ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਸਟਰ ਤਾਰਾ ਸਿੰਘ - ਉਹ ਸ਼ਖਸ ਜਿਸਨੇ ਲਾਇਆ ‘ਪਾਕਿਸਤਾਨ ਮੁਰਦਾਬਾਦ` ਦਾ ਪਹਿਲਾ ਨਾਅਰਾ

ਮਾਸਟਰ ਤਾਰਾ ਸਿੰਘ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ, ਆਜ਼ਾਦੀ ਘੁਲਾਟੀਏ, ਪੰਥ-ਰਤਨ ਮਾਸਟਰ ਤਾਰਾ ਸਿੰਘ ਹੁਰਾਂ ਦਾ ਐਤਵਾਰ, 24 ਜੂਨ ਨੂੰ ਜਨਮ ਦਿਹਾੜਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਇੱਕ ਟਵੀਟ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੱਤੀ ਹੈ।

 

 

ਮਾਸਟਰ ਤਾਰਾ ਸਿੰਘ ਦਾ ਜਨਮ ਜਿ਼ਲ੍ਹਾ ਰਾਵਲਪਿੰਡੀ ਦੀ ਤਹਿਸੀਲ ਗੁੱਜਰਖ਼ਾਨ ਦੇ ਪਿੰਡ ਹਰਿਆਲ (ਹੁਣ ਪਾਕਿਸਤਾਨ) ਵਿਖੇ 24 ਜੂਨ, 1885 ਨੂੰ ਹੋਇਆ ਸੀ। ਉਨ੍ਹਾਂ ਦਾ ਮੁਢਲਾ ਨਾਂਅ ਨਾਨਕ ਚੰਦ ਸੀ। ਉਨ੍ਹਾਂ ਦੇ ਪਿਤਾ ਬਖ਼ਸ਼ੀ ਗੋਪੀ ਚੰਦ ਪਿੰਡ ਦੇ ਪਟਵਾਰੀ ਸਨ ਅਤੇ ਸਹਿਜਧਾਰੀ ਪਰਿਵਾਰ ਨਾਲ ਸਬੰਧਤ ਸਨ।

 

ਮਾਸਟਰ ਤਾਰਾ ਸਿੰਘ ਨੇ 16 ਸਾਲਾਂ ਦੀ ਉਮਰੇ ਸੰਤ ਅਤਰ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ ਅਤੇ ਤਦ ਹੀ ਉਹ ਨਾਨਕ ਚੰਦ ਤੋਂ ਤਾਰਾ ਸਿੰਘ ਬਣੇ ਸਨ। ਉਹ ਆਪਣੇ ਪਰਿਵਾਰ ਵਿੱਚ ਸਿੱਖ ਬਣਨ ਵਾਲੇ ਪਹਿਲੇ ਵਿਅਕਤੀ ਸਨ।

 

ਉਨ੍ਹਾਂ ਦੀ ਮੁਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਵਿੱਚ ਹੀ ਹੋਈ ਤੇ ਬਾਅਦ `ਚ ਉਹ ਰਾਵਲਪਿੰਡੀ ਦੇ ਮਿਸ਼ਨ ਸਕੂਲ ਤੋਂ ਪੜ੍ਹੇ। ਗ੍ਰੈਜੂਏਸ਼ਨ ਉਨ੍ਹਾਂ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਤੋਂ ਕੀਤੀ। ਉਹ ਆਪਣੇ ਕਾਲਜ ਦੀਆਂ ਹਾਕੀ ਤੇ ਫ਼ੁੱਟਬਾਲ ਟੀਮਾਂ ਦੇ ਕਪਤਾਨ ਵੀ ਰਹੇ ਤੇ ਉਨ੍ਹਾਂ ਨੂੰ ‘ਪੱਥਰ` ਆਖਿਆ ਜਾਂਦਾ ਸੀ।

 

ਇੱਕ ਵਾਰ ਉਨ੍ਹਾਂ ਦੀ ਖੇਡ ਤੋਂ ਪ੍ਰਭਾਵਿਤ ਕੇ ਸ਼ਾਹੀ ਭਾਰਤੀ ਫ਼ੌਜ ਦੇ ਕਮਾਂਡਰ-ਇਨ-ਚੀਫ਼ ਨੇ ਉਨ੍ਹਾਂ ਨੂੰ ਫ਼ੌਜ ਵਿੱਚ ਸਿੱਧਾ ਭਰਤੀ ਹੋਣ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੂੰ ਤਾਂ ਇੱਕ ਸਿੱਖਿਆ-ਸ਼ਾਸਤਰੀ ਬਣਨ ਦਾ ਚਾਅ ਸੀ।

