ਮਿੰਨੀ ਕਹਾਣੀ ਦੇ ਵੱਡੇ ਸਿਰਜਕ–20
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਸਵਰਗੀ ਦਰਸ਼ਨ ਮਿਤਵਾ ਇਕ ਸਤਿਕਾਰਤ ਨਾਂ ਹੈ। ਦਰਸ਼ਨ ਮਿਤਵਾ ਮਿੰਨੀ ਕਹਾਣੀ ਦੇ ਮੁਢਲੇ ਰਾਹਾਂ ਦਾ ਪਾਂਧੀ ਸੀ, ਜਿਸਦਾ 1980 ਵਿਚ ਮਿੰਨੀ ਕਹਾਣੀ ਸੰਗ੍ਰਹਿ ‘ਸੰਵਿਧਾਨ ਰੋਂਦਾ ਹੈ’ ਪ੍ਰਕਾਸ਼ਿਤ ਹੋਇਆ। ਇਹ ਸੰਗ੍ਰਹਿ ਮਿੰਨੀ ਕਹਾਣੀ ਦੇ ਉਸ ਦੌਰ ਵਿਚ ਪ੍ਰਕਾਸ਼ਿਤ ਹੋਇਆ ਸੀ, ਜਦੋਂ ਬਹੁਤੇ ਲੋਕ ਇਸ ਵਿਧਾ ਬਾਰੇ ਗੱਲ ਕਰਨ ਨੂੰ ਵੀ ਤਿਆਰ ਨਹੀਂ ਸਨ। ਜਦੋਂ ਇਸ ਸੰਗ੍ਰਹਿ ਦੀਆਂ ਮਿੰਨੀ ਕਹਾਣੀਆਂ ਨੂੰ ਵਾਚਦੇ ਹਾਂ ਤਾਂ ਮਿਤਵਾ ਹੁਰਾਂ ਦੀ ਲੇਖਣ ਕਲਾ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਦਰਸ਼ਨ ਮਿਤਵਾ ਨੇ ਮਿੰਨੀ ਕਹਾਣੀ ਤੋਂ ਇਲਾਵਾ ਕਹਾਣੀ, ਨਾਟਕ ਅਤੇ ਨਾਵਲਾਂ ਦੀਆਂ ਕਈ ਮਿਆਰੀ ਤੇ ਜ਼ਿਕਰਯੋਗ ਕਿਤਾਬਾਂ ਪੰਜਾਬੀ ਪਾਠਕਾਂ ਦੇ ਸਨਮੁੱਖ ਪੇਸ਼ ਕੀਤੀਆਂ। ਇਨਾਂ ਦੇ ਕਹਾਣੀ ਸੰਗ੍ਰਹਿ ‘ਕੁੜੀਆਂ ਚਿੜੀਆਂ’ ਨੂੰ ਭਾਸ਼ਾ ਵਿਭਾਗ ਵੱਲੋਂ ਇਨਾਮ ਵੀ ਮਿਲਿਆ। ਇਹ ਲੰਬਾ ਸਮਾਂ ਪੱਤਰਕਾਰਤਾ ਨਾਲ ਜੁੜੇ ਰਹੇ। ਇਸ ਕਰਕੇ ਇਨਾਂ ਨੂੰ ਚਲੰਤ ਰਾਜਸੀ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਬਾਰੇ ਡੂੰਘੀ ਸਮਝ ਸੀ।
ਲਗਭਗ ਚਾਰ ਦਹਾਕੇ ਪਹਿਲਾਂ ਲਿਖੀਆਂ ਮਿੰਨੀ ਕਹਾਣੀਆਂ ਨੂੰ ਅਜੋਕੇ ਸੰਦਰਭਾਂ ਦੇ ਵਿਚ ਪਰਖਣ ਤੇ ਪਤਾ ਚਲਦਾ ਹੈ ਕਿ ਅਜੇ ਵੀ ਦੇਸ਼ ਅਤੇ ਆਮ ਬੰਦੇ ਦੀ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ ਹੈ। ਕਈ ਮਿੰਨੀ ਕਹਾਣੀਆਂ ਤਾਂ ਅਜੋਕੇ ਰਾਜਨੀਤਿਕ ਹਲਾਤਾਂ ਦਾ ਦਿ੍ਰਸ਼ ਪੇਸ਼ ਕਰਦੀਆਂ ਹਨ।
