ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੱਲ੍ਹਣ ਗੁਰਦੁਆਰਾ ਸਾਹਿਬ `ਚ ਖਿਡੌਣੇ ਦੱਸਦੇ ਆਪਣੀ ਕਹਾਣੀ

ਤੱਲ੍ਹਣ ਗੁਰਦੁਆਰਾ ਸਾਹਿਬ `ਚ ਖਿਡੌਣੇ ਦੱਸਦੇ ਆਪਣੀ ਕਹਾਣੀ

ਜਲੰਧਰ ਲਾਗਲੇ ਪਿੰਡ ਤੱਲ੍ਹਣ ਦੇ ਗੁਰਦੁਆਰਾ ਸਾਹਿਬ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਸ਼ਰਧਾ ਵਜੋਂ ਖਿਡੌਣੇ ਹਵਾਈ ਜਹਾਜ਼ ਭੇਟ ਕੀਤੇ ਜਾਂਦੇ ਹਨ। ਜੀ ਹਾਂ, ਇਹ ਸੱਚ ਹੈ। ਸ਼ਰਧਾਲੂ ਦੂਰੋਂ-ਦੂਰੋਂ ਇੱਥੇ ਆਉਂਦੇ ਹਨ ਤੇ ਉਨ੍ਹਾਂ ਕੋਲ ਕੋਈ ਨਾ ਕੋਈ ਖਿਡੌਣਾ ਹਵਾਈ ਜਹਾਜ਼ ਇਸ ਗੁਰੂਘਰ `ਚ ਭੇਟ ਕਰਨ ਲਈ ਜ਼ਰੂਰ ਹੁੰਦਾ ਹੈ। ਦੂਜੇ, ਉਹ ਇੱਥੇ ਆ ਕੇ ਖ਼ਾਸ ਅਰਦਾਸ ਇਹ ਕਰਦੇ ਹਨ ਕਿ ਉਹ ਛੇਤੀ ਤੋਂ ਛੇਤੀ ਵਿਦੇਸ਼ ਰਵਾਨਾ ਹੋ ਸਕਣ ਤੇ ਉਨ੍ਹਾਂ ਦਾ ਕਿਸੇ ਪੱਛਮੀ ਦੇਸ਼ ਦਾ ਵੀਜ਼ਾ ਤੁਰੰਤ ਲੱਗ ਜਾਵੇ।


ਪੰਜਾਬ ਦੇ ਦੋਆਬਾ ਇਲਾਕੇ `ਚੋਂ ਪੱਛਮੀ ਦੇਸ਼ਾਂ `ਚ ਜਾ ਕੇ ਵੱਸਣ ਦੀ ਜਿਵੇਂ ਰੀਤ ਹੈ। ਇੱਥੋਂ ਦੇ ਨੌਜਵਾਨ ਵਿਦੇਸ਼ਾਂ `ਚ ਸਦਾ ਡਾਲਰਾਂ ਤੇ ਪੌ਼ਡਾਂ ਵਾਲੀਆਂ ਵਧੀਆ ਨੌਕਰੀਆਂ ਦੇ ਸੁਫ਼ਨੇ ਲੈਂਦੇ ਹਨ ਕਿਉਂਕਿ ਉਨ੍ਹਾਂ ਦੇ ਖੇਤ ਹੁਣ ਹਰ ਨਵੀਂ ਪੀੜ੍ਹੀ ਨਾਲ ਨਿੱਕੇ ਤੇ ਹੋਰ ਨਿੱਕੇ ਹੁੰਦੇ ਜਾ ਰਹੇ ਹਨ, ਜਿਸ ਕਰਕੇ ਉਨ੍ਹਾਂ ਦਾ ਗੁਜ਼ਾਰਾ ਹੋਣਾ ਔਖਾ ਹੁੰਦਾ ਹੈ। ਇੱਥੋਂ ਹੀ ਵਿਦੇਸ਼ ਨੂੰ ਜਾਣ ਦਾ ਚਾਅ ਪੂਰੇ ਪੰਜਾਬ `ਚ ਫੈਲਿਆ। ਦੋਆਬਾ `ਚ ਤਾਂ ਇਹ ਕਹਾਵਤ ਵੀ ਪ੍ਰਸਿੱਧ ਹੈ: ਇੱਥੇ ਤਾਂ ਜੰਮਦੇ ਬੱਚੇ ਦੇ ਹੱਥ `ਚ ਪਾਸਪੋਰਟ ਹੁੰਦੈ।