 

ਲਾਹੌਰ ਦੇ ਸਰਕਾਰੀ ਟ੍ਰੇਨਿੰਗ ਕਾਲਜ ਤੋਂ ਅਧਿਆਪਕ ਦੀ ਸਿਖਲਾਈ ਲੈ ਕੇ ਉਨ੍ਹਾਂ ਆਪਣਾ ਕਰੀਅਰ ਲਾਇਲਪੁਰ ਦੇ ਖ਼ਾਲਸਾ ਹਾਈ ਸਕੂਲ ਦੇ ਹੈਡਮਾਸਟਰ ਵਜੋਂ ਸ਼ੁਰੂ ਕੀਤਾ ਸੀ। ਉਦੋਂ ਉਨ੍ਹਾਂ ਦੀ ਤਨਖ਼ਾਹ 150 ਰੁਪਏ ਸੀ ਪਰ ਉਹ ਉਸ ਤਨਖ਼ਾਹ ਵਿੱਚੋਂ ਆਪਣੇ ਨਿਜੀ ਖ਼ਰਚਿਆਂ ਲਈ ਸਿਰਫ਼ 15 ਰੁਪਏ ਲੈਂਦੇ ਸਨ ਤੇ ਬਾਕੀ ਦੀ ਰਕਮ ਉਹ ਸਕੂਲ ਫ਼ੰਡ ਵਿੱਚ ਦਾਨ ਕਰ ਦਿੰਦੇ ਸਨ। ਉਨ੍ਹਾਂ ਦਿਨਾਂ ਵਿੱਚ ਇਹ ਬਹੁਤ ਵੱਡੀ ਰਕਮ ਹੁੰਦੀ ਸੀ।

 

‘ਸਿੱਖੀ-ਵਿਕੀ` ਅਨੁਸਾਰ ਖ਼ਾਲਸਾ ਪੰਥ ਨਾਲ ਉਨ੍ਹਾਂ ਨੂੰ ਬਹੁਤ ਮੋਹ ਸੀ ਤੇ ਉਸ ਲਈ ਉਹ ਆਪਣੀ ਜਾਨ ਤੱਕ ਵਾਰ ਸਕਦੇ ਸਨ। ਉਹ ਸ਼ੁਰੂ ਤੋਂ ਹੀ ਸਿੱਖ ਗੁਰਦੁਆਰਾ ਸੁਧਾਰ ਲਹਿਰ ਨਾਲ ਜੁੜੇ ਰਹੇ ਪਰ 1921 ਦੇ ਨਨਕਾਣਾ ਸਾਹਿਬ ਦੁਖਾਂਤ, ਜਿੱਥੇ 200 ਤੋਂ ਵੱਧ ਸਿੱਖ ਮਾਰੇ ਗਏ ਸਨ, ਤੋਂ ਬਾਅਦ ਉਨ੍ਹਾਂ ਅਧਿਆਪਨ ਦੇ ਕਿੱਤੇ ਨੂੰ ਸਦਾ ਲਈ ਤਿਆਗ ਦਿੱਤਾ ਸੀ। ਦਰਅਸਲ, ਉਹ ਮੁੱਖ ਤੌਰ `ਤੇ ਤਾਂ ਇੱਕ ਬੇਹੱਦ ਧਾਰਮਿਕ ਵਿਅਕਤੀ ਸਨ ਪਰ ਉਦੋਂ ਦੇ ਹਾਲਾਤ ਨੇ ਉਨ੍ਹਾਂ ਨੂੰ ਸਰਗਰਮ ਸਿਆਸਤ ਵਿੱਚ ਧੱਕ ਦਿੱਤਾ ਸੀ। ਉਨ੍ਹਾਂ ਦੀ ਸੱਚਾਈ, ਈਮਾਨਦਾਰੀ, ਦਿਆਨਤਦਾਰੀ ਤੇ ਚਰਿੱਤਰ ਦੀ ਸ਼ੁੱਧਤਾ `ਤੇ ਕਦੇ ਕੋਈ ਉਂਗਲ਼ ਨਹੀਂ ਧਰ ਸਕਿਆ।

 

ਮਾਸਟਰ ਤਾਰਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਜਨਰਲ ਸਕੱਤਰ ਸਨ ਅਤੇ ਬਾਅਦ ਵਿੱਚ ਉਹ ਕਈ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ।

 