ਦਰਸ਼ਨ ਮਿਤਵਾ ਦਾ ਜਨਮ 5 ਅਪ੍ਰੈਲ 1953 ਨੂੰ ਹੋਇਆ ਤੇ ਇਹ 13 ਮਈ 2008 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ, ਪ੍ਰੰਤੂ ਇਹ ਆਪਣੇ ਸਮੁੱਚੇ ਲੇਖਣ ਸਦਕਾ ਹਮੇਸ਼ਾ ਪਾਠਕਾਂ ਦੇ ਵਿਚ ਚੇਤਿਆਂ ਵਿਚ ਰਹਿਣਗੇ।
ਆਓ ਪੜ੍ਹਦੇ ਹਾਂ ਉਨ੍ਹਾਂ ਦੀਆਂ ਕੁਝ ਮਿੰਨੀ ਕਹਾਣੀਆਂ:
ਸਾਂਝੀਦਾਰ
ਉਸ ਦਸ-ਗਿਆਰਾਂ ਸਾਲਾਂ ਦੇ ਮੁੰਡੇ ਦਾ ਆਪਣੇ ਸਾਈਕਲ ਉੱਤੇ ਕਾਬੂ ਨਾ ਰਿਹਾ ਅਤੇ ਉਹ ਸਾਈਕਲ ਸਣੇ ਸੜਕ ਦੇ ਵਿਚਕਾਰ ਧੜੰਮ ਦੇ ਕੇ ਜਾ ਡਿੱਗਿਆ। ਸਾਈਕਲ ਦੇ ਪਿੱਛੇ ਖੁਰਜੀ ਵਿਚ ਲੱਦੀਆਂ ਖਾਲੀ ਬੋਤਲਾਂ ਵੀ ਸੜਕ ਉੱਤੇ ਖਿੱਲਰ ਗਈਆਂ। ਉਹਨਾਂ ਵਿਚੋਂ ਕੁੱਝ ਫੁੱਟ ਕੇ ਕੀਚਰ-ਕੀਚਰ ਹੋ ਗਈਆਂ।
ਦੇਖਣ ਵਾਲੇ ਖਿੜਖਿੜਾ ਕੇ ਹੱਸ ਪਏ।
“ਸਾਲੇ ਤੋਂ ਆਪਦਾ ਆਪ ਸੰਭਦਾ ਨੀਂ .. ਥੱਲੇ ਸੈਂਕਲ ਪਹਿਲਾਂ ਦੇ ਲਿਆ।” ਪਹਿਲਾ ਬੋਲਿਆ।
“ਇਹੋ ਜੇ ਮਾਂ-ਪਿਓ ਐ, ਜੇਹੜੇ ਆਈਂ ਜੁਆਕਾਂ ਨੂੰ ਜਾਣਬੁੱਝ ਕੇ ਮਰਨ ਵਾਸਤੇ ਤੋਰ ਦਿੰਦੇ ਐ, ਬਈ ਇਹਦੀ ਕੋਈ ਉਮਰ ਐ ਹਾਲੇ ਸੈਂਕਲ ਤੇ ਏਨਾ ਭਾਰ ਖਿੱਚਣ ਦੀ।” ਦੂਸਰੇ ਨੇ ਕਿਹਾ।
ਪਰ ਤੀਸਰੇ ਵਿਅਕਤੀ ਨੇ ਭੱਜ ਕੇ ਕਾਹਲੀ ਨਾਲ ਉਸ ਨੂੰ ਖੜਾ ਕੀਤਾ, “ਸੱਟ ਤਾਂ ਨੀ ਵੱਜੀ, ਸ਼ੇਰਾ!” ਉਸ ਨੂੰ ਆਪਣਾ ਮੁੰਡਾ ਮੱਖਣ ਯਾਦ ਆਇਆ ਤਾਂ ਉਸ ਨੇ ਸੜਕ ਤੇ ਖਿੱਲਰੀਆਂ ਖਾਲੀ ਬੋਤਲਾਂ ਚੁੱਕ-ਚੁੱਕ ਕੇ ਉਸ ਮੁੰਡੇ ਦੀ ਖੁਰਜੀ ਵਿਚ ਪਾਉਣੀਆਂ ਸ਼ੁਰੂ ਕਰ ਦਿੱਤੀਆਂ, “ਸੈਂਕਲ ਧਿਆਨ ਨਾਲ ਚਲਾਇਆ ਕਰ ਪੁੱਤ!”