ਪੰਜਾਬੀ ਦੇ ਪ੍ਰਸਿੱਧ ਲੇਖਕ ਗੁਲਜ਼ਾਰ ਸਿੰਘ ਸੰਧੂ, ਜੋ ਖ਼ੁਦ ਇਸੇ ਇਲਾਕੇ ਦੇ ਹੀ ਹਨ, ਨੇ ਦੱਸਿਆ: ‘‘ਦੋਆਬੇ ਦਾ ਹੀ ਇੱਕ ਪਿੰਡ ਹੈ ਮੋਰਾਂਵਾਲੀ, ਜਿੱਥੋਂ ਦੇ ਵਸਨੀਕ ਵੱਡੀ ਗਿਣਤੀ `ਚ ਵਿਦੇਸ਼ਾਂ ਨੂੰ ਗਏ ਹੋਏ ਹਨ। ਇਸ ਪਿੰਡ `ਚ ਬੱਚਾ ਪੈਦਾ ਹੋਣ ਸਮੇਂ ਮਾਂ ਨੂੰ ਇਹੋ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਮੂੰਹ ਪੱਛਮ ਵਾਲੇ ਪਾਸੇ ਰੱਖੇ, ਤਾਂ ਜੋ ਉਸ ਦਾ ਬੱਚਾ ਵੱਡਾ ਹੋ ਕੇ ਵਿਦੇਸ਼ ਜਾਵੇ।``

ਤੱਲ੍ਹਣ ਗੁਰਦੁਆਰਾ ਸਾਹਿਬ `ਚ ਖਿਡੌਣੇ ਦੱਸਦੇ ਆਪਣੀ ਕਹਾਣੀ


ਜਦੋਂ ਤੁਸੀਂ ਤੱਲ੍ਹਣ ਦੇ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਣ ਲੱਗਦੇ ਹੋ, ਤਾਂ ਤੁਹਾਨੂੰ ਉੱਥੇ ਆਇਲਟਸ ਕੋਰਸ ਅਤੇ ਸਪੋਕਨ ਇੰਗਲਿਸ਼ ਦੇ ਵੱਡੇ-ਵੱਡੇ ਬੋਰਡ ਵੀ ਵਿਖਾਈ ਦੇਣਗੇ। ਹੇਠਾਂ ਖਿਡੌਣਿਆਂ ਦੀਆਂ ਦੁਕਾਨਾਂ ਹਨ, ਜਿੱਥੋਂ ਸ਼ਰਧਾਲੂ ਖਿਡੌਣਾ ਹਵਾਈ ਜਹਾਜ਼ ਜਾਂ ਕੋਈ ਹੋਰ ਖਿਡੌਣਾ ਗੁਰੂਘਰ `ਚ ਭੇਟ ਕਰਨ ਲਈ ਖ਼ਰੀਦਦੇ ਹਨ। ਮੇਰੇ ਜਲੰਧਰ ਦੇ ਦੋਸਤ ਦੇਸ ਰਾਜ ਕਾਲੀ ਨੇ ਦੱਸਿਆ ਕਿ ਦਰਅਸਲ, ਇਹ ਰਵਾਇਤ ਦੋਆਬੇ ਦੇ ਦਲਿਤ ਸ਼ਰਧਾਲੂਆਂ ਨੇ ਸ਼ੁਰੂ ਕੀਤੀ ਸੀ, ਜੋ ਅਕਸਰ ਮਜ਼ਾਰਾਂ `ਤੇ ਜਾ ਕੇ ਵੀ ਮੱਥਾ ਟੇਕਦੇ ਹਨ। ਉੱਥੇ ਇਹੋ ਜਿਹੀਆਂ ਵਸਤਾਂ ਦੇ ਚੜ੍ਹਾਵੇ ਦਾ ਰਿਵਾਜ ਹੁੰਦਾ ਹੈ। ਜਿਵੇਂ ਜੇ ਕਿਸੇ ਪਰਿਵਾਰ `ਚ ਲੜਕਾ ਪੈਦਾ ਹੁੰਦਾ ਹੈ, ਤਾਂ ਧਾਰਮਿਕ ਸਥਾਨ `ਤੇ ਜਾ ਕੇ ਪਲਾਸਟਿਕ ਦੇ ਨਿੱਕੇ ਗਮਲਿਆਂ `ਚ ਲੱਗੇ ਫੁੱਲ ਚੜ੍ਹਾਉਣ ਦਾ ਰਿਵਾਜ ਹੈ; ਜੋ ਇਸ ਅਰਦਾਸ ਤੇ ਆਸ ਦਾ ਸੂਚਕ ਹੁੰਦਾ ਹੈ ਕਿ ਪਰਿਵਾਰ ਇੰਝ ਹੀ ਖਿੜਿਆ ਰਹੇ।