ਮਾਸਟਰ ਤਾਰਾ ਸਿੰਘ ਨੇ 1930 ਦੇ ਨਾਮਿਲਵਰਤਣ ਅੰਦੋਲਨ ਵਿੱਚ ਬਹੁਤ ਸਰਗਰਮੀ ਨਾਲ ਭਾਗ ਲਿਆ। ਇਸ ਮੁਹਿੰਮ ਦੌਰਾਨ ਪੇਸ਼ਾਵਰ `ਚ ਪਠਾਨਾਂ `ਤੇ ਪੁਲਿਸ ਨੇ ਗੋਲ਼ੀਬਾਰੀ ਕਰ ਦਿੱਤੀ ਸੀ। ਇਸ ਘਟਨਾ ਦੇ ਵਿਰੋਧ ਵਿੱਚ ਮਾਸਟਰ ਤਾਰਾ ਸਿੰਘ ਅੰਮ੍ਰਿਤਸਰ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 101 ਸਿੱਖ ਸੱਤਿਆਗ੍ਰਹੀਆਂ ਦਾ ਜੱਥਾ ਆਪਣੇ ਨਾਲ ਲੈ ਕੇ ਪੇਸ਼ਾਵਰ ਗਏ ਸਨ। ਉੱਥੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ 1931 ਦੇ ਗਾਂਧੀ-ਇਰਵਿਨ ਸਮਝੌਤੇ ਤੋਂ ਬਾਅਦ ਛੱਡਿਆ ਗਿਆ ਸੀ।

 

ਮਾਸਟਰ ਤਾਰਾ ਸਿੰਘ ਹੋਰ ਬਹੁਤ ਸਾਰੇ ਅਕਾਲੀਆਂ ਨਾਲ 1940 ਤੱਕ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਰਹੇ ਸਨ। ਉਹ ਨਾਲ ਹੀ ਅਕਾਲੀ ਦਲ ਦੇ ਵੀ ਮੈਂਬਰ ਸਨ। ਬਾਅਦ `ਚ ਉਹ ਅਕਾਲੀ ਦਲ ਦੇ ਆਗੂ ਵਜੋਂ ਆਜ਼ਾਦੀ ਦੇ ਰਾਸ਼ਟਰੀ ਅੰਦੋਲਨਾਂ ਵਿੱਚ ਭਾਗ ਲੈਂਦੇ ਸਨ।

ਮਾਸਟਰ ਤਾਰਾ ਸਿੰਘ

 

1947 `ਚ ਮਾਸਟਰ ਤਾਰਾ ਸਿੰਘ ਅਤੇ ਅਕਾਲੀ ਦਲ ਨੇ ਨਵਾਂ ਦੇਸ਼ ਪਾਕਿਸਤਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਉਨ੍ਹਾਂ ਨੇ ਹੀ ਸਭ ਤੋਂ ਪਹਿਲਾਂ ‘ਪਾਕਿਸਤਾਨ ਮੁਰਦਾਬਾਦ` ਦਾ ਨਾਅਰਾ ਲਾਇਆ ਸੀ। ਮੁਸਲਿਮ ਲੀਗ ਨੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਰਹਿਣ ਦਾ ਲਾਲਚ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਲਈ ਇੱਕ ਵੱਖਰਾ ਖ਼ੁਦਮੁਖ਼ਤਿਆਰ ਸਿੱਖ ਸੂਬਾ ਬਣਾ ਦਿੱਤਾ ਜਾਵੇਗਾ ਪਰ ਉਹ ਅਜਿਹੇ ਕਿਸੇ ਲਾਲਚ ਵਿੱਚ ਨਹੀਂ ਆਏ।

 

ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਮਾਸਟਰ ਤਾਰਾ ਸਿੰਘ ਨੇ ਭਾਸ਼ਾ ਦੇ ਆਧਾਰ `ਤੇ ਪੰਜਾਬ ਦੀ ਮੁੜ ਹੱਦਬੰਦੀ ਕਰਨ ਦੀ ਮੰਗ ਰੱਖੀ ਸੀ। ਇਸ ਸੰਘਰਸ਼ ਦੌਰਾਨ ਉਨ੍ਹਾਂ ਨੂੰ 1949, 1953, 1955 ਅਤੇ 1960 `ਚ ਗ੍ਰਿਫ਼ਤਾਰ ਕੀਤਾ ਗਿਆ ਸੀ।

 

ਉਨ੍ਹਾਂ ਦਾ ਦੇਹਾਂਤ 22 ਨਵੰਬਰ, 1967 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ।     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Tributes to Master Tara Singh