ਉਸਨੇ ਉਸ ਦੇ ਸਿਰ ਉੱਤੇ ਹੱਥ ਫੇਰਦਿਆਂ ਕਿਹਾ।
“ਖਾਲੀ ਬੋਤਲਾਂ, ਪੀਪੀਆਂ-ਪੀਪੇ, ਰੱਦੀ ਵੇਚ ਲੈ।”
ਥੋੜੀ ਦੂਰ ਜਾ ਕੇ ਉਸ ਮੁੰਡੇ ਨੇ ਭਰਵਾਂ ਜਿਹਾ ਹੋਕਰਾ ਮਾਰਿਆ ਤਾਂ ਉਸ ਤੀਸਰੇ ਵਿਅਕਤੀ ਦਾ ਮਨ ਤਸੱਲੀ ਨਾਲ ਭਰ ਗਿਆ ਜਿਵੇਂ ਸਾਈਕਲ ਉੱਤੇ ਪਿੰਡਾਂ ਵਿਚ ਜਾ ਕੇ ਸਬਜੀ ਵੇਚ ਰਿਹਾ ਉਸਦਾ ਆਪਣਾ ਮੁੰਡਾ ਮੱਖਣ ਹੋਕਾ ਲਾ ਰਿਹਾ ਹੋਵੇ, “ਆਲੂ, ਗੋਭੀ, ਬੈਂਗਣ ਏ।”
============
ਤੀਵੀਂ ਤੇ ਮੋਮਬੱਤੀ
“ਤਾਂ ਚੰਗਾ ਐਧਰ ਆ।” ਉਹ ਉਸ ਤੀਵੀਂ ਨੂੰ ਘਰ ਦੇ ਅੰਦਰਲੇ ਕਮਰੇ ਵਿਚ ਲੈ ਗਿਆ।
“ਦੇਖ ਐਥੇ ਕਿੰਨਾ ਨੇਰੈ .... ਤੇ ਜਦੋਂ ਮੈਨੂੰ ਚਾਨਣ ਦੀ ਲੋੜ ਹੋਵੇ.....।” ਉਸ ਨੇ ਜੇਬ ਵਿਚੋਂ ਦੀਆਸਲਾਈ ਕੱਢੀ ਤੇ ਸਾਹਮਣੀ ਕਾਰਨਸ ਤੇ ਲੱਗੀ ਮੋਮਬੱਤੀ ਜਗਾ ਦਿੱਤੀ।
ਕਮਰੇ ਵਿਚ ਚਾਨਣ ਖਿੱਲਰ ਗਿਆ।
“ਦੇਖ ਜਿੰਨਾ ਚਿਰ ਮੈਨੂੰ ਚਾਨਣ ਚਾਹੀਦੈ.... ਇਹ ਜਗਦੀ ਰਹੇਗੀ.....।”
ਉਹ ਤੀਵੀਂ ਉਸ ਵੱਲ ਦੇਖਦੀ ਰਹੀ।
“ਜਦੋਂ ਮੈਨੂੰ ਇਸ ਦੀ ਲੋੜ ਨਾ ਰਹੀ ਤਾਂ .....।” ਕਹਿੰਦੇ ਹੀ ਉਸ ਨੇ ਮੋਮਬੱਤੀ ਉੱਤੇ ਫੂਕ ਮਾਰ ਦਿੱਤੀ।
ਕਮਰੇ ਵਿਚ ਹਨੇਰਾ ਪੱਸਰ ਗਿਆ।
ਉਸ ਤੀਵੀਂ ਨੇ ਉਸ ਦੇ ਹੱਥੋਂ ਦੀਆਸਲਾਈ ਦੀ ਡਬੀ ਫੜੀ ਤੇ ਸਾਹਮਣੀ ਕਾਰਨਸ ਤੇ ਲੱਗੀ ਮੋਮਬੱਤੀ ਫੇਰ ਜਗਾ ਦਿੱਤੀ।
ਬੰਦਾ ਉਸ ਵੱਲ ਤੱਕ ਰਿਹਾ ਸੀ।
“ਪਰ ਤੀਵੀਂ ਕਦੇ ਮੋਮਬੱਤੀ ਨਹੀਂ ਹੁੰਦੀ।” ਉਸ ਤੀਵੀਂ ਦੇ ਬੁੱਲ ਫੜਕੇ, “ਜਿਸ ਨੂੰ ਜਦੋਂ ਜੀ ਚਾਹੇ ਜਗਾ ਲਵੋ ਤੇ ਜਦੋਂ ਜੀ ਚਾਹੇ ਬੁਝਾ ਦੇਵੋ....”