ਤੱਲ੍ਹਣ ਵਿਖੇ ਬਣਿਆ ਗੁਰਦੁਆਰਾ ਸਾਹਿਬ ਸ਼ਹੀਦ ਨਿਹਾਲ ਸਿੰਘ ਨੂੰ ਸਮਰਪਿਤ ਹੈ, ਜੋ ਇੱਕ ਤਰਖਾਣ ਸਨ, ਜੋ ਖੂਹਾਂ ਲਈ ਚਰਖੀਆਂ (ਪੁਲ਼ੀਆਂ) ਬਣਾਵੁਂਦੇ ਸਨ ਤੇ ਇੱਕ ਦਿਨ ਉਹ ਇੱਕ ਚਰਖੀ ਫਿ਼ੱਟ ਕਰਦੇ ਸਮੇਂ ਖੂਹ `ਚ ਡਿੱਗ ਕੇ ਸ਼ਹੀਦ ਹੋ ਗਏ ਸਨ। ਇਸ ਗੁਰੂਘਰ `ਚ ਵੱਡੀ ਗਿਣਤੀ `ਚ ਖਿਡੌਣੇ ਮੌਜੂਦ ਹਨ।


ਇਸ ਗੁਰਦੁਆਰਾ ਸਾਹਿਬ `ਚ ਲੋਕ ਗੁੱਡਾ ਵੀ ਖ਼ਾਸ ਤੌਰ `ਤੇ ਚੜ੍ਹਾਉਣ ਲਈ ਆਉਂਦੇ ਹਨ। ਅਸਲ `ਚ, ਅਜਿਹਾ ਕਰਦੇ ਸਮੇਂ ਉਹ ਇਹੋ ਅਰਦਾਸ ਕਰਦੇ ਹਨ ਕਿ ਉਨ੍ਹਾਂ ਘਰ ਔਲਾਦ ਲੜਕਾ ਹੀ ਹੋਵੇ। ਇੰਝ ਹੀ ਚੰਗੀ ਸਿਹਤ ਲਈ ਖਿਡੌਣੇ ਘੋੜੇ ਚੜ੍ਹਾਏ ਜਾਂਦੇ ਹਨ। ਇੱਥੇ ਚੜ੍ਹਨ ਵਾਲੇ ਖਿਡੌਣੇ ਹਵਾਈ ਜਹਾਜ਼ ਵੀ ਵੱਖੋ-ਵੱਖਰੇ ਆਕਾਰਾਂ ਤੇ ਰੰਗਾਂ ਦੇ ਹੁੰਦੇ ਹਨ। ਇੱਥੇ ਜਿ਼ਆਦਾ ਗਿਣਤੀ ਹਵਾਈ ਜਹਾਜ਼ਾਂ ਦੀ ਹੀ ਹੈ ਕਿਉਂਕਿ ਬਹੁਤੇ ਲੋਕ ਪੱਛਮੀ ਦੇਸ਼ਾਂ `ਚ ਜਾਣ ਦੀ ਅਰਦਾਸ ਲੈ ਕੇ ਹੀ ਇੱਥੇ ਆਉਂਦੇ ਹਨ।

ਤੱਲ੍ਹਣ ਗੁਰਦੁਆਰਾ ਸਾਹਿਬ `ਚ ਖਿਡੌਣੇ ਦੱਸਦੇ ਆਪਣੀ ਕਹਾਣੀ


ਤੱਲ੍ਹਣ ਦੇ ਗੁਰਦੁਆਰਾ ਸਾਹਿਬ ਦੀ ਇਮਾਰਤ ਕਾਫ਼ੀ ਵੱਡੀ ਹੈ ਪਰ ਸਾਲ 2003 `ਚ ਇੱਥੇ ਜਾਤੀ-ਆਧਾਰਤ ਦੰਗੇ ਵੀ ਹੋਏ ਸਨ ਕਿਉਂਕਿ ਦਲਿਤ ਬਹੁ-ਗਿਣਤੀ ਨੂੰ ਇਸ ਗੁਰੂਘਰ ਦੀ ਪ੍ਰਬੰਧਕੀ ਕਮੇਟੀ `ਚੋਂ ਬਾਹਰ ਰੱਖਿਆ ਗਿਆ ਸੀ। ਪਰ ਬਾਅਦ `ਚ ਸਮਝੌਤੇ ਪਿੱਛੋਂ ਉਨ੍ਹਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇ ਦਿੱਤੀ ਗਈ ਸੀ।


