ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ’ਚ ਨਕਲੀ ਦੁੱਧ ਵਿਰੁੱਧ ਕਿਸਾਨਾਂ ਦਾ ਦੋ–ਦਿਨਾ ਰੋਸ ਮੁਜ਼ਾਹਰਾ ਸ਼ੁਰੂ

ਅੰਮ੍ਰਿਤਸਰ ’ਚ ਨਕਲੀ ਦੁੱਧ ਵਿਰੁੱਧ ਕਿਸਾਨਾਂ ਦਾ ਦੋ–ਦਿਨਾ ਰੋਸ ਮੁਜ਼ਾਹਰਾ ਸ਼ੁਰੂ

ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਅੱਜ ਸੈਂਕੜੇ ਕਿਸਾਨਾਂ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਸਾਹਮਣੇ ਆਪਣੇ ਦੋ–ਦਿਨਾ ਰੋਸ ਮੁਜ਼ਾਹਰੇ ਦੀ ਸ਼ੁਰੂਆਤ ਕੀਤੀ। ਕਿਸਾਨ ਪੰਜਾਬ ਵਿੱਚ ਨਕਲੀ ਦੁੱਧ ਦੀ ਵਿਕਰੀ ਉੱਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕਰ ਰਹੇ ਹਨ।

 

 

ਦੁੱਧ ਦੀ ਕੀਮਤ ਵਿੱਚ ਵਾਧਾ ਨਾ ਕੀਤੇ ਜਾਣ ਵਿਰੁੱਧ ਰੋਸ–ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਵਰਨ ਸਿੰਘ ਪੰਧੇਰ ਨੇ ਰੋਸ ਮੁਜ਼ਾਹਰਾਕਾਰੀ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਕਲੀ ਦੁੱਧ ਤੇ ਉਸ ਤੋਂ ਬਣੇ ਉਤਪਾਦਾਂ ਦੀ ਵਿਕਰੀ ਇਸ ਵੇਲੇ ਪੂਰੇ ਜ਼ੋਰਾਂ ਉੱਤੇ ਹੈ। ਇਸੇ ਕਾਰਨ ਕਿਸਾਨਾਂ ਨੂੰ ਅਸਲ ਦੁੱਧ ਦੀ ਵਧੀਆ ਕੀਮਤ ਨਹੀਂ ਮਿਲ ਰਹੀ।

 

 

ਉਨ੍ਹਾਂ ਕਿਹਾ ਕਿ ਮਾਰਕਫ਼ੈੱਡ ਦੀਆਂ ਨੀਤੀਆਂ ਵੀ ਵਧੀਆ ਨਹੀਂ ਹਨ; ਇਸੇ ਲਈ ਦੁੱਧ ਦੀ ਕੀਮਤ ਘੱਟ ਹੈ। ਦੁੱਧ ਵੇਚ ਕੇ ਕਿਸਾਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ; ਜਦ ਕਿ ਪਸ਼ੂਆਂ ਦੀ ਖ਼ੁਰਾਕ ਦਿਨ–ਬ–ਦਿਨ ਮਹਿੰਗੀ ਹੁੰਦੀ ਜਾ ਰਹੀ ਹੈ। ਦੁੱਧ ਦੀ ਕੀਮਤ ਵਧਾਉਣ ਲਈ ਸਰਕਾਰ ਨੂੰ ਜ਼ਰੂਰ ਹੀ ਮਾਰਕਫ਼ੈੱਡ ਨੂੰ ਸਬਸਿਡੀ ਦੇਣੀ ਚਾਹੀਦੀ ਹੈ। ਸਰਕਾਰ ਨੂੰ ਨਕਲੀ ਦੁੱਧ ਵੇਚਣ ਵਾਲਿਆਂ ਵਿਰੁੱਧ ਵੀ ਕਾਰਵਾਈ ਕਰਨੀ ਚਾਹੀਦੀ ਹੈ।

 

 

ਕਿਸਾਨ–ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਬੁਢਾਪਾ ਪੈਨਸ਼ਨ 2,000 ਰੁਪਏ ਦਿੱਤੀ ਜਾਇਆ ਕਰੇਗੀ ਤੇ ਕਾਮਿਆਂ ਨੂੰ ਸਾਲ ਦੇ 365 ਦਿਨ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਤੇ ਨਾਲ ਹੀ ਨਸ਼ਿਆਂ ਦਾ ਵੀ ਸੂਬੇ ਵਿੱਚੋਂ ਖ਼ਾਤਮਾ ਕਰ ਦਿੱਤਾ ਜਾਵੇਗਾ। ਪਰ ਦੋ ਸਾਲ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਸਰਕਾਰ ਨੇ ਆਪਣੇ ਚੋਣ–ਵਾਅਦੇ ਪੂਰੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਜੇ ਇੱਕ ਮਹੀਨੇ ਅੰਦਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ, ਤਾਂ ਰੋਸ ਮੁਜ਼ਾਹਰੇ ਹੋਰ ਵੀ ਤੀਖਣ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two day Farmers Protest begins in Asr against fake milk