ਹੁਸਿ਼ਆਰਪੁਰ-ਜਲੰਧਰ ਪਟੜੀ `ਤੇ ਸਿੰਗਰੀਵਾਲਾ ਨੇੜੇ ਇੱਕ ਮੁੰਡੇ ਤੇ ਕੁੜੀ ਦੀਆਂ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਦੀ ਸ਼ਨਾਖ਼ਤ ਕ੍ਰਿਸ਼ਨ ਕੁਮਾਰ (16) ਵਾਸੀ ਪੁਰਹੀਰਾਂ ਅਤੇ ਮਨਪ੍ਰੀਤ ਕੌਰ (15) ਕੀਰਤੀ ਨਗਰ ਵਜੋਂ ਹੋਈ ਹੈ। ਲਾਸ਼ਾਂ ਕੋਲ ਉਨ੍ਹਾਂ ਦੇ ਸਕੂਲੀ ਬਸਤੇ ਵੀ ਬਰਾਮਦ ਹੋਏ ਹਨ। ਮੁੰਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸ ਪੁਰਹੀਰਾਂ `ਚ ਪੜ੍ਹਦਾ ਸੀ ਤੇ ਕੁੜੀ ਵੀ ਉਸੇ ਸਕੂਲ `ਚ ਪੜ੍ਹਦੀ ਸੀ।
ਪੁਲਿਸ ਅਨੁਸਾਰ ਕਿਸੇ ਨੇ ਉਨ੍ਹਾਂ ਨੂੰ ਰੇਲ ਗੱਡੀ ਅੱਗੇ ਛਾਲ਼ ਮਾਰਦਿਆਂ ਨਹੀਂ ਤੱਕਿਆ ਕਿਉਂਕਿ ਉੱਥੇ ਝਾੜੀਆਂ ਉੱਗੀਆਂ ਹੋਈਆਂ ਹਨ ਤੇ ਨੇੜੇ-ਤੇੜੇ ਕੋਈ ਆਬਾਦੀ ਵੀ ਨਹੀਂ ਹੈ। ਇਸ ਲਈ ਹਾਲੇ ਇਸ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ ਕਿ ਉਨ੍ਹਾਂ ਨੇ ਖ਼ੁਦਕੁਸ਼ੀ ਕੀਤੀ ਹੈ ਜਾਂ ਨਹੀਂ। ਹਾਲੇ ਇਹ ਵੀ ਪਤਾ ਨਹੀਂ ਕਿ ਮੁੰਡਾ ਤੇ ਕੁੜੀ ਇਕੱਠੇ ਰੇਲ ਦੀ ਪਟੜੀ ਤੱਕ ਪੁੱਜੇ ਸਨ ਕਿ ਇਕੱਲੇ-ਇਕੱਲੇ ਉੱਥੇ ਆਏ ਸਨ।
ਦੋਵੇਂ ਲਾਸ਼ਾਂ ਨੂੰ ਪੋਸਟ-ਮਾਰਟਮ ਤੋਂ ਬਾਅਦ ਵਾਰਸਾਂ ਹਵਾਲੇ ਕਰ ਦਿੱਤਾ ਗਿਆ ਹੈ। ਦੋਵਾਂ ਦੇ ਪਰਿਵਾਰਾਂ ਨੇ ਇਹੋ ਦੱਸਿਆ ਕਿ ਉਹ ਦੋਵੇਂ ਰੋਜ਼ਾਨਾ ਵਾਂਗ ਅਲੱਗ-ਅਲੱਗ ਸਕੂਲ ਰਵਾਨਾ ਹੋਏ ਸਨ।