ਗੁਰੂਘਰ ਦੇ ਅੰਦਰ ਅਕਸਰ ਇੱਕ ਸੇਵਾਦਾਰ, ਸ਼ਰਧਾਲੂਆਂ ਵੱਲੋਂ ਭੇਟ ਕੀਤੇ ਖਿਡੌਣੇ ਇਕੱਠੇ ਕਰਦਾ ਵਿਖਾਈ ਦੇਵੇਗਾ। ਉਹ ਗੁਰੂਘਰ `ਚ ਆਪਣੇ ਵੱਡਿਆਂ ਨਾਲ ਆਉਣ ਵਾਲੇ ਬੱਚਿਆਂ ਨੂੰ ਉਹ ਖਿਡੌਣੇ ਦੇ ਦਿੰਦਾ ਹੈ। ਕਦੇ-ਕਦੇ ਤਾਂ ਇੱਕੋ ਦਿਨ `ਚ 2,000 ਖਿਡੌਣਾ ਹਵਾਈ ਜਹਾਜ਼ ਇੱਥੇ ਭੇਟ ਕੀਤੇ ਜਾਂਦੇ ਹਨ। ਇਹ ਖਿਡੌਣੇ ਗੁਰਦੁਆਰਾ ਸਾਹਿਬ `ਚ ਕਿਤੇ ਸੰਭਾਲੇ ਨਹੀਂ ਜਾਂਦੇ, ਸਗੋਂ ਇੱਥੇ ਆਉਣ ਵਾਲੇ ਸ਼ਰਧਾਲੂਆਂ ਨੂੰ ਹੀ ਕੜਾਹ-ਪ੍ਰਸਾਦ ਨਾਲ ਦੇ ਦਿੱਤੇ ਜਾਂਦੇ ਹਨ।


ਗੁਰੂਘਰ ਤੋਂ ਬਾਹਰ ਆ ਰਹੇ ਦੋ ਸਕੂਲੀ ਬੱਚਿਆਂ ਵਿਪਿਨ ਸਹਿਗਲ ਤੇ ਅਮਨਪ੍ਰੀਤ ਸਿੰਘ ਨੂੰ ਖਿਡੌਣੇ ਹਵਾਈ ਜਹਾਜ਼ਾਂ ਨਾਲ ਖੇਡਦਿਆਂ ਤੱਕ ਕੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਆਪਣੀ ਸਕੂਲੀ ਪੜ੍ਹਾਈ ਤੋਂ ਬਾਅਦ ਕੀ ਕਰਨਗੇ; ਤਾਂ ਉਨ੍ਹਾਂ 13 ਸਾਲਾਂ ਦੇ ਦੋਵੇਂ ਲੜਕਿਆਂ ਦਾ ਇੱਕੋ ਬੜਾ ਸਪੱਸ਼ਟ ਜਿਹਾ ਜਵਾਬ ਸੀ ਕਿ ਉਹ ਸਿੱਧੇ ਅਮਰੀਕਾ ਜਾਣਗੇ। ਉਨ੍ਹਾਂ ਦੀਆਂ ਅੱਖਾਂ `ਚੋਂ ਉਨ੍ਹਾਂ ਦੇ ਸੁਫ਼ਨਿਆਂ ਦੇ ਉਹ ਤਾਰੇ ਵੀ ਸਹਿਜੇ ਹੀ ਵੇਖੇ ਜਾ ਸਕਦੇ ਸਨ, ਜੋ ਸਾਨੂੰ ਅਕਸਰ ਅਮਰੀਕੀ ਝੰਡੇ `ਚ ਵਿਖਾਈ ਦਿੰਦੇ ਹਨ।


ਗੁਰੂਘਰ ਤੋਂ ਪਰਤਦੇ ਸਮੇਂ ਸ਼ਰਧਾਲੂ ਵੱਲੋਂ ਭੇਟ ਕੀਤੇ ਗਏ ਕੁਝ ਖਿਡੌਣੇ ਘਰ ਵੀ ਵਿਖਾਈ ਦਿੱਤੇ, ਜਿਨ੍ਹਾਂ `ਤੇ ਜਿੰਦਰੇ ਲੱਗੇ ਹੋਏ ਸਨ। ਦਰਅਸਲ, ਐੱਨਆਰਆਈ ਦਾ ਪੰਜਾਬ `ਚ ਵੀ ਆਪਣਾ ਇੱਕ ਘਰ ਤਾਂ ਜ਼ਰੂਰ ਹੁੰਦਾ ਹੈ ਪਰ ਉਸ `ਤੇ ਜਿ਼ਆਦਾਤਰ ਜਿੰਦਰਾ ਲੱਗਾ ਹੀ ਵਿਖਾਈ ਦਿੰਦਾ ਹੈ। ਉਨ੍ਹਾਂ `ਚ ਕੋਈ ਨਹੀਂ ਰਹਿੰਦਾ।


ਸੱਚਮੁਚ, ਖਿਡੌਣੇ ਵੀ ਆਪਣੀ ਕਹਾਣੀ ਬਿਆਨ ਕਰਦੇ ਹਨ।    

ਤੱਲ੍ਹਣ ਗੁਰਦੁਆਰਾ ਸਾਹਿਬ `ਚ ਖਿਡੌਣੇ ਦੱਸਦੇ ਆਪਣੀ ਕਹਾਣੀ
  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Toys tell tale in Talhan Gurdwara Sahib