ਦੋਵਾਂ ਦੀਆਂ ਨਜ਼ਰਾਂ ਮਿਲੀਆਂ!
“.... ਸਮਝਿਆ! ਤੇ ਮੈਂ ਇਕ ਤੀਵੀਂ ਆਂ, ਮੋਮਬੱਤੀ ਨਹੀਂ।”
ਹੁਣ ਬੰਦਾ ਚੁੱਪ ਸੀ।
ਤੀਵੀਂ ਦੇ ਚਿਹਰੇ ਉੱਤੇ ਕੋਈ ਅਨੋਖਾ ਜਲਾਲ ਸੀ।
ਤੇ ਹੁਣ ਮੋਮਬੱਤੀ ਜਗ ਰਹੀ ਸੀ।
============
ਸੰਵਿਧਾਨ ਰੋਂਦਾ ਹੈ
“ਕਿਉਂ ਓਇ ਤੁਸੀਂ ਹੜਤਾਲ ਕਿਉਂ ਕੀਤੀ ਐ?”
ਥਾਨੇਦਾਰ ਨੇ ਇਕ ਵਿਦਿਆਰਥੀ ਨੂੰ ਗਲਮੇ ਤੋਂ ਫੜ ਲਿਆ।
“ਜੀ...ਜੀ ਆਪਣੇ ਹੱਕਾਂ ਖਾਤਰ ਲੜਨਾ ਤਾਂ ਸਾਡੇ ਸੰਵਿਧਾਨ ਵਿਚ ਸਾਨੂੰ ਜਨਮ-ਸਿੱਧ ਅਧਿਕਾਰ ਐ।” ਉਹ ਵਿਦਿਆਰਥੀ ਬੋਲਿਆ।
‘‘ਅਸੀਂ ਸੰਵਿਧਾਨ ਸਵਧੂੰਨ ਨੀ ਜਾਣਦੇ ..... ਅਸੀਂ ਤਾਂ ਫੜ ਕੇ ਮੁੱਧੇ ਈ ਪਾ ਲੈਨੇਂ ਆਂ। .... ਸਮਝਿਆ?’’ ਇੱਕ ਸਿਪਾਹੀ ਨੇ ਖਾਕੀ ਵਰਦੀ ਦਾ ਰੋਅਬ ਪਾਇਆ।
‘‘ਫੇਰ ਸੰਵਿਧਾਨ ਬਣਾਇਆ ਈ ਕਾਨੂੰ ਐ.....? ’’ ਵਿਦਿਆਰਥੀ ਬਿਨਾਂ ਝਿਜਕ ਬੋਲਿਆ।
‘‘ਉਲਟਾ ਤੂੰ ਸਾਨੂੰ ਪੜਾਉਣੈਂ... ਇਕ ਤਾਂ ਹੜਤਾਲਾਂ ਕਰਦੇ ਓ .... ਤੇ ...।’’ ਥਾਨੇਦਾਰ ਨੇ ਉਸ ਦੇ ਮੂੰਹ ਉੱੱਤੇ ਥੱਪੜ ਮਾਰ ਦਿੱਤਾ।
