ਅਗਲੀ ਕਹਾਣੀ

‘ਪੰਜਾਬ ਪੁਲਿਸ ਦੇ ਦੋ ਥਾਣੇਦਾਰ ਕਰਦੇ ਰਹੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ,` ਮੁਅੱਤਲ

‘ਪੰਜਾਬ ਪੁਲਿਸ ਦੇ ਦੋ ਥਾਣੇਦਾਰ ਕਰਦੇ ਰਹੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ,` ਮੁਅੱਤਲ

-- ਐਤਵਾਰ ਤੜਕੇ ਛਾਪਿਆਂ ਦੌਰਾਨ ਭਾਰੀ ਮਾਤਰਾ `ਚ ਗ਼ੈਰ-ਕਾਨੂੰਨੀ ਸ਼ਰਾਬ ਬਰਾਮਦ

--  16 ਜਣਿਆਂ ਵਿਰੁੱਧ ਛੇ FIRs ਦਾਇਰ

 

ਪੰਜਾਬ ਪੁਲਿਸ ਦੇ ਉਨ੍ਹਾਂ ਦੋ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਨ੍ਹਾਂ `ਤੇ ਸਮਾਣਾ ਸਬ-ਡਿਵੀਜ਼ਨ `ਚ ਘੱਗਰ ਦਰਿਆ ਦੇ ਕੰਢਿਆਂ `ਤੇ ਸ਼ਰਾਬ ਦੀ ਗ਼ੈਰ-ਕਾਨੂੰਨੀ ਸਮੱਗਲਿੰਗ ਕਰਨ ਵਾਲਿਆਂ ਨਾਲ ਕਥਿਤ ਮਿਲੀਭੁਗਤ ਦੇ ਦੋਸ਼ ਹਨ। ਇਨ੍ਹਾਂ `ਚੋਂ ਇੱਕ ਸਮਾਣਾ ਪੁਲਿਸ ਥਾਣੇ ਦਾ ਐੱਸਐੱਚਓ ਨਾਰਾਇਣ ਸਿੰਘ ਅਤੇ ਦੂਜਾ ਮਾਵੀ ਕਲਾਂ ਪੁਲਿਸ ਥਾਣੇ ਦਾ ਇੰਚਾਰਜ ਛੱਜੂ ਸਿੰਘ ਹੈ।


ਜਿ਼ਲ੍ਹਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਵੱਲੋਂ ਭਾਰੀ ਮਾਤਰਾ `ਚ ਫੜੀ ਗਈ ਗ਼ੈਰ-ਕਾਨੂੰਨੀ ਸ਼ਰਾਬ ਤੋਂ ਬਾਅਦ ਇਨ੍ਹਾਂ ਦੋਵੇਂ ਪੁਲਿਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਹ ਸ਼ਰਾਬ ਸਮਾਣਾ ਸਬ-ਡਿਵੀਜ਼ਨ ਦੇ ਪਿੰਡ ਮਰੋੜੀ `ਚ ਕੱਢੀ ਜਾ ਰਹੀ ਸੀ।


ਪਿੰਡ ਮਰੋੜੀ ਸ਼ਰਾਬ ਦੇ ਗ਼ੈਰ-ਕਾਨੂੰਨੀ ਕਾਰੋਬਾਰ ਲਈ ਬਦਨਾਮ ਹੈ। ਇਹ ਪੰਜਾਬ ਤੇ ਹਰਿਆਣਾ ਦੀ ਸਰਹੱਦ `ਤੇ ਘੱਗਰ ਦਰਿਆ ਦੇ ਕੰਢਿਆਂ `ਤੇ ਸਥਿਤ ਹੈ।


ਐੱਸਐੱਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੂਹ ਮਿਲਣ `ਤੇ ਪੁਲਿਸ ਦੇ 50 ਜਵਾਨਾਂ ਨੇ ਪਿੰਡ ਮਰੋੜੀ ਤੇ ਘੱਗਰ ਦਰਿਆ ਦੇ ਕੰਢਿਆਂ `ਤੇ ਛਾਪੇ ਮਾਰ ਕੇ 50 ਲਿਟਰ ਗ਼ੈਰ-ਕਾਨੂੰਨੀ ਸ਼ਰਾਬ ਤੇ 5,000 ਲਿਟਰ ਲਾਹਣ ਬਰਾਮਦ ਕੀਤੀ ਸੀ। ਇਹ ਛਾਪੇ ਅੱਜ ਐਤਵਾਰ ਤੜਕੇ ਮਾਰੇ ਗਏ ਸਨ।


ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਆਬਕਾਰੀ ਕਾਨੂੰਨ ਅਧੀਨ 18 ਵਿਅਕਤੀਆਂ ਵਿਰੁੱਧ ਛੇ ਐੱਫ਼ਆਈਆਰਜ਼ (FIRs - First Information Reports) ਦਾਇਰ ਕੀਤੀਆਂ ਗਈਆਂ ਹਨ। ‘ਉਸ ਪਿੰਡ `ਚ ਤੇ ਲਾਗਲੇ ਇਲਾਕਿਆਂ `ਚ ਗ਼ੈਰ-ਕਾਨੂੰਨੀ ਸ਼ਰਾਬ ਦਾ ਕਾਰੋਬਾਰ ਇੰਨਾ ਜਿ਼ਆਦਾ ਵਧ ਚੁੱਕਾ ਹੈ ਕਿ ਉੱਥੇ ਮੁਲਜ਼ਮਾਂ ਨੇ ਆਪਣੇ ਘਰਾਂ `ਚ ਅਤੇ ਘੱਗਰ ਦਰਿਆ ਦੇ ਕੰਢਿਆਂ `ਤੇ ਨਾਜਾਇਜ਼ ਸ਼ਰਾਬ ਕੱਢਣ ਤੇ ਸਟੋਰ ਕਰ ਕੇ ਰੱਖਣ ਲਈ ਬੰਕਰ ਬਣਾਏ ਹੋਏ ਹਨ।`


ਅੱਜ ਛਾਪੇਮਾਰੀ ਵੇਲੇ ਮੁਲਜ਼ਮਾਂ ਨੇ ਘਟਨਾ ਸਥਾਨ ਤੋਂ ਨੱਸਣਾ ਚਾਹਿਆ। ਉਨ੍ਹਾਂ ਵੱਲੋਂ ਸ਼ਰਾਬ ਕੱਢਣ ਲਈ ਵਰਤੇ ਜਾਣ ਵਾਲੇ ਸਾਰੇ ਉਪਕਰਣ ਜ਼ਬਤ ਕਰ ਲਏ ਗਏ ਹਨ ਤੇ ਲਾਹਣ ਨੂੰ ਮੌਕੇ `ਤੇ ਹੀ ਨਸ਼ਟ ਕਰ ਦਿੱਤਾ ਗਿਆ।


ਐੱਸਐੱਸਪੀ ਸਿੱਧੂ ਹੁਰਾਂ ਦੱਸਿਆ ਕਿ ਜਾਂਚ ਦੌਰਾਨ ਇਹ ਇੰਕਸ਼ਾਫ਼ ਹੋਇਆ ਕਿ ਸਮਾਣਾ ਤੇ ਮਾਵੀ ਕਲਾਂ ਪੁਲਿਸ ਥਾਣਿਆਂ ਦੇ ਅਧਿਕਾਰੀ ਵੀ ਗ਼ੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਦੇ ਇਸ ਨਾਜਾਇਜ਼ ਕਾਰੋਬਾਰ `ਚ ਸ਼ਾਮਲ ਸਨ। ਦੋਵੇਂ ਅਧਿਕਾਰਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸਮਾਣਾ ਦੇ ਡੀਐੱਸਪੀ ਰਾਜਵਿੰਦਰ ਸਿੰਘ ਤੋਂ ਵੀ ਸਪੱਸ਼ਟੀਕਰਨ ਮੰਗਿਆ ਗਿਆ ਹੈ ਕਿ ਉਨ੍ਹਾਂ ਦੀ ਦੇਖਰੇਖ ਹੇਠ ਇੰਨਾ ਕੁਝ ਗ਼ਲਤ ਕਿਵੇਂ ਹੁੰਦਾ ਰਿਹਾ।


ਇੱਥੇ ਇਹ ਵੀ ਵਰਨਣਯੋਗ ਹੈ ਕਿ ਪਟਿਆਲਾ ਦੇ ਐੱਮਪੀ ਡਾ. ਧਰਮਵੀਰ ਗਾਂਧੀ ਨੇ ਸਾਲ 2014 ਦੌਰਾਨ ਕੇਂਦਰ ਦੀ ‘ਸੰਸਦ ਆਦਰਸ਼ ਗ੍ਰਾਮ ਯੋਜਨਾ` ਅਧੀਨ ਇਸੇ ਕਥਿਤ ਤੌਰ `ਤੇ ‘ਬਦਨਾਮ` ਪਿੰਡ ਮਰੋੜੀ ਨੂੰ ਅਪਣਾਇਆ ਸੀ।   

‘ਪੰਜਾਬ ਪੁਲਿਸ ਦੇ ਦੋ ਥਾਣੇਦਾਰ ਕਰਦੇ ਰਹੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ,` ਮੁਅੱਤਲ
 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ) ਕਰੋ

https://www.facebook.com/hindustantimespunjabi/

 

ਅਤੇ

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ

https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two Inspectors of Punjab Police suspended for illegal bootlegging