ ਕਿਵੇਂ ਵਾਪਰਿਆ ਸੀ।


ਹੁਣ ਤੱਕ ਦੇ ਇਸ ਸਭ ਤੋਂ ਭੈੜੇ ਸੰਕਟ ਨਾਲ ਨਿਪਟਣ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਕੀ ਕਰਨਾ ਚਾਹੀਦਾ ਹੈ?
ਮੈਨੂੰ ਲੱਗਦਾ ਹੈ ਕਿ ਪਾਰਟੀ ਲੀਡਰਸਿ਼ਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਜਾਣਾ ਚਾਹੀਦਾ ਹੈ ਤੇ ਉੱਥੇ ਸਮੂਹਕ ਤੌਰ `ਤੇ ਮਾਫ਼ੀ ਮੰਗਣੀ ਚਾਹੀਦੀ ਹੈ। ਸਾਨੂੰ ਮਾਫ਼ੀ ਮੰਗਣ `ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਕਾਂਗਰਸੀ ਆਗੂ ਬਹੁਤ ਵਾਰ ਇਹ ਆਖ ਚੁੱਕੇ ਹਨ ਕਿ ਜੇ ਕਦੇ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ `ਤੇ ਤਲਬ ਕੀਤਾ ਗਿਆ, ਤਾਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਵੇਂ ਝੁਕਣ ਤੋਂ ਕੋਈ ਗੁਰੇਜ਼ ਨਹੀ਼ ਹੋਵੇਗਾ।


ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ `ਤੇ ਪਿੱਛੇ ਜਿਹੇ ਅਮਰੀਕਾ `ਚ ਹਮਲਾ ਹੋਇਆ ਹੈ। ਵੈਨਕੂਵਰ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ `ਚ ਵੱਸਦੇ ਸਿੱਖਾਂ ਦਾ ਕਿਹੋ ਜਿਹਾ ਪ੍ਰਤੀਕਰਮ ਸੁਣਨ ਤੇ ਵੇਖਣ ਨੂੰ ਮਿਲ ਰਿਹਾ ਹੈ, ਜਦੋਂ ਵੀ ਤੁਸੀਂ ਉਨ੍ਹਾਂ ਨੁੰ ਕਦੇ ਮਿਲਦੇ ਹੋ?
ਮੈਂ ਨਿਜੀ ਦੌਰੇ `ਤੇ ਆਇਆ ਹੋਇਆ ਹਾਂ। ਮੈਂ ਇੱਥੇ ਕੋਈ ਭਾਸ਼ਣ ਦੇਣ ਲਈ ਨਹੀਂ ਆਇਆ। ਮੇਰਾ ਵਿਚਾਰ ਇਸ ਮਾਮਲੇ `ਚ ਬੇਹੱਦ ਸਪੱਸ਼ਟ ਹੈ ਕਿ ਸਾਨੁੰ ਸਿਆਸਤ ਪੰਜਾਬ `ਚ ਹੀ ਕਰਨੀ ਚਾਹੀਦੀ ਹੈ, ਇੱਥੇ ਨਹੀਂ। ਮੈਂ ਅਜਿਹੀ ਹਿੰਸਾ ਅਤੇ ਇੱਕ ਸਿੱਖ ਦੀ ਦਸਤਾਰ ਲਾਹੁਣ ਦੇ ਸਖ਼ਤ ਖਿ਼ਲਾਫ਼ ਹਾਂ।


ਕੀ ਤੁਸੀਂ ਇਹ ਮੰਨਦੇ ਹੋ ਕਿ ਤੁਹਾਡੀ ਪਾਰਟੀ ਦੇ ਹੱਥੋਂ ਹੁਣ ਪੰਥਕ ਏਜੰਡਾ ਕਿਰਦਾ ਜਾ ਰਿਹਾ ਹੈ?
ਅਜਿਹੇ ਸਾਰੇ ਮਾਮਲਿਆਂ `ਤੇ ਵਿਚਾਰ-ਚਰਚਾ ਚੋਣਾਂ ਦੌਰਾਨ ਹੁੰਦੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਮੈਨੂੰ ਇਹ ਵੀ ਪੂਰਾ ਯਕੀਨ ਹੈ ਕਿ ਪਾਰਟੀ ਇਸ ਸੰਕਟ `ਚੋਂ ਵੀ ਛੇਤੀ ਹੀ ਨਿੱਕਲ ਜਾਵੇਗੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:To pardon Dera Sirsa Head was a mistake says Brahampura