ਖਾਕੀ ਵਰਦੀ ਨੇ ਉਸ ਨੂੰ ਗਲਮੇ ਤੋਂ ਫੜ ਜਮੀਨ ਉੱਤੇ ਸੁੱਟ ਲਿਆ।
ਸਾਡਾ ਸੰਵਿਧਾਨ ਲੀਰੋ-ਲੀਰ ਹੋ ਗਿਆ ਸੀ।
‘‘ਹਾਏ .... ਹਾਏ .. ਬਚਾਓ, ਮਰ ਗਿਆ ....।’’ ਉਹ ਵਿਦਿਆਰਥੀ ਨਹੀਂ ਜਿਵੇਂ ਸਾਡਾ ਸੰਵਿਧਾਨ ਰੋ ਰਿਹਾ ਸੀ।
===========
ਮਾਇਆ ਜਾਲ
ਉਹ ਸੁਤੇ-ਸੁਭਾਅ ਤੁਰਿਆ ਜਾ ਰਿਹਾ ਸੀ।
ਸਾਹਮਣੇ ਸੜਕ ਉੱਤੇ ਡਿੱਗੇ ਪੈਸੇ ਉਸ ਦੀ ਨਜ਼ਰੀਂ ਚੜੇ ਤਾਂ ਚੁੰਹਾਂ ਪਾਸਿਆਂ ਤੋਂ ਚੌਕਸ ਹੋ ਕੇ ਚੁੱਕ ਉਸ ਨੇ ਆਪਣੀ ਮੁੱਠੀ ਵਿਚ ਭੀਚ ਲਏ। ਚਾਲ ਕੁਝ ਤੇਜ਼ ਕਰ ਲਈ!
ਥੋੜੀ ਦੂਰ ਜਾ ਕੇ ਉਸ ਨੇ ਮੁੱਠੀ ਖੋਲ ਕੇ ਦੇਖੀ ਤਾਂ ਦੋ ਰੁਪਈਏ ਸਨ। ਇਕ ਇਕ ਦੇ ਦੋ ਨੋਟ।
ਪਲ ਕੁ ਲਈ ਉਹ ਖੁਸ਼ ਹੋਇਆ ਤੇ ਰੁਪਈਏ ਪੈਂਟ ਦੀ ਜੇਬ ਵਿਚ ਪਾ ਕੇ ਅੱਗੇ ਤੁਰ ਪਿਆ। ਫੇਰ ਉਸ ਦੇ ਜਿਵੇਂ ਕੁਝ ਯਾਦ ਆ ਗਿਆ ਉਹ ਅੱਗੇ ਤੁਰ ਪਿਆ। ਉਹ ਅੱਗੇ ਨਾਲੋਂ ਹੋਲੀ ਹੋ ਗਿਆ.....
