'ਪੰਜਾਬ ਸਰਕਾਰ ਉਂਝ ਤਾਂ ਸੂਬੇ ’ਚੋਂ ਨਸ਼ਿਆਂ ਦਾ ਮੁਕੰਮਲ ਖ਼ਾਤਮਾ ਕਰਨ ਦੇ ਨਿੱਤ ਦਾਅਵੇ ਕਰਦੀ ਹੈ ਪਰ ਕਥਿਤ ਹਕੀਕਤ ਕੁਝ ਹੋਰ ਹੀ ਜਾਪਦੀ ਹੈ। ਹਾਲੇ ਸਰਕਾਰ ਨਾ ਤਾਂ ਵੱਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ’ਚ ਨਾ ਤਾਂ ਨਸ਼ਾ ਕਰਨ ਵਾਲੇ ਨੌਜਵਾਨਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਸਕੀ ਹੈ ਤੇ ਨਾ ਹੀ ਉਨ੍ਹਾਂ ਨੂੰ ਸਮਝਾ ਕੇ ਤੇ ਕਾਊਂਸਲਿੰਗ ਕਰ ਕੇ ਅਜਿਹਾ ਕਰਨ ਲਈ ਤਿਆਰ ਹੀ ਕੀਤਾ ਜਾ ਰਿਹਾ ਹੈ।' ਬੀਤੇ ਦਿਨੀਂ ਜਦੋਂ ਇੱਕ ਨੌਜਵਾਨ ਦੀ ਮੌਤ ਹੋਈ, ਤਾਂ ਇਹ ਪ੍ਰਗਟਾਵਾ ਇੱਥੋਂ ਦੇ ਕੁਝ ਲੋਕ ਕਰਦੇ ਵੇਖੇ ਗਏ।
ਕੀ ਇਹ ਉਪਰੋਕਤ ਕਥਨ ਸੱਚ ਹਨ? ਇਨ੍ਹਾਂ ਦੀ ਜਾਂਚ ਕਰਨੀ ਬਣਦੀ ਹੈ। ਜੇ ਚਿੱਟਾ ਹਾਲੇ ਵੀ ਪੰਜਾਬ ਦੇ ਨੌਜਵਾਨਾਂ ਨੂੰ ਲਗਾਤਾਰ ਖ਼ਤਮ ਕਰ ਰਿਹਾ ਹੈ, ਤਾਂ ਇਹ ਗੰਭੀਰ ਮਸਲਾ ਹੈ।
ਖਨੌਰੀ ਕਸਬੇ ’ਚ ਪਿਛਲੇ ਇੱਕ–ਡੇਢ ਸਾਲ ਦੌਰਾਨ ਦੋ ਸਕੇ ਭਰਾ ਕਥਿਤ ਤੌਰ 'ਤੇ ਚਿੱਟੇ ਦੀ ਭੇਟ ਚੜ੍ਹ ਗਏ ਦੱਸੇ ਜਾਂਦੇ ਹਨ। ਬੀਤੇ ਦਿਨੀਂ '16 ਸਾਲਾ ਰਮਨਦੀਪ ਸਿੰਘ ਸਿਰਫ਼ ਇਸੇ ਨਸ਼ੇ ਕਾਰਨ ਇਸ ਫ਼ਾਨੀ ਜਹਾਨ ਨੂੰ ਅਲਵਿਦਾ ਆਖ ਗਿਆ'; ਜਦ ਕਿ ਉਸ ਦਾ ਭਰਾ ਵੀ ਕਥਿਤ ਤੌਰ 'ਤੇ ਇਸੇ ਨਸ਼ੇ ਕਾਰਨ ਅਕਾਲ ਚਲਾਣਾ ਕਰ ਗਿਆ ਸੀ।
ਕਸਬਾ ਖਨੌਰੀ ਕਿਉਂਕਿ ਹਰਿਆਣਾ ਦੀ ਸਰਹੱਦ ਨਾਲ ਲੱਗਦਾ ਹੈ, ਇਸੇ ਲਈ ਇੱਥੇ ਕਥਿਤ ਤੌਰ 'ਤੇ ਚਿੱਟਾ ਹੀ ਨਹੀਂ, ਸ਼ਰਾਬ ਤੇ ਹੋਰ ਬਹੁਤ ਸਾਰੇ ਨਸ਼ੇ ਹਰਿਆਣਾ ਤੋਂ ਸਮੱਗਲ ਹੋ ਕੇ ਆਉਂਦੇ ਦੱਸੇ ਜਾਂਦੇ ਹਨ।
ਰਮਨਦੀਪ ਸਿੰਘ ਦਾ ਪਰਿਵਾਰ ਮਿਹਨਤ–ਮਜ਼ਦੂਰੀ ਕਰ ਕੇ ਆਪਣਾ ਪਾਲਣ–ਪੋਸ਼ਣ ਕਰ ਰਿਹਾ ਹੈ ਪਰ ਥੋੜ੍ਹੇ ਹੀ ਸਮੇਂ ਅੰਦਰ ਘਰ ’ਚ ਦੋ ਜਵਾਨ ਮੌਤਾਂ ਨੇ ਇਸ ਪਰਿਵਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।
ਹੁਣ ਇਹ ਵੇਖਣਾ ਸਰਕਾਰ ਤੇ ਪ੍ਰਸ਼ਾਸਨ ਦਾ ਕੰਮ ਹੈ ਕਿ ਕੀ ਖਨੌਰੀ ਦੇ ਦੋਵੇਂ ਭਰਾਵਾਂ ਦੀ ਮੌਤ ਚਿੱਟੇ ਨਾਲ ਹੀ ਹੋਈ ਸੀ?