ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਨੂੰ ‘ਤਿਕੜੀ–ਸ਼ਹਿਰ’ (ਟ੍ਰਾਇ–ਸਿਟੀ) ਵਜੋਂ ਵੱਧ ਜਾਣਿਆ ਜਾਂਦਾ ਹੈ। ਇਨ੍ਹਾਂ ਤਿਕੜੀ–ਸ਼ਹਿਰਾਂ ’ਚ ਕੋਰੋਨਾ–ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 80 ਹੋ ਗਈ ਹੈ। ਕੱਲ੍ਹ ਐਤਵਾਰ ਨੂੰ ਇੱਥੇ ਪੰਜ ਨਵੇਂ ਕੋਰੋਨਾ–ਪਾਜ਼ਿਟਿਵ ਕੇਸ ਸਾਹਮਣੇ ਆਏ।
ਕੱਲ੍ਹ ਚੰਡੀਗੜ੍ਹ ਦੇ ਉਸ 40–ਸਾਲਾ ਅਧਿਆਪਕ ਦੀ ਸੱਸ ਤੇ ਅੱਠ ਸਾਲਾ ਧੀ ਵੀ ਕੋਰੋਨਾ–ਪਾਜ਼ਿਟਿਵ ਪਾਏ ਗਏ, ਜੋ ਪਹਿਲਾਂ ਹੀ ਪਾਜ਼ਿਟਿਵ ਪਾਇਆ ਗਿਆ ਸੀ। ਚੰਡੀਗੜ੍ਹ ’ਚ ਕੋਰੋਨਾ ਦੇ ਹੁਣ ਤੱਕ 21 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦ ਕਿ ਦੋ ਠੀਕ ਵੀ ਹੋ ਚੁੱਕੇ ਹਨ।
ਉੱਧਰ ਮੋਹਾਲੀ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਕੇ 54 ਹੋ ਗਈ ਹੈ। ਐਤਵਾਰ ਨੂੰ ਡੇਰਾ ਬੱਸੀ ਲਾਗਲੇ ਪਿੰਡ ਜਵਾਹਰਪੁਰ ’ਚ ਤਿੰਨ ਹੋਰ ਮਰੀਜ਼ ਕੋਰੋਨਾ–ਪਾਜ਼ਿਟਿਵ ਪਾਏ ਗਏ। ਇਕੱਲੇ ਜਵਾਹਰਪੁਰ ਪਿੰਡ ’ਚ ਹੀ ਕੋਰੋਨਾ ਦੇ 37 ਮਰੀਜ਼ ਪਾਏ ਗਏ ਹਨ। ਮੋਹਾਲੀ ਤੇ ਜਵਾਹਰਪੁਰ ਦੋਵਾਂ ਦੀ ਇਹ ਗਿਣਤੀ ਸਮੁੱਚੇ ਪੰਜਾਬ ’ਚ ਸਭ ਤੋਂ ਵੱਧ ਹੈ।
ਪੰਜਾਬ ਦੇ ਹੋਰ ਕਿਸੇ ਵੀ ਜ਼ਿਲ੍ਹੇ ’ਚ ਕੋਰੋਨਾ ਦੇ ਇੰਨੇ ਮਰੀਜ਼ ਨਹੀਂ ਮਿਲੇ ਹਨ, ਜਿੰਨੇ ਮੋਹਾਲੀ ਜ਼ਿਲ੍ਹੇ ’ਚ ਹਨ ਤੇ ਦੂਜੇ ਜਵਾਹਰਪੁਰ ਵਾਂਗ ਹੋਰ ਕੋਈ ਵੀ ਅਜਿਹਾ ਸ਼ਹਿਰ ਜਾਂ ਪਿੰਡ ਪੰਜਾਬ ਦਾ ਨਹੀਂ ਹੈ, ਜਿੱਥੇ ਇੰਨੇ ਵੱਡੀ ਗਿਣਤੀ ’ਚ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲੇ ਹੋਣ।
ਇਸ ਵੇਲੇ ਜਵਾਹਰਪੁਰ ਪਿੰਡ ਤੇ ਮੋਹਾਲੀ ਜ਼ਿਲ੍ਹੇ ਨੂੰ ਕੋਰੋਨਾ ਮਾਮਲੇ ’ਚ ਪੰਜਾਬ ਦਾ ਹੌਟ–ਸਪੌਟ ਆਖਿਆ ਜਾ ਰਿਹਾ ਹੈ। ਸਭ ਤੋਂ ਪਹਿਲਾਂ ਬੀਤੀ 4 ਅਪ੍ਰੈਲ ਨੂੰ ਜਵਾਹਰਪੁਰ ਦਾ ਇੱਕ ਪੰਚ ਕੋਰੋਨਾ–ਪੀੜਤ ਪਾਇਆ ਗਿਆ ਸੀ। ਕੱਲ੍ਹ ਜਿਹੜੇ ਤਿੰਨ ਨਵੇਂ ਮਰੀਜ਼ ਇਸ ਪਿੰਡ ’ਚ ਮਿਲੇ ਹਨ, ਉਹ ਇਸੇ ਪੰਚ ਦੇ ਹੀ ਰਿਸ਼ਤੇਦਾਰ ਹਨ।
ਇਸ ਦੌਰਾਨ ਮੋਹਾਲੀ ਜ਼ਿਲ੍ਹੇ ਦੇ ਮੁੰਡੀ ਖਰੜ ਇਲਾਕੇ ਦਾ 81 ਸਾਲਾ ਬਜ਼ੁਰਗ ਵੀ ਸਨਿੱਚਰਵਾਰ ਨੂੰ ਕੋਰੋਨਾ–ਪਾਜ਼ਿਟਿਵ ਪਾਇਆ ਗਿਆ ਸੀ; ਜਿਨ੍ਹਾਂ ਦੀ ਪਤਨੀ ਦਾ ਬੀਤੀ 7 ਅਪ੍ਰੈਲ ਨੂੰ ਦੇਹਾਂਤ ਹੋ ਗਿਆ ਸੀ ਤੇ ਦੇਹਾਂਤ ਤੋਂ ਬਾਅਦ ਟੈਸਟ ਰਾਹੀਂ ਪਤਾ ਲੱਗਾ ਸੀ ਕਿ ਉਹ ਕੋਰੋਨਾ–ਪਾਜ਼ਿਟਿਵ ਸਨ। ਇਸ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ।
ਮੋਹਾਲੀ ਜ਼ਿਲ੍ਹੇ ’ਚ ਕੋਰੋਲਾ ਦਾ ਪਹਿਲਾ ਕੇਸ ਬੀਤੀ 20 ਮਾਰਚ ਨੂੰ ਮਿਲਿਆ ਸੀ। ਇਸ ਜ਼ਿਲ੍ਹੇ ’ਚ ਕੋਰੋਨਾ ਦੋ ਮਨੁੱਖੀ ਜਾਨਾਂ ਲੈ ਚੁੱਕਾ ਹੈ। ਪੰਜ ਮਰੀਜ਼ ਹੁਣ ਤੱਕ ਠੀਕ ਵੀ ਹੋ ਚੁੱਕੇ ਹਨ।
ਪੰਚਕੂਲਾ ’ਚ ਹੁਣ ਤੱਕ ਪੰਜ ਕੋਰੋਨਾ–ਮਰੀਜ਼ ਮਿਲੇ ਹਨ।