‘ਜੇ ਕਿਤੇ ਇਹ ਦੋਵੇਂ ਦਸ ਦਸ ਦੇ ਨੋਟ ਹੁੰਦੇ ...... ਗੱਲ ਨਾ ਬਣ ਜਾਂਦੀ।’ ਇਹ ਸੋਚਦੇ ਉਹ ਉਦਾਸ ਜਿਹਾ ਹੋ ਗਿਆ, ‘ਘੱਟੋ ਘੱਟ ਕੁੜਤਾ ਪਜਾਮਾ ਈ .... ਪਰ ਜੇ ਕਿਤੇ ਸੌ ਸੌ ਦੇ ਹੁੰਦੈ, ਪੌ ਬਾਰਾਂ ਹੋ ਜਾਂਦੀਆਂ .... ਵਾਹ ਓਇ ਰੱਬਾ ਜਦੋਂ ਦੇਣ ਈ ਲੱਗਿਆ ਸੀ, ਬਸ ਦੇ ਈ! .... ਕਿਸੇ ਅਰਥ ਤਾਂ ਲਗਦੇ! ਹਜ਼ਾਰ ਪੰਜ ਸੌ ਹੁੰਦੇ ਕੋਈ ਕੰਮ ਕਾਰ ਈ ਤੋਰ ਲੈਂਦੇ! ..... ਦਿੰਨਾਂ ਤਾਂ ਹੈ ਪਰ ਹੱਥ ਜਾ ਘੁੱਟ ਲੈਂਨੈਂ। ਕਦੇ ਕੱਠਾ ਈ ਗੱਫਾ ਦੇ ਦੋ, ਵੀਹ ਪੰਜਾਹ ਹਜ਼ਾਰ ਦਾ, ਅਸੀਂ ਵੀ ਜਿਉਂਦਿਆਂ ’ਚ ਹੋਜੀਏ.....।’ ਸੋਚਦੇ ਸੋਚਦੇ ਉਸ ਨੇ ਫੇਰ ਆਪਣਾ ਹੱਥ ਪੈਂਟ ਦੀ ਜੇਬ ਵਿਚ ਇੰਝ ਮਾਰਿਆਂ ਜਿਵੇਂ ਰੁਪਈਏ ਸਚਮੁੱਚ ਹੀ ਦੇ ਤੋਂ ਵੱਧ ਗਏ ਹੋਣ, ਪਰ ਉਸ ਦਾ ਕਲੇਜਾ ਧੱਕ ਕਰਕੇ ਰਹਿ ਗਿਆ।
ਉਸ ਦਾ ਹੱਥ ਜੇਬ ਦੇ ਆਰ ਪਾਰ ਸੀ। ਦੋ ਰੁਪਏ ਵੀ ਪਾਟੀ ਜੇਬ ਵਿਚੋਂ ਕਿੱਧਰੇ ਡਿੱਗ ਪਏ ਸਨ।
‘ਬੱਸ !’ ਉਹ ਰੋਣ ਹਾਕਾ ਹੋ ਗਿਆ, “ਉਹ ਵੀ ਗਏ ਸਾਲੇ। ਛੇਕੜ ਦੀ ਨੂੰ ਆਥਣ ਦੀ ਰੋਟੀ ਦਾ ਡੰਗ ਤਾਂ ਟੱਪ ਈ ਜਾਂਦਾ ......।’’
ਉਹ ਪਾਟੀ ਜੇਬ ਵਿਚ ਹੱਥ ਮਾਰਦਾ ਉਥੇ ਹੀ ਖੜੋ ਗਿਆ ਤੇ ਆਸੇ-ਪਾਸੇ ਇੰਝ ਨਜ਼ਰ ਮਾਰਨ ਲੱਗਾ ਜਿਵੇਂ ਉਹ ਆਪਣਾ ਕੁਝ ਗੁਆਚਾ ਲੱਭ ਰਿਹਾ ਹੋਵੇ।
==========
ਨੌ ਸਾਲ ਪਿੱਛੋਂ
ਨੌ ਸਾਲਾਂ ਦੀ ਥਾਂ-ਮੁਸ਼ੱਕਤ ਪਿੱਛੋਂ ਅੱਜ ਉਸ ਨੂੰ ਛੱਡਿਆ ਜਾਣਾ ਸੀ।
ਉਹ ਲੋਕਾਂ ਲਈ ਲਿਖਦਾ ਸੀ, ਬਸ ਇਹੀ ਉਸ ਦਾ ਗੁਨਾਹ ਸੀ।
ਸੈਂਟਰਲ ਜੇਲ ਦੇ ਅੱਗੇ ਕੁਝ ਸਸਾਹਿਤਕਾਰਾਂ ਪੱਤਰਕਾਰਾਂ ਤੇ ਸੁਨੇਹੀਆਂ ਦੀ ਭੀੜ ਵਿਚ ਮੈਂ ਵੀ ਸ਼ਾਮਲ ਸਾਂ। ਇੰਨੇ ਲੰਬੇ ਅਰਸੇ ਮਗਰੋਂ ਉਸ ਨੂੰ ਮਿਲਣ ਦੀ ਮੇਰੀ ਤਾਂਘ ਪ੍ਰਬਲ ਹੋ ਚੁੱਕੀ ਸੀ।
ਸਜ਼ਾ ਸੁਣ ਲੈਣ ਪਿੱਛੋਂ ਉਸ ਦੇ ਸ਼ਬਦ ਸਨ –
‘ਜਿਸ ਦੇਸ਼ ਵਿਚ ਸੱਚ ਬੋਲਣ ਉੱਤੇ ਪਾਬੰਦੀ ਹੋਵੇ, ਜਿੱਥੇ ਝੂਠ ਦਾ ਬੋਲ ਬਾਲਾ ਹੋਵੇ ਉਥੇ ਲੋਕ-ਲਾਭਾਂ ਦੀ ਗੱਲ ਥੋਥੀ ਹੈ। ਉੱਥੇ ਸੱਚ ਬੋਲਣ ਵਾਲੇ ਨੂੰ ‘ਪਦਮ ਸ਼੍ਰੀ’ ਨਹੀਂ ਸਗੋਂ ਦੇਸ਼ ਧਰੋਹੀ ਗਰਦਾਨਿਆਂ ਜਾਂਦਾ ਹੈ। ਲੋਕ-ਏਕਤਾ ਅਤੇ ਲੋਕ-ਸੰਗ੍ਰਾਮ ਹੀ ਅਜਿਹੀ ਦਸ਼ਾ ਦਾ ਸਹੀ ਹੱਲ ਹੈ.....।’
ਉਸ ਦੇ ਇਨਾਂ ਸ਼ਬਦਾਂ ਵਿਚ ਕੋਈ ਰੋਹ ਸੀ। ਕੋਈ ਵੰਗਾਰ ਸੀ ਜਾਂ ਕੋਈ ਅੱਗ ਸੀ ਜੋ ਬੁਝਣ ਦੀ ਥਾਂ ਵਧ ਰਹੀ ਸੀ ਜਿਸ ਵਿਚ ਅਦਾਲਤ ਤੇ ਫਾਈਲਾਂ ਸੜ ਰਹੀਆਂ ਜਾਪਦੀਆਂ ਸਨ।
ਇਨਾਂ ਗੱਲਾਂ ਨੂੰ ਨੌ ਸਾਲ ਬੀਤ ਗਏ ਸਨ।
ਉਸ ਦੀ ਰਿਹਾਈ ਦਾ ਸਮਾਂ ਹੋ ਗਿਆ ਸੀ।
ਲੋਕਾਂ ਦੀਆਂ ਅੱਖਾਂ ਆਪਣੇ ਆਪਣੇ ਮਹਿਬੂਬ ਸਾਹਿਤ ਸੰਗਰਾਮੀਏ ਦੇ ਦਰਸ਼ਨਾਂ ਲਈ ਜੇਲ ਦੇ ਵੱਡੇ ਗੇਟ ਉੱਤੇ ਲੱਗੀਆਂ ਹੋਈਆਂ ਸਨ ।
ਜੇਲ ਦਾ ਗੇਟ ਖੁਲਿਆ, ਲੋਕਾਂ ਨੇ ਮਾੜਚੂ ਜਿਹੇ ਮਨੁੱਖ ਦੇ ਚਿਹਰੇ ਉੱਤੇ ਕੋਈ ਅਨੋਖਾ ਜਲਾਲ ਤੱਕਿਆ, ਭਰਵਾਂ ਵਿਸ਼ਵਾਸ ਦੇਖਿਆ ਪਰ ਹਾਕਮ ਜੁੰਡਲੀ ਦੀ ਰਖੇਲੀ ਪੁਲਸ ਨੇ ਉਸ ਨੂੰ ਗੇਟ ਉੱਤੇ ਹੀ ਫਿਰ ਹੱਥਕੜੀ ਲਾ ਲਈ।
-ਸ਼ਾਇਦ ਕੋਈ ਨਵਾਂ ਕੇਸ ਘੜਿਆ ਜਾ ਚੁੱਕਾ ਸੀ।
=============
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ
#46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501
ਮੋਬਾਈਲ: 95018 77033
ਈਮੇਲ: jagdishkulrian@gmail.com